ਮਾਂ-ਬੋਲੀ ਦਾ ਦੁਰਲੱਭ ਖ਼ਜ਼ਾਨਾ
ਤੇਜਾ ਸਿੰਘ ਤਿਲਕ
ਇਕ ਪੁਸਤਕ - ਇਕ ਨਜ਼ਰ
ਪੰਜਾਬੀ ਦੇ ਖੋਜੀ ਵਿਦਵਾਨ ਡਾ. ਗੁਰਦੇਵ ਸਿੰਘ ਸਿੱਧੂ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਉਨ੍ਹਾਂ ਨੇ 43 ਪੁਸਤਕਾਂ ਪੰਜਾਬੀ, ਛੇ ਅੰਗਰੇਜ਼ੀ, ਤਿੰਨ ਹਿੰਦੀ ਅਤੇ ਇਕ ਮਰਾਠੀ ਵਿਚ ਪ੍ਰਕਾਸ਼ਿਤ ਕਰਵਾਈਆਂ ਹਨ। ਡਾ. ਸਿੱਧੂ ਦੀ ਖੋਜ ਦੇ ਤਿੰਨ ਖੇਤਰ ਪ੍ਰਮੁੱਖ ਹਨ: ਪਹਿਲਾ, ਅੰਗਰੇਜ਼ਾਂ ਤੋਂ ਆਜ਼ਾਦੀ ਲਈ ਲੜੇ ਗਏ ਘੋਲ ਬਾਰੇ ਰਚੀ ਗਈ ਪੰਜਾਬੀ ਕਵਿਤਾ। ਦੂਜਾ, ਪੰਜਾਬੀ ਕਿੱਸਾ ਸਾਹਿਤ ਅਤੇ ਤੀਜਾ, ਅੰਗਰੇਜ਼ੀ ਰਾਜ ਸਮੇਂ ਦੇ ਪੰਜਾਬ ਦਾ ਇਤਿਹਾਸ। ਹੱਥਲੀ ਪੁਸਤਕ ‘ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ’ (ਕੀਮਤ: 300 ਰੁਪਏ; ਚੰਡੀਗੜ੍ਹ ਯੂਨੀਵਰਸਿਟੀ) ਉਨ੍ਹਾਂ ਦੇ ਤੀਜੇ ਖੇਤਰ ਨਾਲ ਸੰਬੰਧਿਤ ਖੋਜ ਪੁਸਤਕ ਹੈ। ਇਹ ਉਨ੍ਹਾਂ ਦੀ ਇਸ ਲੜੀ ਦੀਆਂ ਹੋਰ ਪੁਸਤਕਾਂ ਦੋ ਸ਼ਹੀਦੀ ਸਾਕੇ (ਤਰਨਤਾਰਨ ਅਤੇ ਨਨਕਾਣਾ ਸਾਹਿਬ), ਰੋਜ਼ਨਾਮਚਾ ਗੁਰੂ ਕਾ ਬਾਗ, ਕਾਮਾਗਾਟਾਮਾਰੂ ਜਹਾਜ਼ ਤੇ ਬਾਬਾ ਗੁਰਦਿੱਤ ਸਿੰਘ ਅਤੇ ਕੂਕਾ ਲਹਿਰ ਬਾਰੇ ਲਿਖੀਆਂ ਪੁਸਤਕਾਂ ਨੂੰ ਅੱਗੇ ਤੋਰਦੀ ਹੈ। ਡਾ. ਸਿੱਧੂ ਨੇ ਭੁੱਲਦੇ ਜਾ ਰਹੇ, ਕਵਿਤਾ ਵਿਚ ਲਿਖਣ ਵਾਲੇ, ਘਟਨਾਵਾਂ ਵਾਪਰਨ ਸਮੇਂ ਹਾਜ਼ਰ ਕਵੀਆਂ ਦੀ ਰਚਨਾ ਸਾਂਭਣ ਦੀ ਸਲਾਹੁਣਯੋਗ ਕੋਸ਼ਿਸ਼ ਕੀਤੀ ਹੈ।
