ਆਰਬੀਆਈ ਗਵਰਨਰ, ਉਦਯੋਗਪਤੀਆਂ ਤੇ ਫਿਲਮੀ ਸਿਤਾਰਿਆਂ ਨੇ ਪਾਈਆਂ ਵੋਟਾਂ
ਮੁੰਬਈ, 20 ਨਵੰਬਰ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਅੱਜ ਹੋਈ ਵੋਟਿੰਗ ਦੌਰਾਨ ਮੁੰਬਈ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ, ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਅਤੇ ਫਿਲਮੀ ਸਿਤਾਰਿਆਂ ਤੋਂ ਇਲਾਵਾ ਹੋਰ ਕੋਈ ਉੱਘੀਆਂ ਸ਼ਖ਼ਸੀਅਤਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਮਿਲੀ ਜਾਣਕਾਰੀ ਅਨੁਸਾਰ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਤੇ ਉਨ੍ਹਾਂ ਦੀ ਪਤਨੀ ਨੇ ਸਵੇਰ ਸਮੇਂ ਦੱਖਣੀ ਮੁੰਬਈ ਵਿੱਚ ਸਥਿਤ ਇਕ ਪੋਲਿੰਗ ਬੂਥ ’ਤੇ ਜਾ ਕੇ ਵੋਟ ਪਾਈ।
ਇਸੇ ਤਰ੍ਹਾਂ ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਅਗਵਾਈ ਵਿੱਚ ਪੁੱਜੇ ਅੰਬਾਨੀ ਪਰਿਵਾਰ ਦੇ ਸਮੂਹ ਮੈਂਬਰਾਂ ਨੇ ਵੀ ਇਸੇ ਪੋਲਿੰਗ ਬੂਥ ’ਤੇ ਪਹੁੰਚ ਕੇ ਵੋਟ ਪਾਈ। ਮੁਕੇਸ਼ ਅੰਬਾਨੀ ਦੇ ਨਾਲ ਉਨ੍ਹਾਂ ਦੇ ਪੁੱਤਰ ਆਕਾਸ਼ ਤੇ ਅਨੰਤ ਅਤੇ ਨੂੰਹ ਸ਼ਲੋਕਾ ਵੀ ਸੀ, ਜਦਕਿ ਨੀਤਾ ਅੰਬਾਨੀ ਤੇ ਉਸ ਦੀ ਧੀ ਈਸ਼ਾ ਨੇ ਸ਼ਾਮ ਸਮੇਂ ਵੋਟ ਪਾਈ। ਐੱਚਡੀਐੱਫਸੀ ਦੇ ਸਾਬਕਾ ਚੇਅਰਮੈਨ ਦੀਪਕ ਪਾਰੇਖ, ਐੱਚਡੀਐੱਫਸੀ ਦੇ ਸਾਬਕਾ ਵਾਈਸ ਚੇਅਰਮੈਨ ਕੇਕੀ ਮਿਸਤਰੀ, ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਨੇ ਦੱਖਣੀ ਮੁੰਬਈ ਵਿੱਚ ਵੱਖ ਵੱਖ ਬੂਥਾਂ ’ਤੇ ਜਾ ਕੇ ਵੋਟ ਪਾਈ। ਇਸੇ ਤਰ੍ਹਾਂ ਉਦਯੋਗਪਤੀ ਅਜੈ ਪਰਿਮਲ, ਉਨ੍ਹਾਂ ਦੀ ਪਤਨੀ ਸਵਾਤੀ ਪਰਿਮਲ, ਆਦਿੱਤਿਆ ਬਿਰਲਾ ਸਮੂਹ ਦੇ ਚੇਅਰਮੈਨ ਕੁਮਾਰਮੰਗਲਮ ਬਿਰਲਾ ਦੀ ਪਤਨੀ ਨੀਰਜਾ, ਰੇਅਮੰਡਜ਼ ਦੇ ਐੱਮਡੀ ਗੌਤਮ ਸਿੰਘਾਨੀਆ ਅਤੇ ਹਿੰਦੁਸਤਾਨ ਨਿਰਮਾਣ ਕੰਪਨੀ (ਐੱਚਸੀਸੀ) ਦੇ ਚੇਅਰਮੈਨ ਅਜੀਤ ਗੁਲਾਬਚੰਦ ਨੇ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਉੱਧਰ, ਫਿਲਮੀ ਸਿਤਾਰੇ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਵਿੱਚ ਪਿੱਛੇ ਨਹੀਂ ਰਹੇ। ਇਸ ਦੌਰਾਨ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ, ਸਲਮਾਨ ਖਾਨ, ਅਕਸ਼ੈ ਕੁਮਾਰ, ਰਣਬੀਰ ਕਪੂਰ, ਹੇਮਾ ਮਾਲਿਨੀ, ਸੋਨੂੰ ਸੂਦ, ਗੀਤਕਾਰ ਗੁਲਜ਼ਾਰ ਆਦਿ ਵੱਡੀ ਗਿਣਤੀ ਫਿਲਮੀ ਸਿਤਾਰਿਆਂ ਨੇ ਵੋਟ ਪਾਈ। ਸਵੇਰੇ ਜਲਦੀ ਵੋਟ ਪਾਉਣ ਵਾਲਿਆਂ ਵਿੱਚ ਅਕਸ਼ੈ ਕੁਮਾਰ, ਰਾਜਕੁਮਾਰ ਰਾਓ, ਅਦਾਕਾਰ ਤੇ ਨਿਰਦੇਸ਼ਕ ਫ਼ਰਹਾਨ ਅਖ਼ਤਰ, ਉਸ ਦੀ ਭੈਣ ਨਿਰਮਾਤਾ-ਨਿਰਦੇਸ਼ਕ ਜ਼ੋਇਆ ਅਖ਼ਤਰ, ਸੀਨੀਅਰ ਅਦਾਕਾਰਾ ਸ਼ੁਭਾ ਖੋਟੇ ਅਤੇ ਉਨ੍ਹਾਂ ਦੀ ਧੀ ਭਾਵਨਾ ਬਾਲਸਾਵਰ ਸ਼ਾਮਲ ਸਨ। ਸ਼ਾਹਰੁਖ ਖਾਨ ਨੇ ਪਰਿਵਾਰ ਸਣੇ ਸ਼ਾਮ ਸਮੇਂ ਵੋਟ ਪਾਈ। ਸਲਮਾਨ ਖਾਨ ਸ਼ਾਮ ਕਰੀਬ 4.45 ਵਜੇ ਸਖ਼ਤ ਸੁਰੱਖਿਆ ਹੇਠ ਵੋਟ ਪਾਉਣ ਪੁੱਜਿਆ। -ਪੀਟੀਆਈ