ਐੱਨਸੀਈਆਰਟੀ ਦਾ ਰੇੜਕਾ
ਕਿਸੇ ਕੋਰਸ ਦੀ ਪਠਨ ਸਮੱਗਰੀ ਦੀ ਸਮੇਂ-ਸਮੇਂ ’ਤੇ ਸੁਧਾਈ ਕਰਨੀ ਜ਼ਰੂਰੀ ਹੁੰਦੀ ਹੈ ਪਰ ਜਿਸ ਤਰ੍ਹਾਂ ਕੌਮੀ ਸਿੱਖਿਆ ਖੋਜ ਅਤੇ ਸਿਖਲਾਈ ਪਰਿਸ਼ਦ (ਐੱਨਸੀਈਆਰਟੀ) ਨੇ ਇਹ ਕੰਮ ਕੀਤਾ ਹੈ, ਉਹ ਬਹੁਤ ਹੀ ਸਮੱਸਿਆਗ੍ਰਸਤ ਹੈ, ਗ਼ਲਤ ਸਲਾਹ ’ਤੇ ਟਿਕਿਆ ਹੋਇਆ ਹੈ ਅਤੇ ਇਸ ’ਚੋਂ ਤੰਗਨਜ਼ਰੀ ਦੀ ਬੂਅ ਆਉਂਦੀ ਹੈ। ਬਾਰ੍ਹਵੀਂ ਕਲਾਸ ਦੀ ਰਾਜਨੀਤੀ ਸ਼ਾਸਤਰ ਦੀ ਸੋਧੀ ਗਈ ਕਿਤਾਬ ਬਾਰੇ ਜੋ ਸੁਆਲ ਉਠਾਏ ਜਾ ਰਹੇ ਹਨ, ਉਹ ਬੇਤੁਕੇ ਨਹੀਂ ਹਨ। ਸਮਕਾਲੀ ਘਟਨਾਵਾਂ ਦੀ ਲਿੱਪਾਪੋਚੀ ਦਾ, ਭਾਰਤ ਦੇ ਇਤਿਹਾਸ ਦੇ ਕੁਝ ਅਣਸੁਖਾਵੇਂ ਪਲਾਂ ਨੂੰ ਭੁਲਾਉਣ ਅਤੇ ਹਿੰਸਾ ਅਤੇ ਵਿਰੋਧ ਪ੍ਰਦਰਸ਼ਨਾਂ ਦੀਆਂ ਸੱਚੀਆਂ ਘਟਨਾਵਾਂ ਨੂੰ ਅਣਡਿੱਠ ਕਰਨ ਦਾ ਜੋ ਅਜੀਬ ਤਰਕ ਦਿੱਤਾ ਜਾ ਰਿਹਾ ਹੈ, ਉਸ ’ਤੇ ਸੁਆਲ ਉੱਠਣੇ ਸੁਭਾਵਿਕ ਹਨ। ਦੋ ਰਾਜਨੀਤਕ ਸ਼ਾਸਤਰੀਆਂ ਨੇ ਇਹ ਕਹਿ ਕੇ ਇਸ ਕਿਤਾਬ ਦੇ ਲੇਖਕਾਂ ਵਜੋਂ ਆਪਣਾ ਨਾਂ ਹਟਾਉਣ ਦੀ ਮੰਗ ਕੀਤੀ ਹੈ ਕਿ ਇਹ ਪਾਠ ਪੁਸਤਕਾਂ ਸਿਆਸੀ ਪੱਖਪਾਤ ਤੋਂ ਗ੍ਰਸਤ ਹਨ ਅਤੇ ਅਕਾਦਮਿਕ ਰੂਪ ਵਿੱਚ ਇਨ੍ਹਾਂ ਦਾ ਬਚਾਅ ਨਹੀਂ ਕੀਤਾ ਜਾ ਸਕਦਾ ਅਤੇ ਇਨ੍ਹਾਂ ਨਾਲ ਪੜ੍ਹਨ ਪੜ੍ਹਾਉਣ ਦੇ ਸਿਲਸਿਲੇ ਨੂੰ ਕੋਈ ਲਾਭ ਨਹੀਂ ਹੋਵੇਗਾ। ਐੱਨਸੀਈਆਰਟੀ ਨੇ ਸਕੂਲੀ ਪਾਠਕ੍ਰਮ ਦੇ ਭਗਵੇਂਕਰਨ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਕਿਤਾਬਾਂ ਦੀ ਸੁਧਾਈ ਪਿਛਲੇ ਮਨੋਰਥ ਦੀ ਜਾਂਚ ਕਰਨੀ ਬਣਦੀ ਹੈ। ਮਿਸਾਲ ਦੇ ਤੌਰ ’ਤੇ ਇਹ ਇੱਕ ਬੇਤੁਕਾ ਤਰਕ ਹੈ ਕਿ ਦੰਗਿਆਂ ਬਾਰੇ ਪੜ੍ਹਾਈ ਕਰਾਉਣ ਨਾਲ ਮਾਹੌਲ ਖਰਾਬ ਹੁੰਦਾ ਹੈ ਅਤੇ ਨਾਗਰਿਕਾਂ ਨੂੰ ਸ਼ਰਮਿੰਦਗੀ ਹੁੰਦੀ ਹੈ।
