For the best experience, open
https://m.punjabitribuneonline.com
on your mobile browser.
Advertisement

ਅਧਿਆਪਕਾਂ ਲਈ ਚਿੰਤਨ-ਮੁੱਦਾ: ਸਵਾਲ ਕਿ ਜਵਾਬ?

06:12 AM Sep 05, 2023 IST
ਅਧਿਆਪਕਾਂ ਲਈ ਚਿੰਤਨ ਮੁੱਦਾ  ਸਵਾਲ ਕਿ ਜਵਾਬ
Advertisement

ਯਸ਼ਪਾਲ

ਕੀ ਸਵਾਲ ਵਧੇਰੇ ਅਹਿਮੀਅਤ ਰੱਖਦੇ ਹਨ ਜਾਂ ਜਵਾਬ? ਜਾਪਦਾ ਹੈ, ਸਵਾਲ ਵਧੇਰੇ ਅਹਿਮੀਅਤ ਰੱਖਦੇ ਹਨ; ਉਹ ਨਵੇਂ ਮਾਰਗ ਤੇ ਚਿੰਤਨ ਦੀਆਂ ਨਵੀਆਂ ਦਿਸ਼ਾਵਾਂ ਦਿਖਾਉਂਦੇ ਹਨ; ਗਿਆਨ ਦਾ ਮਾਰਗ ਖੋਲ੍ਹਦੇ ਹਨ। ਚਿੰਤਨ ਸਵਾਲਾਂ ਰਾਹੀਂ ਅੱਗੇ ਤੁਰਦਾ ਹੈ।
ਜਵਾਬ ਸੰਤੁਸ਼ਟੀ ਦਾ ਇਜ਼ਹਾਰ ਹੁੰਦੇ ਹਨ, ਭਾਵ ਚਿੰਤਨ ਦੇ ਅਮਲ ਦਾ ਠੱਪ ਹੋਣਾ। ਚਿੰਤਨ ਦਾ ਅਮਲ ਉਦੋਂ ਅੱਗੇ ਤੁਰਦਾ ਹੈ ਜਦ ਜਵਾਬ ਨਵੇਂ ਸਵਾਲਾਂ ਤੇ ਖਿਆਲਾਂ ਦੀ ਚਿਣਗ ਲਾਉਂਦੇ ਹਨ। ਸਵਾਲ ਚਿੰਤਨ ਦੀ ਦਿਸ਼ਾ ਵੱਲ ਲਿਜਾਂਦੇ ਹਨ, ਹਾਸਲ ਗਿਆਨ ਤੋਂ ਅੱਗੇ ਝਾਤੀ ਮਾਰਨ ਦੀ ਉਤਸੁਕਤਾ ਜਗਾਉਂਦੇ ਹਨ ਅਤੇ ਲੁਕੀਆਂ ਪਰਤਾਂ ਨੂੰ ਲੱਭਣ ਤੇ ਖੋਜਣ ਦੀ ਤਾਂਘ ਪੈਦਾ ਕਰਦੇ ਹਨ।
ਵਿਗਿਆਨ ਅੰਦਰ ਬਹੁਤੀ ਤੱਰਕੀ ਸਵਾਲਾਂ ਦੇ ਪਹਿਲੂ ਰਾਹੀਂ ਹੀ ਹੋਈ ਹੈ। ਰੁੱਖ ਤੋਂ ਟੁੱਟ ਕੇ ਸੇਬ ਨੂੰ ਧਰਤੀ ’ਤੇ ਡਿਗਦਾ ਦੇਖ ਕੇ ਨਿਊਟਨ ਦੇ ਮਨ ਅੰਦਰ ਪੈਦਾ ਹੋਏ ਸਵਾਲ ਨੇ ਹੀ ਉਸ ਨੂੰ ਗੁਰੂਤਾ ਦੇ ਖਿਆਲ ਤੱਕ ਪਹੁੰਚਾਇਆ। ਪੈਰਸੀ ਸਪੈਂਸਰ ਨੇ ਦੇਖਿਆ ਕਿ ਕਾਰਜਸ਼ੀਲ ਰਾਡਾਰ ਦੇ ਸਾਹਮਣੇ ਖੜ੍ਹਿਆਂ ਉਸ ਦੀ ਜੇਬ ਵਿਚ ਪਈ ਟੌਫੀ ਪਿਘਲ ਗਈ। ਉਹ ਕੋਈ ਪਹਿਲਾ ਸ਼ਖ਼ਸ ਨਹੀਂ ਸੀ ਜਿਸ ਨੇ ਰਾਡਾਰ ਰਾਹੀਂ ਅਜਿਹਾ ਦੇਖਿਆ ਹੋਵੇਗਾ ਪਰ ਇਹ ਕਿਉਂ ਹੋਇਆ, ਇਹ ਸਵਾਲ ਪੁੱਛਣ ਵਾਲਾ ਉਹ ਪਹਿਲਾ ਹੀ ਸੀ; ਤੇ ਸਪੈਂਸਰ ਸੂਖਮ ਤਰੰਗੀ ਚੁੱਲ੍ਹੇ (Microwave Oven) ਦੀ ਖੋਜ ਕਰਨ ਤੱਕ ਜਾ ਪਹੁੰਚਿਆ। ਅਜਿਹੀਆਂ ਹੋਰ ਕਿੰਨੀਆਂ ਹੀ ਮਿਸਾਲਾਂ ਹਨ।
