ਹਰੀ ਨੌ ਕਤਲ ਕਾਂਡ: ਜਾਂਚ ਟੀਮ ਵੱਲੋਂ ਪੜਤਾਲ ਲਈ ਸਮਾਂ ਵਧਾਉਣ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 9 ਜਨਵਰੀ
ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਇੱਥੇ ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ ਵਿੱਚ ਅਰਜ਼ੀ ਦੇ ਕੇ ਮੰਗ ਕੀਤੀ ਹੈ ਕਿ ਪੜਤਾਲ ਲਈ ਛੇ ਮਹੀਨਿਆਂ ਦਾ ਸਮਾਂ ਹੋਰ ਵਧਾਇਆ ਜਾਵੇ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਕਤਲ ਕਾਂਡ ਨਾਲ ਜੁੜੇ ਮੁਲਜ਼ਮ ਵਿਦੇਸ਼ ਬੈਠੇ ਹਨ ਤੇ ਅਜੇ ਤੱਕ ਪੜਤਾਲ ਮੁਕੰਮਲ ਨਹੀਂ ਹੋ ਸਕੀ। ਕਾਨੂੰਨ ਅਨੁਸਾਰ ਇਸ ਕੇਸ ਦੀ ਪੜਤਾਲ 90 ਦਿਨਾਂ ਵਿੱਚ ਮੁਕੰਮਲ ਹੋਣੀ ਚਾਹੀਦੀ ਸੀ ਨਹੀਂ ਤਾਂ ਅਦਾਲਤ ਮੁਲਜ਼ਮਾਂ ਨੂੰ ਬਿਨਾਂ ਜ਼ਮਾਨਤ ਤੋਂ ਰਿਹਾਅ ਕਰ ਸਕਦੀ ਹੈ। ਵਿਸ਼ੇਸ਼ ਜਾਂਚ ਟੀਮ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਸਣੇ 13 ਵਿਅਕਤੀਆਂ ਖ਼ਿਲਾਫ਼ ਗੁਰਪ੍ਰੀਤ ਹਰੀ ਨੌ ਕਤਲਕਾਂਡ ਵਿੱਚ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਧਾਰਾਵਾਂ ਦਾ ਵਾਧਾ ਕਰ ਦਿੱਤਾ ਹੈ। ਇਸ ਨਾਲ ਇਹ ਕੇਸ ਹੋਰ ਵੀ ਸੰਗੀਨ ਬਣ ਗਿਆ ਹੈ। ਜਾਂਚ ਦਾ ਸਮਾਂ ਵਧਾਉਣ ਵਾਲੀ ਅਰਜ਼ੀ ਦੇ ਸਬੰਧ ਵਿੱਚ ਸੁਣਵਾਈ 10 ਜਨਵਰੀ ਤੱਕ ਟਾਲ ਦਿੱਤੀ ਗਈ ਹੈ। ਮੁਲਜ਼ਮਾਂ ਨੂੰ ਇਸ ਅਰਜ਼ੀ ਬਾਰੇ ਅਦਾਲਤ ਵਿੱਚ ਜਵਾਬ ਲਿਖਤੀ ਤੌਰ ’ਤੇ ਪੇਸ਼ ਕਰਨ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਤਿੰਨ ਮਹੀਨੇ ਪਹਿਲਾਂ ਚਾਰ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਨੇ ਪਿੰਡ ਹਰੀ ਨੌ ਵਿੱਚ ਗੁਰਪ੍ਰੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕੇਸ ਵਿੱਚ ਹੁਣ ਤੱਕ ਪੁਲੀਸ ਨੌ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।