ਉਰਦੂ ਸਿੱਖਦਿਆਂ.......
ਕੁਲਵਿੰਦਰ ਸਿੰਘ ਮਲੋਟ
'ਮੁੱਹਬਤ ਕਰਨੀ ਹੈ ਤਾਂ ਉਰਦੂ ਸਿੱਖੋ, ਉਰਦੂ ਸਿੱਖਣੀ ਹੈ ਤਾਂ ਮੁੱਹਬਤ ਕਰੋ’ ਇਸ ਵਿਚਾਰ ਵਿੱਚ ਕਿੰਨੀ ਕੁ ਸਚਾਈ ਹੈ ਇਸਦਾ ਅਨੁਭਵ ਤਾਂ ਨਹੀਂ ਪਰ ਉੱਘੇ ਲੇਖਕ ਖੁਸ਼ਵੰਤ ਸਿੰਘ ਦਾ ਇਹ ਕਥਨ ਉਰਦੂ ਭਾਸ਼ਾ ਦੀ ਮਿਠਾਸ ਵੱਲ ਜ਼ਰੂਰ ਸੰਕੇਤ ਕਰਦਾ ਹੈ। ਛੋਟੇ ਹੁੰਦਿਆਂ ਕਦੇ ਕਦੇ ਮੈਨੂੰ ਦੁਕਾਨ ’ਤੇ ਬੈਠਣ ਦਾ ਮੌਕਾ ਮਿਲ ਜਾਂਦਾ ਸੀ। ਜਦੋਂ ਕਿਸੇ ਗਾਹਕ ਨੂੰ ਉਧਾਰ ਦੇਣ ਉਪਰੰਤ ਲਿਖਣ ਲਈ ਖਾਤਾ ਖੋਲ੍ਹਦਾ ਤਾਂ ਮੇਰੀ ਨਜ਼ਰ ਉਰਦੂ ਵਿੱਚ ਲਿਖੇ ਹਿਸਾਬ-ਕਿਤਾਬ ’ਤੇ ਜਾ ਪੈਂਦੀ ਜਿਸ ਨੂੰ ਭਾਪਾ ਜੀ ਨੇ ਲਿਖਿਆ ਹੁੰਦਾ ਸੀ। ਮੇਰੇ ਦਿਮਾਗ ਵਿੱਚ ਉਹਨਾਂ ਕੀਚ-ਮਕੌੜਿਆਂ ਜਿਹਿਆਂ ਨੂੰ ਜਾਨਣ ਦੀ ਲਾਲਸਾ ਪੈਦਾ ਹੁੰਦੀ। ਲਿਖੇ ਸ਼ਬਦਾਂ ਵਿੱਚੋਂ ਮੈਂ ਸਿਹਾਰੀਆਂ ਬਿਹਾਰੀਆਂ, ਲਾਵਾਂ ਦੁਲਾਵਾਂ ਤਲਾਸ਼ਣ ਦੀ ਕੋਸ਼ਿਸ਼ ਕਰਦਾ। ਫਿਰ ਜਦੋਂ ਸ਼ਹਿਰੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਤਿੰਨ ਸਾਲਾਂ ਬਾਅਦ ਪਿੰਡ ਪਰਤਿਆ ਤਾਂ ਉਰਦੂ ਸਿੱਖਣ ਦੀ ਇੱਛਾ ਹੋਰ ਪ੍ਰਬਲ ਹੋ ਗਈ। ਇਹ ਸਮਾਂ ਮੇਰੇ ਜੇਬੀਟੀ ਕਰਨ ਦਾ ਸੀ। ਆਪਣੇ ਲਿਖੇ ਵਿਚਾਰਾਂ ਨੂੰ ਛੁਪਾ ਕੇ ਰੱਖਣ ਲਈ ਵੀ ਮੈਨੂੰ ਉਰਦੂ ਸਿੱਖਣ ਦੀ ਲੋੜ ਭਾਸਦੀ। ਇਹ ਇੱਛਾ ਮੇਰੀ ਯੂਨੀਅਨ ਵਿੱਚ ਕੰਮ ਕਰਦਿਆਂ ਬਹੁਤ ਰਾਸ ਆਈ। ਅਕਸਰ ਹੀ ਸਟੇਜ ’ਤੇ ਬੋਲਣ ਲਈ ਮੇਰੇ ਕੋਲੋਂ ਅਗੇਤੀ ਤਿਆਰੀ ਕਦੇ ਵੀ ਨਹੀਂ ਸੀ ਹੋਈ। ਆਪਣੀ ਵਾਰੀ ਆਉਣ ਤਕ ਜੋ ਵਿਚਾਰ ਮਨ ਵਿੱਚ ਆਉਂਦੇ ਜਾਂ ਜੋ ਬੁਲਾਰੇ ਬੋਲ ਕੇ ਗਏ ਹੁੰਦੇ ਉਹਨਾਂ ’ਤੇ ਕਰਨ ਯੋਗ ਟਿੱਪਣੀਆਂ ਨੂੰ ਸੰਖੇਪ ਸ਼ਬਦਾਂ ਵਿੱਚ ਮੈਂ ਉਰਦੂ ਵਿਚ ਲਿਖ ਲੈਂਦਾ। ਮੇਰੇ ਨਾਲ ਦੇ ਹੋਰ ਸਾਥੀ ਜਦੋਂ ਮੇਰੇ ਕਾਗਜ਼ ਵੱਲ ਦੇਖਦੇ ਤਾਂ ਉਹਨਾਂ ਦੇ ਕੁੱਝ ਪੱਲੇ ਨਾ ਪੈਂਦਾ ਕਿ ਮੈਂ ਬੋਲਣ ਲਈ ਕਿਹੜੇ ਨੁਕਤੇ ਤਿਆਰ ਕੀਤੇ ਹਨ।
ਇੱਕ ਸਮਾਂ ਅਜਿਹਾ ਵੀ ਆਇਆ ਕਿ ਇਹ ਭਾਸ਼ਾ ਸਿੱਖਣ ਤੋਂ ਕਿਨਾਰਾ ਕਰਨ ਦਾ ਮਨ ਬਣਿਆ ਪਰ ਉਰਦੂ ਪ੍ਰਤੀ ਬੇਪਨਾਹ ਮੁਹੱਬਤ ਨੇ ਮੈਨੂੰ ਅਜਿਹਾ ਨਾ ਕਰਨ ਦਿੱਤਾ। ਘਰ ਵਿੱਚ ਪਏ ਉਰਦੂ ਦੇ ਕਾਇਦੇ ਤੋਂ ਮੈਂ ਅਲਫ ਬੇ ਪੇ.. ਸਿਖਣੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਉਰਦੂ ਅਖਬਾਰ ਪੜ੍ਹਨ ਦੀ ਕੋਸ਼ਿਸ਼ ਕਰਦਾ ਤਾਂ ਕਾਮਯਾਬ ਨਾ ਹੁੰਦਾ ਇਸ ਲਈ ਮੈਂ ਭਾਪਾ ਜੀ ਦੀ ਮਦਦ ਲੈਂਦਾ ਅਤੇ ਉਹ ਤੁਰੰਤ ਪੜ੍ਹ ਕੇ ਸੁਣਾ ਦਿੰਦੇ। ਮੇਰੀ ਮੁਸ਼ਕਲ ਦਾ ਕਾਰਨ ਇਹ ਸੀ ਕਿ ਉਰਦੂ ਇੱਕ ਸਕਸ਼ਤਾ ਲੇਖਣੀ ਵਿੱਚ ਲਿਖੀ ਜਾਣ ਵਾਲੀ ਭਾਸ਼ਾ ਹੈ ਜੇਕਰ ਅੰਗ੍ਰੇਜ਼ੀ ਵਿੱਚ ਕਹਿਣਾ ਹੋਵੇ ਤਾਂ ਇਹ ‘ਕਰਸਿਵ ਰਾਈਟਿੰਗ’ ਵਿਚ ਲਿਖੀ ਜਾਂਦੀ ਹੈ। ਇਸ ਤੋਂ ਵੀ ਅੱਗੇ ਲਿਖਣ ਸਮੇਂ ਲਫ਼ਜ਼ ਦੇ ਅਨੁਕੂਲ ਅੱਖਰ ‘ਸ਼ਾਰਟ-ਕੱਟ’ ਕਰ ਕੇ ਲਿਖੇ ਜਾਂਦੇ ਹਨ। ਇਉਂ ਹੋਰਨਾਂ ਭਾਸ਼ਾਵਾਂ ਦੇ ਮੁਕਾਬਲਤਨ ਇਹ ਤੇਜ਼ੀ ਨਾਲ ਲਿਖੀ ਜਾਂਦੀ ਹੈ। ਇਸ ਭਾਸ਼ਾ ਦੇ ਬਹੁਤ ਸਾਰੇ ਅੱਖਰ ਸ਼ਬਦਾਂ ਦੇ ਅਨੁਕੂਲ ਆਪਣੇ ਬਣਤਰ ਵਿੱਚ ਲਚਕੀਲੀ ਤਬਦੀਲੀ ਕਰਦੇ ਰਹਿੰਦੇ ਹਨ। ਮੈਨੂੰ ਮਹਿਸੂਸ ਹੋਇਆ ਕਿ ਉਰਦੂ ਨੂੰ ਪੜ੍ਹਨ ਸਮੇਂ ਆ ਰਹੀ ਮੁਸ਼ਕਲ ਦਾ ਕਾਰਨ ਉਰਦੂ ਅਲਫਾਜ਼ ਦੇ ਅਰਥਾਂ ਤੋਂ ਅਗਿਆਨਤਾ ਵੀ ਹੈ। ਮੈਂ ਜੇਬੀਟੀ ਕਰਦਿਆਂ ਇੱਕ ਲੰਮੀ ਉਰਦੂ ਅਲਫਾਜ਼ ਦੀ ਫਹਿਰਿਸਤ ਤਿਆਰ ਕਰਕੇ ਆਪਣੇ ਉਸਤਾਦ ਜੋਰਾ ਸਿੰਘ ਸੰਧੂ ਕੋਲ ਲੈ ਜਾਂਦਾ ਤੇ ਉਹਨਾਂ ਤੋਂ ਅਰਥ ਪਤਾ ਕਰਦਾ। ਫਿਰ ਮੈਂ ਉਰਦੂ ਦਾ ਮੈਗਜ਼ੀਨ ‘ਬੀਸਵੀਂ ਸਦੀ’ ਪੜ੍ਹਨਾ ਸ਼ੁਰੂ ਕੀਤਾ। ਉਸ ਵਿੱਚ ਉਸ ਸਮੇਂ ਫਿਕਰ ਤੌਸਵੀਂ ਦਾ ‘ਮੇਰੀ ਬੀਵੀ’ ਲਗਾਤਾਰ ਛਪ ਰਿਹਾ ਸੀ ਜਿਸ ਨੂੰ ਪੜ੍ਹਨ ਲਈ ਰੁਚੀ ਬਣੀ ਰਹਿੰਦੀ। ਇਸ ਦੇ ਨਾਲ ਇੱਕੋ ਵਿਸ਼ੇ ’ਤੇ ਬਹੁਤ ਸਾਰੀ ਸ਼ੇਅਰੋ-ਸ਼ਾਇਰੀ ਲਿਖੀ ਮਿਲ ਜਾਂਦੀ ਜੋ ਮੁਹੱਬਤੀ-ਪੈਗਾਮ ਲਈ ਲਾਹੇਵੰਦ ਸਾਬਤ ਹੁੰਦੀ।
