ਰਿਸ਼ਤੇ
ਬੂਟਾ ਖ਼ਾਨ ਸੁੱਖੀ
ਜਿਉਣੇ ਨੇ ਆਪਣੇ ਸੀਰੀ ਫੱਗੂ ਨੂੰ ਆਵਾਜ਼ ਮਾਰੀ, ‘‘ਓਏ ਫੱਗੂ! ਚੱਲ ਖੇਤ ਚੱਲੀਏ। ਛੇਤੀ ਨਬੇੜ ਮੱਝਾਂ ਵਾਲਾ ਕੰਮ।’’ ‘‘ਚੱਲਦੇ ਆਂ ਸਰਦਾਰ ਜੀ,’’ ਫੱਗੂ ਨੇ ਦੱਬੀ ਜਿਹੀ ਆਵਾਜ਼ ’ਚ ਉੱਤਰ ਦਿੱਤਾ। ਜਿਉਣੇ ਨੇ ਮੋਟਰਸਾਈਕਲ ਸਟਾਰਟ ਕੀਤਾ। ਫੱਗੂ ਸਾਫਾ ਠੀਕ ਕਰਦਾ ਮੋਟਰਸਾਈਕਲ ’ਤੇ ਪਿੱਛੇ ਬੈਠ ਗਿਆ। ਮੋਟਰਸਾਈਕਲ ਪਿੰਡ ਦੀ ਫਿਰਨੀ ਲੰਘਦਾ ਸਿੱਧਾ ਮੋਟਰ ਵਾਲੇ ਕੋਠੇ ਕੋਲ ਰੁਕਿਆ। ਜਿਉਣੇ ਨੇ ਸਟੈਂਡ ਲਗਾਇਆ ਅਤੇ ਗੀਝੇ ’ਚੋਂ ਸੀਖਾਂ ਵਾਲੀ ਡੱਬੀ ਕੱਢ ਫੱਗੂ ਵੱਲ ਵਧਾ ਦਿੱਤੀ। ‘‘ਓਏ ਫੱਗੂ, ਆਪਣੇ ਖੇਤਾਂ ’ਚ ਬਚਦੇ ਨਾੜ ਨੂੰ ਅੱਗ ਲਗਾ ਦੇ।’’ ‘‘ਸਰਦਾਰ ਜੀ, ਇਹਨੂੰ ਅੱਗ ਦੀ ਕੀ ਲੋੜ ਏ। ਇਹ ਤਾਂ ਵਿੱਚੇ ਵਾਹ ਦਿਆਂਗੇ।’’ ‘‘ਤੈਨੂੰ ਕੀ ਪਤਾ ਅਨਪੜ੍ਹ ਨੂੰ ਕਿੰਨਾ ਖਰਚਾ ਵਧ ਜਾਵੇਗਾ! ਲੈ ਫੜ ਡੱਬੀ ਲਾ ਦੇ ਅੱਗ। ਮੈਂ ਦੂਜੀ ਮੋਟਰ ’ਤੇ ਆਟੋਮੈਟਿਕ ਦੀ ਸਵਿੱਚ ਲਾ ਆਵਾਂ, ਰਾਤ ਨੂੰ ਬੱਤੀ ਆਵੇਗੀ ਤੇ ਮੋਟਰ ਚੱਲ ਪਵੇਗੀ।’’ ‘‘ਨਾ ਸਰਦਾਰ ਜੀ, ਮੈਥੋਂ ਨੀ ਇਹ ਕੰਮ ਹੋਣਾ,’’ ਫੱਗੂ ਨੇ ਨਾਂਹ ’ਚ ਸਿਰ ਹਿਲਾ ਦਿੱਤਾ, ‘‘ਝੋਨੇ ਵੇਲੇ ਕਿੰਨਾ ਨੁਕਸਾਨ ਹੋ ਗਿਆ ਸੀ, ਸੜਕ ਨਾਲ ਖੜ੍ਹੇ ਸਾਰੇ ਦਰੱਖ਼ਤ ਮੱਚਗੇ ਸੀ ਤੇ ਉਪਰ ਰਹਿੰਦੇ ਪੰਛੀਆਂ ਦੇ ਬੱਚੇ ਤੇ ਖੇਤ ’ਚ ਆਂਡਿਆਂ ’ਤੇ ਬੈਠੀ ਟਟੀਹਰੀ ਮੇਰੀਆਂ ਅੱਖਾਂ ਸਾਹਮਣੇ ਝੁਲਸ ਗਏ ਸੀ। ਮੈਂ ਕੁਝ ਨੀ ਕਰ ਸਕਿਆ...। ਮੈਥੋਂ ਇਹ ਪਾਪ ਨਾ ਕਰਾਓ।’’ ‘‘ਕੁਝ ਨੀ ਹੁੰਦਾ ਫੱਗੂ, ਆਹ ਵੇਖ ਓਹੀ ਦਰੱਖ਼ਤ ਨੇ। ਇਕ ਦੋ ਨੂੰ ਛੱਡ ਕੇ ਬਾਕੀ ਸਾਰੇ ਹਰੇ ਖੜ੍ਹੇ ਨੇ।’’ ‘‘...ਸਰਦਾਰ ਜੀ, ਹੁਣ ਨੂੰ ਇਨ੍ਹਾਂ ਸਾਰਿਆਂ ਨੇ ਕਾਫ਼ੀ ਵੱਡੇ ਹੋ ਜਾਣਾ ਸੀ। ਇਹ ਹੀ ਅੰਤ ਸਮੇਂ ਤੱਕ ਸਾਥ ਨਿਭਾਉਂਦੇ ਨੇ। ਬਾਕੀ ਸਾਰੇ ਰਿਸ਼ਤੇ ਛੱਡ ਦਿੰਦੇ ਨੇ। ਇਹ ਹੀ ਨਾਲ ਮੱਚਦੇ ਨੇ... ਵੇਖਿਓ ਕਿਤੇ ਇਕ ਦੋ ਕਰਦੇ ਇਹ ਵੀ ਸਾਥ ਨਾ ਛੱਡ ਜਾਣ।’’ ਇਹ ਸੁਣ ਮੱਥੇ ਵੱਟ ਪਾ ਕੇ ਜਿਉਣੇ ਨੇ ਮੋਟਰਸਾਈਕਲ ਸਟਾਰਟ ਕੀਤਾ। ਫੱਗੂ ਨੂੰ ਗੁੱਸੇ ਨਾਲ ਕਿਹਾ, ‘‘ਆ ਬੈਠ।’’ ਹੁਣ ਫੱਗੂ ਮੋਟਰਸਾਈਕਲ ’ਤੇ ਮਗਰ ਬੈਠਾ ਪਿੰਡ ਵਾਲੀ ਫਿਰਨੀ ’ਤੇ ਜਾ ਰਿਹਾ ਸੀ। ਦਰੱਖਤਾਂ ਦੇ ਹਵਾ ਨਾਲ ਖੜਕਦੇ ਪੱਤੇ ਉਸ ਨੂੰ ਤਾੜੀਆਂ ਪਾਉਂਦੇ ਜਾਪਦੇ ਸਨ।
ਸੰਪਰਕ: 98789-98577