ਨਗਰ ਕੀਰਤਨ ਮੌਕੇ ਸੰਗਤਾਂ ਦਾ ਰਿਕਾਰਡਤੋੜ ਇਕੱਠ
ਗੁਰਪ੍ਰੀਤ ਸਿੰਘ ਤਲਵੰਡੀ
ਸਰੀ: ਵਿਸ਼ਵ ਭਰ ਵਿੱਚ ਸਿੱਖਾਂ ਦੀ ਸਭ ਤੋਂ ਵੱਡੀ ਤੇ ਭਰਵੀਂ ਇਕੱਤਰਤਾ ਵਾਲੀ ਸਰੀ (ਕੈਨੇਡਾ) ਦੀ ‘ਖਾਲਸਾ ਡੇ ਪਰੇਡ’ ਇਸ ਵਾਰ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਰਿਕਾਰਡਤੋੜ ਇਕੱਠ ਨਾਲ ਖਾਲਸਾਈ ਜਾਹੋ ਜਲਾਲ ਨਾਲ ਸਮਾਪਤ ਹੋ ਗਈ। ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਜਾਂਦੇ ਇਸ ਵਿਸ਼ਾਲ ਨਗਰ ਕੀਰਤਨ ਨੂੰ ਭਾਰਤ, ਪਾਕਿਸਤਾਨ, ਕੈਨੇਡਾ ਅਤੇ ਅਮਰੀਕਾ ਦਾ ਸਿੱਖ ਭਾਈਚਾਰਾ ਸਾਲ ਭਰ ਤੋਂ ਉਡੀਕਦਾ ਰਹਿੰਦਾ ਹੈ। ਇਸ ਵਾਰ ਦੇ ਇਸ ਨਗਰ ਕੀਰਤਨ ਵਿੱਚ ਕੈਨੇਡਾ ਦੀਆਂ ਸਰਕਾਰੀ ਰਿਪੋਰਟਾਂ ਅਨੁਸਾਰ ਕਰੀਬ 7 ਲੱਖ ਸੰਗਤਾਂ ਦੀ ਸ਼ਮੂਲੀਅਤ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ, ਸਰੀ ਤੋਂ ਸਜਾਏ ਜਾਂਦੇ ਇਸ ਨਗਰ ਕੀਰਤਨ ਲਈ ਕਈ ਵੱਖ ਵੱਖ ਫਲੋਟ ਤਿਆਰ ਕੀਤੇ ਗਏ ਸਨ। ਸਵੇਰੇ ਲੱਖਾਂ ਸੰਗਤਾਂ ਦੀ ਹਾਜ਼ਰੀ ਵਿੱਚ ਗੁਰੂ ਚਰਨਾਂ ਵਿੱਚ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਕਰਨ ਉਪਰੰਤ ਹਰ ਵਾਰ ਦੀ ਤਰ੍ਹਾਂ ਕੈਨੇਡਾ ਦੇ ਮੂਲ ਨਿਵਾਸੀ ਭਾਈਚਾਰੇ ਦੇ ਆਗੂਆਂ ਵੱਲੋਂ ਸਿੱਖ ਭਾਈਚਾਰੇ ਨੂੰ ਇਸ ਨਗਰ ਕੀਰਤਨ ਮੌਕੇ ਵਧਾਈ ਦਿੰਦਿਆਂ ਆਪਣੇ ਵੱਖਰੇ ਸੰਗੀਤ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਭੇਟ ਕਰਨ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਰਵਾਨਾ ਹੋਇਆ। ਪਾਲਕੀ ਸਾਹਿਬ ਵਾਲੀ ਫਲੋਟ ਦੇ ਪਿੱਛੇ ਵੱਖ ਵੱਖ ਫਲੋਟ ਜਾ ਰਹੇ ਸਨ, ਜਿਨ੍ਹਾਂ ਵਿੱਚ ਰਾਗੀ ਸਿੰਘਾਂ ਸਮੇਤ ਖਾਲਸਾ ਸਕੂਲਾਂ ਦੇ ਵਿਦਿਆਰਥੀ ਸ਼ਬਦ ਗੁਰਬਾਣੀ ਦਾ ਗਾਇਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਰਹੇ ਸਨ।