ਡਾ. ਗੁਰਦੇਵ ਸਿੰਘ ਸਿੱਧੂ ਨੇ ਪਹਿਲਾਂ ‘ਸਾਕਾ’ ਸ਼ਬਦ ਦੀ ਪਰਿਭਾਸ਼ਾ ਦਸਮੇਸ਼ ਪਿਤਾ ਦੇ ‘ਬਚਿੱਤ੍ਰ ਨਾਟਕ’ ਵਿਚ ਫੁਰਮਾਏ, ਪਿਤਾ ਗੁਰੂ ਤੇਗ਼ ਬਹਾਦਰ ਜੀ ਦੁਆਰਾ ਚਾਂਦਨੀ ਚੌਕ ਦਿੱਲੀ ਵਿਖੇ ਕੀਤੇ ਮਹਾਨ ਸੂਰਬੀਰਤਾ ਦੇ ਕਾਰਨਾਮੇ ਤੋਂ ਲੈਣ ਦੀ ਗੱਲ ਕੀਤੀ ਹੈ। ‘ਸਾਕਾ’ ਸੂਰਮੇ ਦਾ ਲੋਕ ਹਿੱਤਾਂ ਲਈ ਜਾਨ ’ਤੇ ਖੇਡ ਜਾਣ ਦੀ ਘਟਨਾ ਹੁੰਦੀ ਹੈ। ਪੰਜਾ ਸਾਹਿਬ ਵਿਖੇ ਵੀ ਇੰਜ ਹੋਇਆ। ਕਰਤਾਰ ਸਿੰਘ ਦੁੱਗਲ ਨੇ ਇਸ ਬਿਰਤਾਂਤ ਨੂੰ ਆਪਣੀ ਚਰਚਿਤ ਕਹਾਣੀ ‘ਕਰਾਮਾਤ’ ਵਿਚ ਬੜੇ ਪ੍ਰਭਾਵਸ਼ਾਲੀ ਰੂਪ ਵਿਚ ਵਰਣਿਤ ਕੀਤਾ ਹੈ। ਸੋ ਡਾ. ਸਿੱਧੂ ਨੇ ਪੰਜਾ ਸਾਹਿਬ ਵਿਖੇ ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਸ਼ਾਂਤਮਈ ਸਤਿਆਗ੍ਰਹਿ ਦੌਰਾਨ ਗ੍ਰਿਫ਼ਤਾਰੀ ਦੇਣ ਵਾਲੇ ਰਿਟਾਇਰਡ ਪੈਨਸ਼ਨੀਏ ਸਿੰਘਾਂ ਦੇ ਜਥੇ ਨੂੰ ਗ੍ਰਿਫ਼ਤਾਰ ਕਰ ਕੇ ਦੂਰ-ਦੁਰਾਡੇ ਰੇਲਗੱਡੀ ਰਾਹੀਂ ਭੇਜੇ ਜਾਣ ਸਮੇਂ ਵਾਪਰੀ ਘਟਨਾ ਦਾ ਖੋਜ ਵਿਸ਼ਾ ਲਿਆ। ਜਿਵੇਂ ਕਿ ਪਹਿਲੇ ਜਥਿਆਂ ਨੂੰ ਵੀ ਸਟੇਸ਼ਨਾਂ ’ਤੇ ਸਥਾਨਕ ਸੰਗਤਾਂ ਚਾਹ-ਪਾਣੀ ਤੇ ਲੰਗਰ ਛਕਾਉਂਦੀਆਂ ਸਨ। ਉਸੇ ਕੜੀ ਵਿਚ ਪੰਜਾ ਸਾਹਿਬ (ਹਸਨ ਅਬਦਾਲ) ਦੇ ਰੇਲਵੇ ਸਟੇਸ਼ਨ ’ਤੇ ਸੰਗਤ ਗੁਰੂਘਰ ਤੋਂ ਅਰਦਾਸ ਕਰ ਕੇ ਤੁਰ ਪਈ। ਅੰਗਰੇਜ਼ ਅਫ਼ਸਰਾਂ ਨੂੰ ਇਹ ਕੰਮ ਮੋਰਚੇ ਦੇ ਪੱਖ ਵਿਚ ਤੇ ਸਰਕਾਰ ਵਿਰੋਧੀ ਜਾਪਿਆ। ਉਨ੍ਹਾਂ ਨੇ ਵਿਸ਼ੇਸ਼ ਗੱਡੀ ਕੈਦੀਆਂ ਦੀ ਭਰ ਕੇ ਰਾਹ ਵਿਚ ਕਿਤੇ ਵੀ ਨਾ ਰੋਕਣ ਦੀ ਤਾਕੀਦ ਕਰ ਕੇ ਭੇਜ ਦਿੱਤੀ। ਪੰਜਾ ਸਾਹਿਬ ਦੀ ਸੰਗਤ ਨੇ ਸਟੇਸ਼ਨ ਮਾਸਟਰ ਰਾਹੀਂ ਕਈ ਸੁਨੇਹੇ ਲੰਗਰ ਲਈ ਗੱਡੀ ਰੋਕਣ ਦੇ ਭੇਜੇ। ਜਦੋਂ ਨਾ ਮੰਨੇ ਤਾਂ ਸਿੰਘ ਕਈ ਮੀਲ ਤੱਕ ਰੇਲ ਪਟੜੀ ’ਤੇ ਜਾ ਬੈਠੇ। ਆਖ਼ਰ ਦੋ ਸਿਦਕੀ ਸਿੰਘਾਂ ਕਰਮ ਸਿੰਘ ਤੇ ਪ੍ਰਤਾਪ ਸਿੰਘ ਨੂੰ ਸ਼ਹੀਦ ਅਤੇ ਛੇ ਹੋਰ ਨੂੰ ਜ਼ਖ਼ਮੀ ਕਰਕੇ ਗੱਡੀ ਰੁਕ ਗਈ। ਸਿੰਘਾਂ ਨੇ ਕੈਦੀ ਜਥੇ ਨੂੰ ਸ਼ਰਧਾ ਤੇ ਪ੍ਰੇਮ ਨਾਲ ਲੰਗਰ ਛਕਾਉਣ ਉਪਰੰਤ ਹੀ ਗੱਡੀ ਤੁਰਨ ਦੀ ਆਗਿਆ ਦਿੱਤੀ।
ਦੂਜੇ ਕਾਰਨਾਮਿਆਂ ਬਾਰੇ ਪੰਜਾਬੀ ਕਵੀਆਂ ਵੱਲੋਂ ਲਿਖੀ ਜਾਂਦੀ ਕਵਿਤਾ ਦੀ ਤਰ੍ਹਾਂ ਇਸ ਸਾਕੇ ਬਾਰੇ ਵੀ ਬਹੁਤ ਸਾਰੇ ਕਵੀਆਂ ਨੇ ਛੰਦ ਲਿਖੇ। ਇਨ੍ਹਾਂ ਵਿਚੋਂ ਵਧੇਰੇ ਕਰਕੇ ਸਿੰਘਾਂ ਦੇ ਨਿੱਤ ਨਵੇਂ ਮੋਰਚਿਆਂ ’ਤੇ ਰਹਿਣ ਕਰਕੇ ਸਮੇਂ ਦੀ ਧੂੜ ਵਿਚ ਗੁਆਚ ਗਏ। ਡਾ. ਸਿੱਧੂ ਦਾ ਅੰਗਰੇਜ਼ ਵਿਰੋਧੀ ਲਹਿਰਾਂ ਦੇ ਬਿਰਤਾਂਤ ਇਕੱਤਰ ਕਰਦਿਆਂ ਏਧਰ ਧਿਆਨ ਆਇਆ ਤਾਂ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਕੁਝ ਕਾਵਿ ਇਕੱਠਾ ਕੀਤਾ। ਕੁੱਲ ਸੋਲ੍ਹਾਂ ਕਵੀਆਂ ਦੀ ਭਾਲ ਕਰਨ ’ਤੇ ਵੀ ਮਸਾਂ ਗਿਆਰਾਂ ਦੀਆਂ ਰਚਨਾਵਾਂ ਪ੍ਰਾਪਤ ਹੋਈਆਂ ਜਨਿ੍ਹਾਂ ਨੂੰ ਸੰਪਾਦਕ ਨੇ ਪੰਜਾਬੀ ਅੱਖਰਕ੍ਰਮ ਅਨੁਸਾਰ ਪੁਸਤਕ ਵਿਚ ਸ਼ਾਮਿਲ ਕੀਤਾ ਹੈ। ਹਰ ਕਵੀ ਬਾਰੇ ਮੁੱਢਲੀ ਜਾਣਕਾਰੀ, ਤਸਵੀਰ ਅਤੇ ਸਾਕੇ ਬਾਰੇ ਪ੍ਰਾਪਤ ਪੂਰੀ ਕਾਵਿ-ਰਚਨਾ ਸ਼ਾਮਿਲ ਕੀਤੀ। ਕਈ ਕਿੱਸੇ ਅੰਮ੍ਰਿਤਸਰ ਦੇ ਮਾਈ ਸੇਵਾਂ ਬਜ਼ਾਰ ਦੇ ਪੁਸਤਕਾਂ ਵਾਲਿਆਂ ਦੇ ਛਾਪੇ ਲੱਭੇ। ਇਕ ਕਿੱਸਾ ਬਖ਼ਸ਼ੀਸ਼ ਸਿੰਘ ਦਾ ਉਰਦੂ ਵਿਚ ਲਿਖਿਆ ਲੱਭ ਕੇ ਪੰਜਾਬੀ ਲਿਪੀਅੰਤਰਣ ਕੀਤਾ ਹੈ। ਕਈ ਕਿੱਸਿਆਂ ਦੇ ਟਾਈਟਲ ਦੇ ਚਿੱਤਰ ਵੀ ਲਗਾਏ ਹਨ। ਵਿਧਾਤਾ ਸਿੰਘ ਤੀਰ ਦੀ ਜ਼ਬਤਸ਼ੁਦਾ ਪੁਸਤਕ ‘ਤੀਰ ਤਰੰਗ’ ਢੂੰਡ ਕੇ ਸੰਬੰਧਿਤ ਕਵਿਤਾ ਸ਼ਾਮਿਲ ਕੀਤੀ ਹੈ।
ਡਾ. ਸਿੱਧੂ ਨੇ ਇਕ ਵਿਸ਼ੇਸ਼ ਗੱਲ ਲੱਭੀ ਹੈ ਜੋ ਗੱਡੀ ਛੰਦ ਬਾਰੇ ਹੈ। ਇਸ ਦੇ ਰੇਲ ਗੱਡੀ, ਸਟੇਸ਼ਨ ਤੇ ਘਟਨਾ ਨਾਲ ਸੰਬੰਧਾਂ ਵਿਚੋਂ ਪੈਦਾ ਹੋਣ ਦੀ ਮੌਲਿਕ ਧਾਰਨਾ ਸਾਹਮਣੇ ਲਿਆਂਦੀ ਹੈ। ਇਸ ਦਾ ਮੋਢੀ ਗਿਆਨੀ ਸੋਹਣ ਸਿੰਘ ਸੀਤਲ ਨੂੰ ਮੰਨਦਿਆਂ, ਨਿਧਾਨ ਸਿੰਘ ਆਲਮ, ਬਖ਼ਸ਼ੀਸ਼ ਤੇ ਬੂਟਾ ਸਿੰਘ ਲੈਹਰੀ ਵੱਲੋਂ ਅੱਗੇ ਤੋਰਦਿਆਂ ਗੱਡੀ ਛੰਦ ਸੂਰਮਗਤੀ ਦੇ ਬਿਆਨ ਲਈ ਪ੍ਰਸਿੱਧ ਕਰ ਦਿੱਤਾ। ਦੇਵਾ ਸਿੰਘ ਕਿਰਤੀ, ਨਿਰੰਜਣ ਸਿੰਘ ਸਰਲ, ਕਰਨੈਲ ਸਿੰਘ ਪਾਰਸ ਰਾਮੂਵਾਲੀਆ ਅਤੇ ਮਹਾਂ ਸਿੰਘ ਦੀਆਂ ਪੂਰਣ ਰਚਨਾਵਾਂ ਇਸ ਸੰਗ੍ਰਹਿ ਵਿਚ ਸ਼ਾਮਿਲ ਹਨ।