ਜੈਪੁਰ ਲਿਟਰੇਚਰ ਫੈਸਟੀਵਲ ਵਿੱਚ ਉੱਘੇ ਗੀਤਕਾਰ ਜਾਵੇਦ ਅਖਤਰ ਉਰਦੂ ਬਾਰੇ ਦੱਸ ਰਹੇ ਸਨ ਕਿ ਆਜ਼ਾਦੀ ਤੋਂ ਪਹਿਲਾਂ ‘ਹਿੰਦੋਸਤਾਨੀ’ ਜ਼ੁਬਾਂ ਸੀ ਜੋ ਬਹੁਤ ਵੱਡੇ ਖਿੱਤੇ ਵਿੱਚ ਬੋਲੀ ਜਾਂਦੀ ਸੀ। ਹਰ ਕੋਈ ਆਸਾਨੀ ਨਾਲ ਇਸ ਨੂੰ ਸਮਝ ਲੈਂਦਾ ਸੀ। ਉਰਦੂ ਤੇ ਹਿੰਦੀ ਦੀ ਬੋਲਚਾਲ ਵਿੱਚ ਬਹੁਤਾ ਅੰਤਰ ਨਹੀਂ ਸੀ ਪਰ ਅਜੋਕੀ ਹਿੰਦੀ ਵਿਚ ਸੰਸਕ੍ਰਿਤ ਦੇ ਪ੍ਰਭਾਵ ਕਾਰਨ ਅਤੇ ਉਰਦੂ ’ਤੇ ਫਾਰਸੀ ਸ਼ਬਦਾਵਲੀ ਦੀ ਵਰਤੋਂ ਦੇ ਰੁਝਾਨ ਕਾਰਨ ਦੋਵਾਂ ਜ਼ੁਬਾਨਾਂ ਵਿੱਚ ਪਾੜਾ ਵਧਦਾ ਜਾ ਰਿਹਾ ਹੈ। ਉਹਨਾਂ ਨੇ ਜਿਹੜੇ ਉਰਦੂ ਸ਼ੇਅਰ ਸੁਣਾਏ ਉਹ ਹਿੰਦੀ ਦੇ ਹੀ ਲੱਗ ਰਹੇ ਸਨ। ਪੰਜਾਬੀ ਵਿੱਚ ਉਰਦੂ ਦੇ ਬਹੁਤ ਸਾਰੇ ਸ਼ਬਦ ਰਚ-ਮਿਚ ਗਏ ਹਨ ਜਿਸ ਨਾਲ ਪੰਜਾਬੀ ਦਾ ਖਜ਼ਾਨਾ ਹੋਰ ਭਰਪੂਰ ਹੋਇਆ ਹੈ। ਆਪਣੀ ਮਾਂ-ਬੋਲੀ ਤੋਂ ਇਲਾਵਾ ਹੋਰ ਭਾਸ਼ਾਵਾਂ ਨਾਲ ਸਾਂਝ ਪਾਉਣੀ ਮਨੁੱਖਤਾ ਨਾਲ ਇੱਕਸੁਰ ਹੋਣ ਦਾ ਪ੍ਰਮਾਣ ਹੈ। ਮੁਹੱਬਤ ਕਰਨ ਤੇ ਉਰਦੂ ਸਿੱਖਣ ਵਾਲਿਆਂ ਲਈ ਸੁਦਰਸ਼ਨ ਫਾਕਿਰ ਦੀ ਗ਼ਜ਼ਲ ਦੇ ਸ਼ੇਅਰ ਹਾਜ਼ਰ ਨੇ-
‘ਇਸ਼ਕ ਮੇਂ ਗੈਰਤ-ਏ-ਜਜ਼ਬਾਤ ਨੇ ਰੋਨੇ ਨਾ ਦੀਆ,
ਵਰਨਾ ਕਿਆ ਬਾਤ ਥੀ ਕਿਸ ਬਾਤ ਨੇ ਰੋਨੇ ਨਾ ਦੀਆ।
ਆਪ ਕਹਿਤੋ ਹੋ ਕਿ ਰੋਨੇ ਸੇ ਨਾ ਬਦਲੇਂਗੇ ਨਸੀਬ,
ਉਮਰ ਭਰ ਆਪਕੀ ਇਸ ਬਾਤ ਨੇ ਰੋਨੇ ਨਾ ਦੀਆ।
ਸੰਪਰਕ: ਵੱਟਸਐਪ ਨੰ. 9876064576