ਪਾਠ ਪੁਸਤਕਾਂ ਦੀ ਸੁਧਾਈ ਦਾ ਮੁੱਦਾ ਹਾਲੇ ਚੱਲ ਹੀ ਰਿਹਾ ਸੀ ਕਿ ਇਸੇ ਦੌਰਾਨ ਐੱਨਸੀਈਆਰਟੀ ਦੇ ਡਾਇਰੈਕਟਰ ਨੇ ਇਹ ਆਖ ਦਿੱਤਾ ਹੈ ਕਿ ਪਾਠ ਪੁਸਤਕਾਂ ਵਿੱਚ ‘ਭਾਰਤ’ ਅਤੇ ‘ਇੰਡੀਆ’ ਸ਼ਬਦਾਂ ਨੂੰ ਇੱਕ ਦੂਜੇ ਦੀ ਥਾਂ ਅਦਲ-ਬਦਲ ਕੇ ਵਰਤਿਆ ਜਾ ਸਕਦਾ ਹੈ। ਪਿਛਲੇ ਸਾਲ ਇੱਕ ਕਮੇਟੀ ਨੇ ਸਾਰੀਆਂ ਪਾਠ ਪੁਸਤਕਾਂ ਵਿੱਚ ‘ਇੰਡੀਆ’ ਦੀ ਥਾਂ ‘ਭਾਰਤ’ ਸ਼ਬਦ ਵਰਤਣ ਦੀ ਸਿਫ਼ਾਰਸ਼ ਕੀਤੀ ਸੀ। ਇਸ ਮੁੱਦੇ ’ਤੇ ਬਹਿਸ ਉਦੋਂ ਛਿੜੀ ਸੀ ਜਦੋਂ 2023 ਵਿੱਚ ਜੀ-20 ਸੰਮੇਲਨ ਦੇ ਸੱਦਾ ਪੱਤਰ ‘ਪ੍ਰੈਜ਼ੀਡੈਂਟ ਆਫ ਭਾਰਤ’ ਦੇ ਨਾਂ ਉੱਤੇ ਭੇਜੇ ਗਏ ਸਨ। ਇਸ ਉੱਤੇ ਹਾਲੇ ਕੋਈ ਆਖ਼ਰੀ ਫ਼ੈਸਲਾ ਨਹੀਂ ਆਇਆ ਹੈ।
ਬਾਬਰੀ ਮਸਜਿਦ ਦਾ ਜ਼ਿਕਰ ਨਾ ਕਰ ਕੇ ਇਸ ਨੂੰ ਤਿੰਨ ਗੁੰਬਦਾਂ ਵਾਲਾ ਢਾਂਚਾ ਦੱਸਣਾ, ਅਯੁੱਧਿਆ ’ਤੇ ਇੱਕ ਹਿੱਸੇ ਨੂੰ ਛਾਂਗਣਾ, ਗੁਜਰਾਤ ਦੰਗਿਆਂ ਦਾ ਵੇਰਵਾ ਨਾ ਲਿਆ ਜਾਣਾ-ਪਾਠ ਪੁਸਤਕਾਂ ਵਿੱਚ ਇਹ ਤਬਦੀਲੀਆਂ ਸਿੱਖਿਆ ਦੇ ਬੁਨਿਆਦੀ ਆਧਾਰ ਹਨ ਜਿਸ ਦਾ ਮੰਤਵ ਵਿਦਿਆਰਥੀਆਂ ’ਚ ਡੂੰਘੀ ਸੋਚ ਨੂੰ ਵਿਕਸਤ ਕਰਨਾ ਹੁੰਦਾ ਹੈ, ਦੀ ਉਲੰਘਣਾ ਕਰਦੀਆਂ ਹਨ। ਮਹੱਤਵਪੂਰਨ ਪਾਠ ਸਮੱਗਰੀ ਤੋਂ ਵਾਂਝੇ ਰੱਖਣ ਨਾਲ ਵਿਦਿਆਰਥੀਆਂ ਦਾ ਨੁਕਸਾਨ ਹੋਵੇਗਾ। ਪਿਛਲੇ ਦਸ ਸਾਲਾਂ ਦੌਰਾਨ ਹੀ ਪਾਠ ਪੁਸਤਕਾਂ ਵਿਚਲੀਆਂ ਸੋਧਾਂ ’ਤੇ ਵਿਵਾਦ ਪੈਦਾ ਨਹੀਂ ਹੋਇਆ। ਫ਼ਰਕ ਇਹੀ ਹੈ ਕਿ ਇਸ ਤਰ੍ਹਾਂ ਦੇ ਮਹੱਤਵਪੂਰਨ ਮੁੱਦਿਆਂ ’ਤੇ ਪੁਰਜ਼ੋਰ ਅਤੇ ਗਹਿਰੀ ਵਿਚਾਰ-ਚਰਚਾ ਦੀ ਕਮੀ ਰਹੀ ਹੈ। ਜੋ ਸ਼ਾਇਦ, ਹੁਣ ਬਦਲ ਜਾਵੇ।