ਇਕ ਜ਼ਰੂਰੀ ਗੱਲ ਪੁਸਤਕ ਦੇ ਟਾਈਟਲ ਬਾਰੇ ਕਰਨੀ ਬਣਦੀ ਹੈ। ਸੰਪਾਦਕ ਡਾ. ਸਿੱਧੂ ਨੇ ‘ਬਾਬਾ ਬਕਾਲੇ ਵਾਲਾ’ ਇਕ ਖੋਜ ਪੁਸਤਕ ਲਿਖਦਿਆਂ ਜਦੋਂ ਬਕਾਲਾ ਗੁਰੂਘਰ ਵਿਖੇ ਇਕ ਕੰਧ ਚਿੱਤਰ ਵੇਖਿਆ ਤਾਂ ਉਸ ਦੀ ਤੁਰੰਤ ਫ਼ੋਟੋ ਖਿੱਚ ਲਈ। ਇਹ ਚਿੱਤਰ ਇਸ ਉੱਪਰ ਉਸ ਵੇਲੇ ਦੇ ਅੱਖਰਾਂ ਵਿਚ ਲਿਖੀ ਇਬਾਰਤ ਸਮੇਤ ਸਾਕਾ ਪੰਜ ਸਾਹਿਬ ਦੀ ਇਸ 1922 ਦੀ ਘਟਨਾ ਬਾਰੇ ਹੈ ਜੋ ਹੂਬਹੂ ਇਸ ਪੁਸਤਕ ਦਾ ਅਮੁੱਖ ਆਵਰਣ ਹੈ। ਇਉਂ ਸਮੁੱਚਾ ਸੰਗ੍ਰਹਿ ਵੇਖਦਿਆਂ ਡਾ. ਗੁਰਦੇਵ ਸਿੰਘ ਸਿੱਧੂ ਦੀ ਖੋਜੀ ਬਿਰਤੀ ਅਤੇ ਕਲਮ ਨੂੰ ਸਿਜਦਾ ਕਰਨ ਨੂੰ ਚਿੱਤ ਕਰਦਾ ਹੈ। ਭਾਵੇਂ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਦਾ ਧੰਨਵਾਦ ਕਰਨੋਂ ਵੀ ਨਹੀਂ ਰਹਿ ਸਕਦੇ ਜਨਿ੍ਹਾਂ ਨੇ ਡਾ. ਸਿੱਧੂ ਦੀਆਂ ਇਸ ਪੁਸਤਕ ਸਮੇਤ ਕਈ ਪੁਸਤਕਾਂ ਪ੍ਰਕਾਸ਼ਿਤ ਕਰਨ ਦੀ ਸੇਵਾ ਕੀਤੀ। ਸਮੁੱਚੇ ਰੂਪ ਵਿਚ ਜੋ ਕਾਰਜ ਡਾ. ਸਿੱਧੂ ਨੇ ਕੀਤਾ ਹੈ ਤੇ ਕਰ ਰਹੇ ਹਨ, ਉਹ ਇਕ ਸੰਸਥਾ ਦਾ ਕੰਮ ਹੈ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਡਾ. ਗੁਰਦੇਵ ਸਿੰਘ ਸਿੱਧੂ ਇਕ ਸੰਸਥਾ ਨਿਆਈਂ ਮਾਂ-ਬੋਲੀ ਦਾ ਦੁਰਲੱਭ ਖ਼ਜ਼ਾਨਾ ਲੱਭ ਕੇ ਸਾਂਭ ਰਹੇ ਹਨ।
ਸੰਪਰਕ: 98766-36159