ਨਗਰ ਕੀਰਤਨ ਦੌਰਾਨ ਭਾਰਤੀ ਜਾਂ ਵਿਦੇਸ਼ੀ ਸਿੱਖ ਭਾਈਚਾਰੇ ਤੋਂ ਇਲਾਵਾ ਗੋਰੇ ਅਤੇ ਚੀਨੀ ਮੂਲ ਦੇ ਭਾਈਚਾਰੇ ਦੀ ਵੀ ਭਰਵੀਂ ਸ਼ਮੂਲੀਅਤ ਦੇਖਣ ਨੂੰ ਮਿਲੀ। ਗੋਰੇ ਅਤੇ ਚੀਨੀ ਮੂਲ ਦੇ ਲੋਕ ਆਪਣੇ ਪਰਿਵਾਰਾਂ ਨਾਲ ਨਗਰ ਕੀਰਤਨ ਦਾ ਆਨੰਦ ਮਾਣਦੇ ਦੇਖੇ ਗਏ। ਇਸ ਦੌਰਾਨ ਗੋਰਿਆਂ ਸਮੇਤ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਨੇ ਸਿੱਖ ਭਾਈਚਾਰੇ ਦੀ ਲੰਗਰ ਪ੍ਰਥਾ ਦੀ ਕਾਫ਼ੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਸ਼ਵ ਭਰ ਵਿੱਚ ਅਜਿਹੀ ਪ੍ਰਥਾ ਕਿਧਰੇ ਵੀ ਨਹੀਂ ਮਿਲਦੀ।
ਨਗਰ ਕੀਰਤਨ ਗੁਜ਼ਰਨ ਵਾਲੇ ਰਸਤਿਆਂ ਉੱਪਰ ਵੱਖ ਵੱਖ ਕੰਪਨੀਆਂ ਜਾਂ ਕਾਰੋਬਾਰੀਆਂ ਵੱਲੋਂ ਸੰਗਤਾਂ ਦੀ ਸਹੂਲਤ ਲਈ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ ਸਨ। ਸਵੇਰ ਤੋਂ ਦੇਰ ਸ਼ਾਮ ਤੱਕ ਇਨ੍ਹਾਂ ਲੰਗਰਾਂ ਵਾਲੇ ਪੰਡਾਲਾਂ ਵਿੱਚ ਸੰਗਤਾਂ ਦੀਆਂ ਵੱਡੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਇਸ ਦੌਰਾਨ ਸਥਾਨਕ ਸਿੱਖ ਕਾਰੋਬਾਰੀਆਂ ਤੋਂ ਇਲਾਵਾ ਇਸ ਵਾਰ ਕਾਸਕੋ, ਰੀਅਲ ਕੈਨੇਡੀਅਨ ਸੁਪਰ ਸਟੋਰ ਵਰਗੀਆਂ ਵੱਡੀਆਂ ਕੰਪਨੀਆਂ ਦੁਆਰਾ ਵੀ ਆਪਣੇ ਸਟਾਲ ਲਗਾ ਕੇ ਸਿੱਖ ਭਾਈਚਾਰੇ ਨਾਲ ਜੁੜੇ ਹੋਣ ਦੀ ਆਪਣੀ ਭਾਵਨਾ ਦਰਸਾਈ ਜਾ ਰਹੀ ਸੀ। ਇਸ ਦੌਰਾਨ ਰੀਅਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਅਤੇ ਬੀਸੀ ਐਂਬੂਲੈਂਸ ਦੇ ਲਗਾਏ ਗਏ ਸਟਾਲ ਵੀ ਸੰਗਤਾਂ ਦੀ ਵੱਡੀ ਖਿੱਚ ਦਾ ਕੇਂਦਰ ਰਹੇ। ਨਗਰ ਕੀਰਤਨ ਦੇ ਸਮੁੱਚੇ ਰਸਤੇ ਦੌਰਾਨ ਸੰਗਤਾਂ ਦੀ ਸਹੂਲਤ ਲਈ ਚੱਪੇ ਚੱਪੇ ’ਤੇ ਪੁਲੀਸ ਅਧਿਕਾਰੀ ਤਾਇਨਾਤ ਕੀਤੇ ਗਏ ਸਨ।
ਇਸ ਦੌਰਾਨ ਬੀਸੀ ਕੈਂਸਰ ਖੋਜ ਸੰਸਥਾ, ਕਮਰਸ਼ੀਅਲ ਵਹੀਕਲ ਸੇਫਟੀ ਐਂਡ ਇਨਫੋਰਸਮੈਂਟ (ਸੀਵੀਐੱਸਈ) ਵੱਲੋਂ ਲਗਾਏ ਗਏ ਪੰਡਾਲ ਦੌਰਾਨ ਸੰਗਤਾਂ ਨੂੰ ਵੱਖ ਵੱਖ ਸਹੂਲਤਾਂ ਬਾਰੇ ਜਾਣਕਾਰੀ ਦਿੰਦੇ ਗੋਰੇ ਵੀ ਸੰਗਤਾਂ ਲਈ ਖਿੱਚ ਦਾ ਕੇਂਦਰ ਰਹੇ। ਨਗਰ ਕੀਰਤਨ ਦੌਰਾਨ ਕੈਨੇਡਾ ਦੇ ਵੱਖ ਵੱਖ ਰਾਜਸੀ ਆਗੂਆਂ ਦੀ ਵੀ ਭਰਵੀਂ ਸ਼ਮੂਲੀਅਤ ਦੇਖਣ ਨੂੰ ਮਿਲੀ।