ਇਸੇ ਕਰ ਕੇ ਕਲਾਸ ਰੂਮ ਸਿੱਖਿਆ ਨੂੰ ਵੀ, ਵਿਸ਼ੇਸ਼ ਕਰ ਕੇ ਵਿਗਿਆਨ ਦੀ ਸਿੱਖਿਆ ਨੂੰ ਉਸ ਵਿਧੀ ਤੋਂ ਹਟ ਕੇ ਸੋਚਣ ਦੀ ਲੋੜ ਹੈ ਜਿਸ ਵਿਧੀ ਅੰਦਰ ਸਿਰਫ ਅਧਿਆਪਕ ਹੀ ਸਵਾਲ ਪੁੱਛਦਾ ਹੈ ਅਤੇ ਵਿਦਿਆਰਥੀ ਜਵਾਬ ਹੀ ਦਿੰਦੇ ਹਨ। ਇਹ ਵਿਧੀ ਦੱਬੂ ਹੈ। ਵਿਦਿਆਰਥੀਆਂ ਤੋਂ ਜਵਾਬ ਦੀ ਤਵੱਕੋ ਰੱਖਣ ਦੀ ਬਜਾਇ ਸਗੋਂ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਧਿਐਨ ਸਮੱਗਰੀ ਸਬੰਧੀ ਸਵਾਲ ਪੁੱਛਣ ਲਈ ਪ੍ਰੇਰਨ ਕਰਨ। ਇਹ ਅਹਿਸਾਸ ਕਰਨ ਦੀ ਲੋੜ ਹੈ ਕਿ ਚਿੰਤਨ ਦੀ ਉਚੇਰੀ ਪੌੜੀ ’ਤੇ ਚੜ੍ਹਨ ਲਈ ਵਿਦਿਆਰਥੀਆਂ ਦੇ ਜਵਾਬ-ਹੁੰਗਾਰੇ ਦਾ ਅੰਕਣ ਕਰਨ ਦੀ ਬਜਾਇ ਉਨ੍ਹਾਂ ਦੇ ਸਵਾਲਾਂ ਦੀ ਕਦਰ ਲਾਜ਼ਮੀ ਹੈ।
ਇਸ ਗੱਲ ਦੀ ਅਹਿਮੀਅਤ ਹੈ ਕਿ ਵਿਦਿਆਰਥੀਆਂ ਨੂੰ ਸਮਝਾਇਆ ਜਾਵੇ ਕਿ ਕੋਈ ਵੀ ਸਵਾਲ ਮੂੜ੍ਹਮੱਤਾ ਜਾਂ ਉਜੱਡ ਨਹੀਂ ਹੁੰਦਾ। ਉਨ੍ਹਾਂ ਨੂੰ ਭਰੋਸਾ ਬੱਝਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਵਾਲਾਂ ਨੂੰ ਅਧਿਆਪਕ ਸੁਣੇਗਾ, ਸਵੀਕਾਰ ਕਰੇਗਾ। ਸਵਾਲ ਪੁੱਛਣਾ ਚੁਣੌਤੀ ਭਰਿਆ ਕਾਰਜ ਹੈ ਪਰ ਜੇ ਵਿਦਿਆਰਥੀਆਂ ਅੰਦਰ ਸਵਾਲ ਪੁੱਛਣ ਦਾ ਸਾਹਸ ਤੇ ਭਰੋਸਾ ਪੈਦਾ ਹੋ ਜਾਵੇ ਤਾਂ ਉਨ੍ਹਾਂ ਨੂੰ ਜਲਦੀ ਹੀ ਇਹ ਅਹਿਸਾਸ ਹੋ ਜਾਵੇਗਾ ਕਿ ਇਹ ਅਮਲ ਲਾਹੇਵੰਦਾ ਹੈ। ਉਨ੍ਹਾਂ ਨੂੰ ਫਰਾਂਸਿਸ ਬੇਕਨ ਦਾ ਇਹ ਕਥਨ ਚੇਤੇ ਕਰਾਉਣ ਦੀ ਲੋੜ ਹੈ- “ਜਿਹੜਾ ਵਧੇਰੇ ਸਵਾਲ ਪੁੱਛਦਾ ਹੈ, ਉਹੀ ਵਧੇਰੇ ਸਿੱਖਦਾ ਹੈ ਤੇ ਵਧੇਰੇ ਚੇਤੇ ਰੱਖਦਾ ਹੈ।”
