ਖੇਤਰੀ ਯੁਵਕ ਅਤੇ ਲੋਕ ਮੇਲੇ ’ਚ ਲੱਗੀਆਂ ਰੌਣਕਾਂ
ਪੱਤਰ ਪ੍ਰੇਰਕ
ਸਰਦੂਲਗੜ੍ਹ, 18 ਅਕਤੂਬਰ
ਸਰਦਾਰ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਵਿੱਚ ਚੱਲ ਰਹੇ ਮਾਨਸਾ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਦੂਸਰੇ ਦਿਨ ਐੱਸਡੀਐੱਮ ਸਰਦੂਲਗੜ੍ਹ ਅਮਰਿੰਦਰ ਸਿੰਘ ਮੱਲ੍ਹੀ ਅਤੇ ਐੱਸਬੀਆਈ ਬੈਂਕ ਦੇ ਮੈਨੇਜਰ ਰਾਜੀਵ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵੱਖ-ਵੱਖ ਕਾਲਜਾਂ ’ਚੋਂ 16 ਮੁਕਾਬਲਿਆਂ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਮੇਲੇ ਦੌਰਾਨ ਚਾਰ ਸਟੇਜਾਂ ਸਮਾਨਾਂਤਰ ਚੱਲੀਆਂ। ਗੁਰੂ ਨਾਨਕ ਕਾਲਜ, ਬੁਢਲਾਡਾ ਦੇ ਵਿਦਿਆਰਥੀਆਂ ਨੇ ਲੋਕ ਨਾਚ ਲੜਕੀਆਂ (ਸੰਮੀ), ਪੱਛਮੀ ਸਾਜ (ਸੋਲੋ), ਪੱਛਮੀ ਸਮੂਹ ਗਾਇਨ, ਭੰਡ, ਨੁੱਕੜ ਨਾਟਕ, ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਤੇ ਲਘੂ ਫ਼ਿਲਮ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਦਿ ਰਾਇਲ ਗਰੁੱਪ ਆਫ ਕਾਲਜ਼ਿਜ, ਬੋੜਾਵਾਲ ਦੇ ਵਿਦਿਆਰਥੀਆਂ ਨੇ ਲੋਕ ਨਾਚ ਲੜਕੀਆਂ (ਸੰਮੀ), ਲੋਕ ਨਾਚ ਲੜਕੇ (ਮਲਵਈ ਗਿੱਧਾ) ਵਿੱਚੋਂ ਦੂਜਾ ਸਥਾਨ ਅਤੇ ਭੰਡ, ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਲਘੂ ਫ਼ਿਲਮ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਯੂਨੀਵਰਸਿਟੀ ਕਾਲਜ, ਬਹਾਦਰਪੁਰ ਦੇ ਵਿਦਿਆਰਥੀਆਂ ਨੇ ਲੋਕ ਨਾਚ ਲੜਕੇ (ਮਲਵਈ ਗਿੱਧਾ) ਵਿੱਚੋਂ ਪਹਿਲਾ ਅਤੇ ਨੁੱਕੜ ਨਾਟਕ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਪੱਛਮੀ ਸਾਜ਼ (ਸੋਲੋ) ਵਿੱਚੋਂ ਐੱਸ ਡੀ ਕੰਨਿਆ ਮਹਾਂ ਵਿਦਿਆਲਾ ਨੇ ਦੂਸਰਾ ਸਥਾਨ, ਨੁੱਕੜ ਨਾਟਕ ਵਿੱਚੋਂ ਯੂਨੀਵਰਸਿਟੀ ਕਾਲਜ ਨੇ ਤੀਸਰਾ ਸਥਾਨ, ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਤੇ ਲਘੂ ਫ਼ਿਲਮ ਵਿੱਚੋਂ ਮਾਤਾ ਸੁੰਦਰੀ ਗਰਲਜ਼ ਕਾਲਜ, ਢੱਡੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ’ਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗਗਨਦੀਪ ਥਾਪਾ ਅਤੇ ਟੀਮ ਮੈਂਬਰਾਂ ਨੇ ਚੱਲ ਰਹੇ ਸਾਰੇ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ’ਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਮਾਲਵਾ ਗਰੁੱਪ ਆਫ ਕਾਲਜਿਜ਼ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਵੀ ਪਹੁੰਚੇ। ਆਮ ਲੋਕ ਇਸ ਮੇਲੇ ਨੂੰ ਵੇਖਣ ਲਈ ਪਹੁੰਚੇ। ਕਾਲਜ ਇੰਚਾਰਜ ਰਾਜਵਿੰਦਰ ਸਿੰਘ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।