ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦਾ ਰਜਿਸਟਰਾਰ ਮੁਅੱਤਲ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਜਨਵਰੀ
ਇਥੋਂ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. (ਡਾ.) ਅਨੰਦ ਪਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ’ਤੇ ਪਹਿਲੀ ਪਤਨੀ ਹੁੰਦਿਆਂ ਦੂਜਾ ਵਿਆਹ ਕਰਵਾਉਣ, ਦੂਜੀ ਪਤਨੀ ਦੇ ਉਸ ਨਾਲ ਯੂਨੀਵਰਸਿਟੀ ਵਿੱਚ ਰਹਿਣ, ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਵੱਲੋਂ ਮਾਨਸਿਕ ਸ਼ੋਸ਼ਣ ਕਰਨ ਤੋਂ ਇਲਾਵਾ ਰਜਿਸਟਰਾਰ ਤੇ ਕਾਰਜਕਾਰੀ ਵਾਈਸ ਚਾਂਸਲਰ ਹੁੰਦਿਆਂ ਵਿੱਤੀ ਘਪਲੇ ਕਰਨ ਦੇ ਵੀ ਦੋਸ਼ ਹਨ।
’ਵਰਸਿਟੀ ਵੱਲੋਂ ਜਾਰੀ ਮੁਅੱਤਲੀ ਦੇ 11 ਸਫ਼ਿਆਂ ਦੇ ਪੱਤਰ ’ਚ ਲਿਖਿਆ ਗਿਆ ਹੈ ਕਿ ਉਸ ਦੀ ਪਹਿਲੀ ਪਤਨੀ ਵਿਨੀਤਾ ਪਵਾਰ ਨੇ ਮੱਧ ਪ੍ਰਦੇਸ਼ ਦੀ ਹਾਈ ਕੋਰਟ ’ਚ ਪਵਾਰ ਵਿਰੁੱਧ ਦਫ਼ਾ 498ਏ ਤੋਂ ਇਲਾਵਾ ਉਸ ਵੱਲੋਂ ਦੂਜਾ ਵਿਆਹ ਕਰਨ ਦੇ ਦੋਸ਼ ਲਗਾ ਕੇ ਕੇਸ ਪਾਇਆ ਹੋਇਆ ਹੈ। ਦੂਜੇ ਦੋਸ਼ ਅਨੁਸਾਰ ਉਹ ਲਾਅ ’ਵਰਸਿਟੀ ਵਿੱਚ ਹੀ ਸਹਾਇਕ ਪ੍ਰੋਫੈਸਰ ਨੂੰ ਆਪਣੀ ਪਤਨੀ ਦੱਸ ਕੇ ਸਰਕਾਰੀ ਰਿਹਾਇਸ਼ ਵਿਚ ਰਹਿ ਰਿਹਾ ਹੈ। ਇਸੇ ਤਰ੍ਹਾਂ ਇੱਕ ਅੰਗਰੇਜ਼ੀ ਦੀ ਸਹਾਇਕ ਪ੍ਰੋਫੈਸਰ ਨੇ ਮਾਨਸਿਕ ਸ਼ੋਸ਼ਣ ਦੇ ਦੋਸ਼ ਲਗਾਏ ਹਨ।
ਇਹ ਮਾਮਲਾ ਹਰਾਸਮੈਂਟ ਕਮੇਟੀ ਤੱਕ ਪੁੱਜ ਚੁੱਕਾ ਹੈ। ਇਸ ਤੋਂ ਇਲਾਵਾ ਉਨ੍ਹਾਂ ’ਤੇ ਰਜਿਸਟਰਾਰ ਤੇ ਵਾਈਸ ਚਾਂਸਲਰ ਹੁੰਦਿਆਂ ਕਈ ਵਿੱਤੀ ਘਪਲੇ ਕਰਨ ਦੇ ਦੋਸ਼ ਵੀ ਲਗਾਏ ਗਏ ਹਨ।
ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ: ਪਵਾਰ
ਮੁਅੱਤਲ ਕੀਤੇ ਰਜਿਸਟਰਾਰ ਅਨੰਦ ਪਵਾਰ ਨੇ ਕਿਹਾ ਹੈ ਕਿ ਉਸ ਦੀ ਪਹਿਲੀ ਪਤਨੀ ਨਾਲ ਸਾਰਾ ਮਾਮਲਾ ਅਦਾਲਤ ਵਿੱਚ ਨਿੱਬੜ ਚੁੱਕਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨਾਲ ਰਹਿ ਰਹੀ ਔਰਤ ਨਾਲ ਕਾਨੂੰਨੀ ਤੌਰ ’ਤੇ ਪਤਨੀ ਹੈ, ਜੋ ਵੀ ਦੋਸ਼ ਉਨ੍ਹਾਂ ’ਤੇ ਲਗਾਏ ਗਏ ਹਨ, ਉਹ ਸਾਰੇ ਝੂਠੇ ਅਤੇ ਬੇਬੁਨਿਆਦ ਹਨ। ਇਨ੍ਹਾਂ ਵਿੱਚੋਂ ਕੋਈ ਵੀ ਦੋਸ਼ ਸਾਬਤ ਨਹੀਂ ਹੁੰਦਾ। ਜੇ ਉਸ ਨੂੰ ਮੁਅੱਤਲ ਕਰਨਾ ਸੀ ਤਾਂ ਪਹਿਲਾਂ ਇਨ੍ਹਾਂ ਦੋਸ਼ਾਂ ਬਾਰੇ ਪੜਤਾਲ ਕਰ ਲੈਣੀ ਚਾਹੀਦੀ ਸੀ।