ਡੇਂਗੂ ਦੀ ਰੋਕਥਾਮ ਲਈ ਨਿਯਮਤ ਤੌਰ ’ਤੇ ਫੌਗਿੰਗ ਕਰਾਉਣ ਦੇ ਹੁਕਮ
ਪੱਤਰ ਪ੍ਰੇਰਕ
ਰਤੀਆ, 10 ਨਵੰਬਰ
ਉਪ ਮੰਡਲ ਮੈਜਿਸਟਰੇਟ ਜਗਦੀਸ਼ ਚੰਦਰ ਨੇ ਆਪਣੇ ਦਫ਼ਤਰ ਵਿੱਚ ਮਲੇਰੀਆ ਅਤੇ ਡੇਂਗੂ ਕੰਟਰੋਲ ਅਤੇ ਰੋਕਥਾਮ ਸਬੰਧੀ ਨਗਰ ਨਿਗਮ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਤੋਂ ਡੇਂਗੂ ਦੀ ਰੋਕਥਾਮ ਲਈ ਸ਼ਹਿਰ ਵਿੱਚ ਹੁਣ ਤੱਕ ਕੀਤੇ ਗਏ ਕੰਮਾਂ ਦੀ ਜਾਣਕਾਰੀ ਲਈ। ਉਨ੍ਹਾਂ ਨਗਰ ਨਿਗਮ ਪ੍ਰਸ਼ਾਸਨ ਨੂੰ ਨਿਯਮਤ ਤੌਰ ’ਤੇ ਫੌਗਿੰਗ ਕਰਨ ਦੀ ਹਦਾਇਤ ਵੀ ਕੀਤੀ। ਮੀਟਿੰਗ ਵਿੱਚ ਐੱਸਡੀਐੱਮ ਜਗਦੀਸ਼ ਚੰਦਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਨਗਰ ਪਾਲਿਕਾ ਨੂੰ ਘਰ-ਘਰ ਜਾ ਕੇ ਸਰਵੇਖਣ ਕਰਨ ਅਤੇ ਜਿੱਥੇ ਮੱਛਰਾਂ ਦਾ ਲਾਰਵਾ ਮਿਲੇ, ਉਨ੍ਹਾਂ ਥਾਵਾਂ ਦੀ ਨਿਯਮਤ ਤੌਰ ’ਤੇ ਸੈਨੀਟਾਈਜ਼ ਕਰਨ ਅਤੇ ਫੌਗਿੰਗ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਉਹ ਹਰ ਵਾਰਡ ਵਿੱਚ ਜਾ ਕੇ ਲੋਕਾਂ ਨੂੰ ਸਾਵਧਾਨੀਆਂ ਵਰਤਣ, ਖੜ੍ਹੇ ਪਾਣੀ ਨੂੰ ਸਾਫ਼ ਕਰਨ ਅਤੇ ਹੋਰਨਾਂ ਨੂੰ ਜਾਗਰੂਕ ਕਰਨ ਲਈ ਕਿਹਾ ਜਾਵੇ। ਮੀਟਿੰਗ ਵਿੱਚ ਇਸ ਗੱਲ ’ਤੇ ਚਰਚਾ ਕੀਤੀ ਗਈ ਕਿ ਮਰੀਜ਼ ਡੇਂਗੂ ਅਤੇ ਮੌਸਮੀ ਬਿਮਾਰੀਆਂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਧ ਰਹੇ ਡੇਂਗੂ ਨੂੰ ਰੋਕਣ ਲਈ ਲਗਾਤਾਰ ਫੌਗਿੰਗ ਕਰਵਾਈ ਜਾਵੇਗੀ। ਐੱਸਡੀਐੱਮ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਪਾਣੀ ਜਮ੍ਹਾਂ ਨਾ ਹੋਣ ਦੇਣ। ਲੋਕਾਂ ਨੂੰ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਲਈ ਦਿੱਤੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਡਿਪਟੀ ਸਿਵਲ ਸਰਜਨ ਡਾ.ਭਰਤ ਸਿੰਘ, ਨਗਰ ਕੌਂਸਲ ਦੇ ਸਕੱਤਰ ਸੰਦੀਪ ਭੁੱਕਲ, ਹੈਲਥ ਇੰਸਪੈਕਟਰ ਰਾਜੇਸ਼ ਸਿਆਚੰਦ ਆਦਿ ਹਾਜ਼ਰ ਸਨ।