ਬਾਂਦਰਾ ’ਚ ਭੀੜ ਵੱਲੋਂ ਰਵੀਨਾ ਟੰਡਨ ਤੇ ਡਰਾਈਵਰ ਨਾਲ ਕੁੱਟਮਾਰ
ਮੁੰਬਈ, 2 ਜੂਨ
ਫਿਲਮ ਅਦਾਕਾਰਾ ਰਵੀਨਾ ਟੰਡਨ ਤੇ ਉਸ ਦੇ ਡਰਾਈਵਰ ’ਤੇ ਮੁੰਬਈ ’ਚ ਭੀੜ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ।
ਪੁਲੀਸ ਨੇ ਦੱਸਿਆ ਕਿ ਰਵੀਨਾ ਟੰਡਨ ਦੇ ਡਰਾਈਵਰ ’ਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼ ਹੈ। ਸਥਾਨਕ ਲੋਕਾਂ ਦੇ ਇੱਕ ਸਮੂਹ ਨੇ ਇੱਕ ਵਾਇਰਲ ਵੀਡੀਓ ’ਚ ਰਵੀਨਾ ਤੇ ਉਸ ਦੇ ਡਰਾਈਵਰ ’ਤੇ ਤਿੰਨ ਮਹਿਲਾਵਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਲੰਘੀ ਰਾਤ ਬਾਂਦਰਾ ਦੇ ਕਾਰਟਰ ਰੋਡ ’ਤੇ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ ਹੈ। ਘਟਨਾ ਦੇ ਸਬੰਧ ਵਿੱਚ ਰਵੀਨਾ ਵੱਲੋਂ ਵੀ ਕੋਈ ਬਿਆਨ ਨਹੀਂ ਦਿੱਤਾ ਗਿਆ। ਅਧਿਕਾਰੀ ਅਨੁਸਾਰ ਉਨ੍ਹਾਂ ਦੇ ਡਰਾਈਵਰ ਨੇ ਕਥਿਤ ਤੌਰ ’ਤੇ ਗੱਡੀ ਨਾਲ ਤਿੰਨ ਜਣਿਆਂ ਨੂੰ ਟੱਕਰ ਮਾਰ ਦਿੱਤੀ ਜਿਸ ਮਗਰੋਂ ਗੁੱਸੇ ’ਚ ਆਈ ਭੀੜ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਰਵੀਨਾ ਭੀੜ ਨਾਲ ਗੱਲ ਕਰਨ ਲਈ ਆਪਣੀ ਗੱਡੀ ਤੋਂ ਉਤਰੀ ਤਾਂ ਉਨ੍ਹਾਂ ਨਾਲ ਕਥਿਤ ਤੌਰ ’ਤੇ ਧੱਕਾ-ਮੁੱਕੀ ਤੇ ਕੁੱਟਮਾਰ ਕੀਤੀ ਗਈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਰਵੀਨਾ ‘ਕਿਰਪਾ ਕਰਕੇ ਮੈਨੂੰ ਨਾ ਮਾਰੋ’ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ। ਵੀਡੀਓ ’ਚ ਇੱਕ ਵਿਅਕਤੀ ਇਹ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਹੈ ਕਿ ਰਵੀਨਾ ਦੇ ਡਰਾਈਵਰ ਨੇ ਉਸ ਦੀ ਮਾਂ ਨੂੰ ਟੱਕਰ ਮਾਰੀ ਤੇ ਜਦੋਂ ਡਰਾਈਵਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਮਹਿਲਾ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇੱਕ ਵਿਅਕਤੀ ਨੇ ਅਦਾਕਾਰਾ ’ਤੇ ਨਸ਼ੇ ’ਚ ਧੁੱਤ ਹੋਣ ਦਾ ਦੋਸ਼ ਲਾਇਆ। -ਪੀਟੀਆਈ