ਰਵਨੀਤ ਬਿੱਟੂ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਅੱਜ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅਤੇ ਹੋਰ ਨਵੇਂ ਚੁਣੇ ਗਏ ਮੈਂਬਰਾਂ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁਕਾਈ। ਬਿੱਟੂ (ਕੇਂਦਰੀ ਰੇਲਵੇ ਰਾਜ ਮੰਤਰੀ) ਨੇ ਸੰਸਦ ਭਵਨ ਕੰਪਲੈਕਸ ’ਚ ਚੇਅਰਮੈਨ ਦੇ ਚੈਂਬਰ ਵਿੱਚ ਰਾਜ ਸਭਾ ਮੈਂਬਰ ਵਜੋਂ ਪੰਜਾਬੀ ’ਚ ਹਲਫ਼ ਲਿਆ। ਇਸ ਮੌਕੇ ਭਾਜਪਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਜਗਤ ਪ੍ਰਕਾਸ਼ ਨੱਢਾ, ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਤੋਂ ਇਲਾਵਾ ਬਿੱਟੂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਬਿੱਟੂ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਹਨ। ਧਨਖੜ ਨੇ ਬਿਹਾਰ ਤੋਂ ਭਾਜਪਾ ਦੇ ਨਵੇਂ ਚੁਣੇ ਗਏ ਮਨਨ ਕੁਮਾਰ ਮਿਸ਼ਰਾ, ਉਪੇਂਦਰ ਕੁਸ਼ਵਾਹਾ ਤੇ ਨਿਤਿਨ ਲਕਸ਼ਮਣ ਰਾਓ ਜਾਧਵ ਪਾਟਿਲ ਅਤੇ ਉੜੀਸਾ ਤੋਂ ਭਾਜਪਾ ਦੀ ਮਮਤਾ ਮੋਹੰਤਾ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਦਾ ਹਲਫ਼ ਦਿਵਾਇਆ। ਹੁਣ ਰਾਜ ਸਭਾ ’ਚ ਭਾਜਪਾ ਦੀਆਂ 96 ਤੇ ਕਾਂਗਰਸ ਦੀਆਂ 27 ਮੈਂਬਰ ਹਨ।