For the best experience, open
https://m.punjabitribuneonline.com
on your mobile browser.
Advertisement

ਰੀਝ

11:57 AM May 26, 2024 IST
ਰੀਝ
Advertisement

ਜਨਮੇਜਾ ਸਿੰਘ ਜੌਹਲ

ਸ਼ਮੀਰੋ ਹਾਲੇ ਇੱਕੀ ਸਾਲ ਦੀ ਸੀ। ਗਾਉਣ
ਨੱਚਣ ਦੀ ਉਮਰ ਵਿਚ ਮਨ ਬਹੁਤ ਚੰਚਲ ਹੋ ਜਾਂਦਾ
ਹੈ। ਸ਼ਮੀਰੋ ਦਾ ਮਨ ਵੀ ਕਰਦਾ ਸੀ ਕਿ ਕੋਈ
ਉਸਦਾ ਨਾਚ ਵੇਖੇ ਤੇ ਉਸਦੇ ਲੰਮੀ ਹੇਕ ਵਾਲੇ ਗੀਤ ਸੁਣੇ। ਪਰ ਇਸ ਸਮਾਜ ’ਚ ਸਾਊ ਭੇਖ ਵਾਲੇ ਸੜਕ ਛਾਪ ਭੰਵਰਿਆਂ ਨੂੰ ਉਹ ਪਛਾਣਨ ਲੱਗ ਪਈ ਸੀ। ਉਹਨੂੰ ਪਤਾ ਲੱਗ ਚੁੱਕਾ ਸੀ ਕਿ ਇਨ੍ਹਾਂ ਦੇ ਝੂਠ ਕਿਵੇਂ ਫੜਨੇ ਹਨ। ਉਸਨੂੰ ਇਹ ਗੱਲ ਵੀ ਭਲੀ-ਭਾਂਤ ਪਤਾ ਸੀ ਕਿ ਮਾਂ ਬਾਪ ਦੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦੇਣਾ। ਸ਼ਮੀਰੋ ਹਰ ਕਦਮ ਸੋਚ ਸਮਝ ਕੇ ਪੁੱਟਦੀ। ਬਹੁਤ ਵਾਰੀ ਜਵਾਨੀ ਦੇ ਜੋਸ਼ ਨੂੰ ਦੱਬ ਲੈਂਦੀ ਤੇ ਕਈ ਵਾਰੀ ਅੱਖਾਂ ਵੀ ਪੂੰਝ ਲੈਂਦੀ। ਕਾਲਜ ਦੀਆਂ ਸਟੇਜਾਂ ਉੱਤੇ ਉਸਦਾ ਡੰਕਾ ਵੱਜਣ ਲੱਗ ਪਿਆ ਸੀ। ਹਰ ਕੋਈ ਉਸਦੀ ਸਿਫ਼ਤ ਕਰਦਾ ਸੀ। ਉਸ ਵੇਲੇ ਦਾ ਇਕ ਮਸ਼ਹੂਰ ਗਾਇਕ ਇਕ ਵਧੀਆ ਨੱਚ ਲੈਣ ਵਾਲੀ ਕਲਾਕਾਰ ਦੀ ਭਾਲ ਕਰ ਰਿਹਾ ਸੀ। ਗੱਲਾਂ ਗੱਲਾਂ ਵਿਚ ਸ਼ਮੀਰੋ ਦਾ ਜ਼ਿਕਰ ਹੋ ਗਿਆ, ਕੁਦਰਤੀ ਝੋਲੇ ਵਿਚੋਂ ਇਕ ਫੋਟੋ ਵੀ ਨਿਕਲ ਆਈ। ਬਸ ਫੇਰ ਕੀ ਸੀ, ਗਾਇਕ ਤਾਂ ਖਹਿੜੇ ਹੀ ਪੈ ਗਿਆ। ਉਦੋਂ ਫੋਨ ਤਾਂ ਸਿਰਫ਼ ਚੋਂਗੇ ਵਾਲੇ ਹੀ ਹੁੰਦੇ ਸਨ। ਘਰ ਆ ਕੇ ਗੱਲਬਾਤ ਕੀਤੀ ਤੇ ਟੀਵੀ ਪ੍ਰੋਗਰਾਮ ਦਾ ਦਿਨ ਮੁਕੱਰਰ ਹੋ ਗਿਆ। ਜਿਸ ਦਿਨ ਸ਼ਮੀਰੋ ਨੇ ਬੱਸ ਫੜਨੀ ਸੀ ਅੱਡੇ ਤਕ ਨਾਲ ਜਾਣਾ ਪਿਆ। ਅਲਵਿਦਾ ਕਹਿਣ ਤੋਂ ਪਹਿਲਾਂ ਸ਼ਮੀਰੋ ਨੇ ਮਲਕੜੇ ਜਿਹੇ ਆਲੇ-ਦੁਆਲੇ ਵੇਖ, ਕਾਹਲੀ ਜਿਹੀ ਵਿਚ ਤਿੰਨ ਕੁ ਸਕਿੰਟਾਂ ਦੀ ਗੱਲਵਕੜੀ ਪਾ ਦਿੱਤੀ। ਹੱਕਾ ਬੱਕਾ ਰਹਿ ਜਾਣਾ ਸੁਭਾਵਿਕ ਹੀ ਸੀ।
- ਹੈਲੋ, ਸ਼ਮੀਰੋ ਬੋਲਦੀ ਐਂ
- ਹਾਏ ਮੈਂ ਮਰਜਾਂ, ਤੁਸੀਂ ਕਿੱਥੇ?
- ਐਥੇ ਹੀ ਅਮਰੀਕਾ ਆਇਆ ਸੀ, ਸੋਚਿਆ ਤੈਨੂੰ ਲੱਭ ਕੇ ਦੇਖਦਾਂ।
- ਚੱਲ ਦੱਸ ਕਿੱਥੇ ਹੈਂ। ਤੈਨੂੰ ਲੈਣ ਆਵਾਂ।
- ਨਹੀਂ, ਤੂੰ ਬਸ ਮਿਲਣ ਆ ਜਾ, ਤੜਕੇ ਤੱਕ ਹੀ
ਇੱਥੇ ਹਾਂ।
- ਸਿਰਨਾਵਾਂ ਭੇਜ।
ਇਕ ਘੰਟੇ ਦੇ ਵਿਚ ਵਿਚ ਸ਼ਮੀਰੋ ਦੱਸੇ ਸਿਰਨਾਵੇਂ
’ਤੇ ਆ ਗਈ। ਉਹੀ ਵੀਹ ਸਾਲ ਪੁਰਾਣਾ ਰੰਗ ਰੂਪ
ਤੇ ਅੱਖ ਦੀ ਮੜਕ। ਮਿਲਣ ਲਈ ਅੱਗੇ ਵਧੀ ਪਰ
ਰੁਕ ਗਈ ਤੇ ਬੋਲੀ, - ਆਹ ਮੇਰੇ ਦੋ ਪੁੱਤਰ ਨੇ।
ਉਸ ਨੇ ਨਾਮ ਤੇ ਉਮਰ ਵੀ ਦੱਸੀ, ਪਰ ਕੌਣ ਯਾਦ ਰੱਖਦਾ।
- ਕੀ ਕੰਮ ਕਰਦੀ ਏਂ?
- ਬਸ ਉਹੀ ਸਟੋਰਾਂ ’ਤੇ, ਜੋ ਬਾਕੀ ਸਾਰੇ ਕਰਦੇ ਨੇ।
- ਗਿੱਧੇ ਦੀਆਂ ਕਲਾਸਾਂ ਨੀ ਲਾਉਂਦੀ?
- ਕਿੱਥੇ!
ਇਕ ਹਾਉਕਾ ਜਿਹਾ ਭਰ ਕੇ ਬੋਲੀ,
- ਘਰ ਵਾਲਾ ਟੈਕਸੀ ਚਲਾਉਂਦਾ, ਉਹ ਕਹਿੰਦਾ
ਆਪਾਂ ਨੀ ਇਹ ਕੁੱਤੇ ਕੰਮ ਕਰਨੇ। ਚੁੱਪ ਕਰਕੇ ਬੱਚੇ
ਪਾਲ ਤੇ ਸਟੋਰ ’ਤੇ ਕੰਮ ਕਰ। ਕਲਾਕਾਰ ਦੀ ਮੌਤ ਇੰਝ ਵੀ ਹੋ ਸਕਦੀ ਹੈ ਇਕ ਅਸਹਿ ਅਹਿਸਾਸ ਸੀ। ਕਾਫ਼ੀ ਦੇਰ ਚੁੱਪ ਪੱਸਰੀ ਰਹੀ, ਸ਼ਾਇਦ ਚਾਰੇ ਅੱਖਾਂ ਨਮ ਹੋ ਗਈਆਂ ਸਨ। - ਚੰਗਾ ਹੁਣ ਮੈਂ ਚੱਲਦੀ ਹਾਂ। ਕਹਿ ਕੇ ਉਹ ਉੱਠ ਖੜ੍ਹੀ। ਉਸ ਨੇ ਬੱਸ ਅੱਡੇ ਵਾਲੀ ਨਜ਼ਰ ਨਾਲ ਆਲੇ-ਦੁਆਲੇ ਵੇਖਿਆ ਤੇ ਫੇਰ ਅੱਗੇ ਨੂੰ ਉੱਠਿਆ ਕਦਮ ਪਿੱਛੇ ਨੂੰ ਮੋੜ ਲਿਆ। ਸ਼ਾਇਦ ਉਸ ਨੂੰ ਦੋ ਜਸੂਸ ਦਿਸ ਪਏ ਸਨ ਤੇ ਉਹ ਵੀਹ ਸਾਲ ਪੁਰਾਣੀ ਰੀਝ ਨਾਲ ਲੈ ਕੇ ਕਾਰ ਵਿਚ ਬੈਠ ਗਈ।

