ਪੈਨਸ਼ਨ ’ਚ ਕਟੌਤੀ ਗ਼ੈਰਕਾਨੂੰਨੀ ਕਰਾਰ
ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਜੂਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਪੈਨਸ਼ਨਰਜ਼ ਅਤੇ ਰਿਟਾਇਰੀਜ਼ ਵੈੱਲਫੇਅਰ ਅੈਸੋਸੀਏਸ਼ਨ ਦੀ ਐਗਜ਼ੈਕਟਿਵ ਕੌਂਸਲ ਦੀ ਮੀਟਿੰਗ ਪੀਏਯੂ ਸਟੂਡੈਂਟਸ ਹੋਮ ਵਿੱਚ ਡੀ.ਪੀ. ਮੌੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਲੋਕਲ ਅਤੇ ਪੀ.ਏ.ਯੂ. ਨਾਲ ਸਬੰਧਤ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਮਸਲਿਆਂ ਬਾਰੇ ਚਰਚਾ ਕੀਤੀ ਗਈ। ੲਿਸ ਮੌਕੇ ਪੈਨਸ਼ਨਰਾਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਪੇਅ ਕਮਿਸ਼ਨ ਦਾ 66 ਮਹੀਨੇ ਦਾ ਬਕਾਇਆ ਦੇਣ, ਮਹਿੰਗਾਈ ਭੱਤੇ ਦਾ ਬਕਾਇਆ ਆਦਿ ਹੱਕੀ ਮੰਗਾਂ ਮੰਨਣ ਦੀ ਬਜਾਏ 200 ਰੁਪਏ ਪ੍ਰਤੀ ਮਹੀਨਾ (ਜ਼ਜ਼ੀਆ ਰੂਪੀ ਟੈਕਸ) ਕੱਟਣ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਪੈਨਸ਼ਨ ਵਿੱਚੋਂ ਅਜਿਹੀ ਕੋਈ ਵੀ ਕਟੌਤੀ ਕਰਨਾ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਗ਼ੈਰਕਨੂੰਨੀ ਹੈ। ਅੈਸੋਸੀਏਸ਼ਨ ਨੇ ਇਸ ਸਬੰਧੀ ਉੱਪ ਕੁਲਪਤੀ ਨੂੰ ਵੀ ਪੱਤਰ ਲਿਖ ਕੇ ਇਹ ਕਟੌਤੀ ਲਾਗੂ ਨਾ ਕਰਨ ਦੀ ਮੰਗ ਕਰਨ ਦਾ ਫ਼ੈਸਲਾ ਕਰਨ ਤੋਂ ਇਲਾਵਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵੱਲੋਂ ਉਕਤ ਮੰਗਾਂ ਲਈ ਜ਼ੋਰਦਾਰ ਸਮਰਥਨ ਅਤੇ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਵੀ ਕੀਤਾ। ਅੰਤ ਵਿੱਚ ਪ੍ਰਧਾਨ ਡੀ.ਪੀ. ਮੌੜ ਨੇ ਸਮਰਥਨ ਦੀ ਮੰਗ ਕੀਤੀ।