ਰਤਨਹੇੜੀ ਵਸਨੀਕਾਂ ਵੱਲੋਂ ਹਾਈਟੈਂਸ਼ਨ ਤਾਰਾਂ ਪਾਉਣ ਦਾ ਵਿਰੋਧ
ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਸਤੰਬਰ
ਪਿੰਡ ਰਤਨਹੇੜੀ ਵਿੱਚ ਇਕ ਫਰਨੈੱਸ ਯੂਨਿਟ ਦਾ ਲੋਡ ਵਧਾਉਣ ਲਈ ਹਾਈਟੈਂਸ਼ਨ ਤਾਰਾਂ ਵਿਛਾਉਣ ਨੂੰ ਲੈ ਕੇ ਅੱਜ ਵੱਡਾ ਵਿਵਾਦ ਖੜ੍ਹਾ ਹੋ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਇੱਕਠ ਕਰ ਕੇ ਸਰਕਾਰ ਤੇ ਬਿਜਲੀ ਵਿਭਾਗ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬਿਜਲੀ ਵਿਭਾਗ ਦੇ ਅਧਿਕਾਰੀ ਮਸ਼ੀਨਰੀ ਸਮੇਤ ਵਾਪਸ ਚਲੇ ਗਏ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਵਿਭਾਗ ਨੇ ਮੁੜ ਤਾਰਾਂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਲਾ ਕੇ ਜਰਨੈਲੀ ਸੜਕ ਜਾਮ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰੀਬ 15 ਸਾਲ ਪਹਿਲਾਂ ਵੀ ਇਸੇ ਤਰ੍ਹਾਂ ਹਾਈਟੈਂਸ਼ਨ ਤਾਰਾਂ ਪਾਈਆਂ ਗਈਆਂ ਸਨ, ਜਿਸ ਦੇ ਨਤੀਜੇ ਵੱਜੋਂ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ। ਹੁਣ ਮੁੜ ਅਜਿਹੇ ਯਤਨ ਕੀਤੇ ਜਾ ਰਹੇ ਹਨ, ਜੋ ਕਿਸੇ ਕੀਮਤ ’ਤੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਦਾ ਇੱਕ ਵਫ਼ਦ ਇਸ ਸਬੰਧੀ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੂੰ ਮਿਲਿਆ ਸੀ, ਜਿਨ੍ਹਾਂ ਭਰੋਸਾ ਦਿੱਤਾ ਸੀ ਕਿ ਇਹ ਤਾਰਾਂ ਪਿੰਡ ’ਚੋਂ ਨਹੀਂ ਲੰਘਣਗੀਆਂ। ਇਸ ਸਬੰਧੀ ਪਾਵਰ ਵਰਕਸ ਵਿਭਾਗ ਦੇ ਐੱਸਡੀਓ ਅਰਪਿੰਦਰ ਸਿੰਘ ਦਿਓਲ ਨੇ ਕਿਹਾ ਕਿ ਸਾਰਾ ਕੰਮ ਨਿਯਮਾਂ ਅਨੁਸਾਰ ਕੀਤਾ ਜਾ ਰਿਹਾ ਹੈ। ਫਰਨੈੱਸ ਯੂਨਿਟ ਵੱਲੋਂ ਬਣਦੀ ਫੀਸ ਜਮ੍ਹਾਂ ਕਰਵਾਉਣ ਮਗਰੋਂ ਲੋਡ ਵਧਾਉਣ ਦੀ ਅਰਜ਼ੀ ਦਿੱਤੀ ਗਈ ਸੀ। ਐਸਟੀਮੇਟ ਪਾਸ ਹੋਣ ਮਗਰੋਂ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਵਿਰੋਧ ਕਰਨਾ ਠੀਕ ਨਹੀਂ ਹੈ।