Advertisement

ਬਚਪਨ

ਮੇਰੇ ਭਤੀਜੇ ਦਾ ਜਨਮਦਿਨ ਸੀ। ਘਰ ਵਿੱਚ ਖ਼ੁਸ਼ੀ ਦਾ ਮਾਹੌਲ। ਬਾਹਰ ਸਾਡੀ ਕੰਮ ਵਾਲੀ ਦਾ ਛੋਟਾ ਜਿਹਾ ਬੇਟਾ ਭਾਂਡੇ ਮਾਂਜਦਿਆਂ ਰੋਂਦਾ ਰੋਂਦਾ ਮਾਂ ਨੂੰ ਕਹਿ ਰਿਹਾ ਸੀ- ਮੈਨੂੰ ਵੀ ਕੇਕ ਦਿਵਾਓ, ਮੈਂ ਵੀ ਜਨਮਦਿਨ ਮਨਾਉਣਾ ਹੈ। ਮਾਂ ਬੇਵੱਸ। ਮੈਂ ਸੋਚ ਰਿਹਾ ਸਾਂ, ਜਨਮਦਿਨ ਕੀਹਦਾ ਮਨਾਵਾਂ?
ਸੰਪਰਕ: 94160-47075
- ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ

Advertisement
Author Image

sukhwinder singh

View all posts

Advertisement
Advertisement
×