ਖੋਜਾਰਥੀਆਂ ਨੇ ਵੀ ਦਰਸਾਇਆ ਹੈ ਕਿ ਉਥੇ ਹੀ ਵਿਦਿਆਰਥੀਆਂ ਦਾ ਭਰਵਾਂ ਹੁੰਗਾਰਾ ਮਿਲਦਾ ਹੈ ਜਿਥੇ ਕਲਾਸ ਰੂਮ ਦਾ ਮਾਹੌਲ ਸਹਿਜ ਹੁੰਦਾ ਹੈ, ਵਿਦਿਆਰਥੀ ਮਹਿਸੂਸ ਕਰਦੇ ਹਨ ਕਿ ਗ਼ਲਤ ਸਵਾਲ ਪੁੱਛਣ ’ਤੇ ਨਾ ਤਾਂ ਉਨ੍ਹਾਂ ਦੀ ਨੁਕਤਾਚੀਨੀ ਹੋਵੇਗੀ ਤੇ ਨਾ ਹੀ ਖਿੱਲੀ ਉਡਾਈ ਜਾਵੇਗੀ ਸਗੋਂ ਵਿਦਿਆਰਥੀਆਂ ਨੂੰ ਮੁੜ ਜਵਾਬ ਦੇਣ ਦੇ ਜਤਨ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਸਿਖਿਆ ਵਿਧੀ-ਸ਼ਾਸਤਰ ਅੰਦਰ ਅਜਿਹੇ ਸਿੱਖਿਆ ਮਾਪ-ਦੰਡ ਅਪਣਾਉਣ ਦੀ ਲੋੜ ਹੈ ਜਿਥੇ ਅਧਿਆਪਕ ਵਿਦਿਆਰਥੀਆਂ ਨੂੰ ਚੁਣੌਤੀ ਭਰੇ ਸਵਾਲ ਪੁੱਛਣ ਲਈ ਵੰਗਾਰਨ। ਨੋਬੇਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਲਿਜੀਡੋਰ ਲਿਜ਼ਾਕ ਰਬੀ ਦੇ ਕਹੇ ਇਨ੍ਹਾਂ ਸ਼ਬਦਾਂ ਨੂੰ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਉਹ ਵਿਗਿਆਨੀ ਕਿਵੇਂ ਬਣਿਆ: “ਮੇਰੀ ਮਾਂ ਨੇ ਮੈਨੂੰ ਅਣਜਾਣੇ ਹੀ ਵਿਗਿਆਨੀ ਬਣਾ ਦਿੱਤਾ। ਬਰੂਕਲਿਨ ’ਚ ਹਰ ਯਹੂਦੀ ਮਾਂ ਸਕੂਲੋਂ ਪਰਤਣ ’ਤੇ ਆਪਣੇ ਬੱਚੇ ਨੂੰ ਪੁੱਛਦੀ ਸੀ- ‘ਤੂੰ ਅੱਜ ਕੁਝ ਸਿੱਖਿਆ ਵੀ ਹੈ?’ ਮੇਰੀ ਮਾਂ ਕਹਿੰਦੀ ਹੁੰਦੀ ਸੀ, ‘ਲੱਜ਼ੀ, ਤੂੰ ਕੋਈ ਵਧੀਆ ਜਿਹਾ ਸਵਾਲ ਪੁੱਛਿਆ ਅੱਜ?’ ਇਸੇ ਫਰਕ (ਵਧੀਆ ਸਵਾਲ ਪੁੱਛਣ) ਨੇ ਹੀ ਮੈਨੂੰ ਵਿਗਿਆਨੀ ਬਣਾ ਦਿੱਤਾ।” (ਸ੍ਰੋਤ: ‘ਸਾਇੰਸ ਰਿਪੋਰਟਰ’)
ਸੰਪਰਕ: 98145-35005

Advertisement

Advertisement
Advertisement
Author Image

joginder kumar

View all posts

Advertisement