ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕ ਦਿਲਾਂ ਦੀ ‘ਰਾਣੀ’ ਰਣਜੀਤ ਕੌਰ

07:51 AM Apr 27, 2024 IST

ਮੇਜਰ ਸਿੰਘ ਜਖੇਪਲ

Advertisement

ਪੰਜਾਬੀ ਗਾਇਕਾਵਾਂ ਵਿੱਚੋਂ ਰਣਜੀਤ ਕੌਰ ਪਹਿਲੀ ਅਜਿਹੀ ਗਾਇਕਾ ਹੈ ਜਿਸ ਨੇ ਲਗਭਗ 45 ਸਾਲ ਸਟੇਜਾਂ ’ਤੇ ਗਾਇਆ ਹੈ। ਇੱਕ ਪਰਿਵਾਰ ਦੀ ਚੌਥੀ ਪੀੜ੍ਹੀ ਤੱਕ ਦੇ ਲੋਕਾਂ ਨੇ ਰਣਜੀਤ ਕੌਰ ਦੀ ਗਾਇਕੀ ਦਾ ਆਨੰਦ ਲਿਆ ਹੈ। ਜੇਕਰ ਉਸ ਦੀ ਆਵਾਜ਼ ਖ਼ਰਾਬ ਨਾ ਹੁੰਦੀ ਤਾਂ ਉਸ ਨੇ ਆਪਣੇ ਗਾਇਕੀ ਜੀਵਨ ਦੀ ਅੱਧੀ ਸਦੀ ਪੂਰੀ ਕਰ ਲੈਣੀ ਸੀ। ਉਸ ਦਾ ਕਹਿਣਾ ਹੈ ਕਿ ਉਸ ਦੀ ਆਵਾਜ਼ ਨੂੰ ਪਤਾ ਨਹੀਂ ਇਕਦਮ ਕੀ ਹੋ ਗਿਆ? ਬੜੀਆਂ ਦਵਾਈਆਂ, ਬੂਟੀਆਂ ਖਾਧੀਆਂ ਪਰ ਕਿਤੋਂ ਵੀ ਫ਼ਰਕ ਨਹੀਂ ਪਿਆ। ਜ਼ਿੰਦਗੀ ਦੇ ਜਿਸ ਦੌਰ ’ਚੋਂ ਰਣਜੀਤ ਕੌਰ ਹੁਣ ਲੰਘ ਰਹੀ ਹੈ, ਉਹ ਹਾਸਿਆਂ ਵਾਲਾ ਘੱਟ ਤੇ ਉਦਾਸੀਆਂ ਵਾਲਾ ਵੱਧ ਹੈ। ਗੱਲਾਂ ਕਰਦਿਆਂ-ਕਰਦਿਆਂ ਉਸ ਦਾ ਅੰਦਰਲਾ ਦਰਦ ਅੱਖਾਂ ’ਚ ਹੰਝੂ ਦੇ ਰੂਪ ਵਿੱਚ ਝਲਕ ਜਾਂਦਾ ਹੈ। ਉਹ ਇਸ ਨੂੰ ਹਾਸੇ ਵਿੱਚ ਛੁਪਾਉਣ ਦਾ ਯਤਨ ਕਰਦੀ ਹੈ ਪਰ ਉਸ ਦਾ ਗੰਭੀਰ ਚਿਹਰਾ ਤੇ ਅੰਦਰਲਾ ਕਲਾਕਾਰ ਅਜਿਹਾ ਕਰਨ ਦੀ ਇਜ਼ਾਜਤ ਨਹੀਂ ਦਿੰਦਾ।
ਰਣਜੀਤ ਕੌਰ ਦੀ ਜਨਮ ਭੂਮੀ ਰੋਪੜ ਹੈ। ਪਿਤਾ ਗਿਆਨੀ ਆਤਮਾ ਸਿੰਘ ਤੇ ਮਾਤਾ ਪ੍ਰਕਾਸ਼ ਕੌਰ ਦੀ ਫੁੱਲਵਾੜੀ ਵਿੱਚ ਰਣਜੀਤ ਕੌਰ, ਬਲਵੰਤ ਕੌਰ, ਜਸਵੀਰ ਕੌਰ ਤੇ ਪਰਮਵੀਰ ਸਿੰਘ ਹਨ। ਗਿਆਨੀ ਆਤਮਾ ਸਿੰਘ ਸੰਗੀਤ ਨੂੰ ਪਿਆਰ ਕਰਨ ਵਾਲੇ ਇਨਸਾਨ ਸਨ ਤੇ ਉਨ੍ਹਾਂ ਦੀ ਯਮਲਾ ਜੱਟ ਨਾਲ ਕਾਫ਼ੀ ਨੇੜਤਾ ਸੀ। ਉਹ ਯਮਲਾ ਜੱਟ ਨੂੰ ਰੋਪੜ ਧਾਰਮਿਕ ਸਮਾਗਮਾਂ ਵਿੱਚ ਸੱਦਿਆ ਕਰਦੇ ਸਨ। ਘਰ ਵਿੱਚ ਸੰਗੀਤਕ ਮਾਹੌਲ ਬਣਨ ਕਰਕੇ ਬੀਬਾ ਰਣਜੀਤ ਕੌਰ ਗੁਰਦੁਆਰੇ ਵਿੱਚ ਅਕਸਰ ਗੁਰਬਾਣੀ ਦੇ ਛੋਟੇ-ਛੋਟੇ ਸ਼ਬਦ ਗਾਉਣ ਲੱਗ ਪਈ। ਗਿਆਨੀ ਜੀ ਬਿਜਲੀ ਦੇ ਚੰਗੇ ਮਿਸਤਰੀ ਸਨ। ਉਹ ਲੁਧਿਆਣੇ ਆਪਣੇ ਕੰਮ ਦੀ ਤਲਾਸ਼ ਵਿੱਚ ਆਏ ਸਨ ਤੇ ਉਨ੍ਹਾਂ ਨੂੰ ਇੱਕ ਕੰਪਨੀ ਵਿੱਚ ਕੰਮ ਮਿਲ ਗਿਆ ਜਿਸ ਕਰਕੇ ਉਹ ਰੋਪੜ ਤੋਂ ਆਪਣੇ ਸਾਰੇ ਪਰਿਵਾਰ ਨੂੰ ਲੁਧਿਆਣੇ ਲੈ ਆਏ। ਇੱਥੇ ਆ ਕੇ ਰਣਜੀਤ ਕੌਰ ਨੇ ਆਪਣੀ ਪੜ੍ਹਾਈ ਜਾਰੀ ਰੱਖੀ।
ਲੁਧਿਆਣਾ ਵਿੱਚ ਸੱਜਣ ਸਿੰਘ ਹੂੰਝਣ ਨਾਂ ਦਾ ਵਿਅਕਤੀ ਸੀ ਜੋ ਗੀਤ ਵੀ ਲਿਖਦਾ ਸੀ। ਉਹ ਬਿਜਲੀ ਦਾ ਸਾਰਾ ਕੰਮ ਗਿਆਨੀ ਜੀ ਤੋਂ ਕਰਵਾਉਂਦੇ ਸਨ। ਹੂੰਝਣ ਦਾ ਇੱਕ ਸ਼ਾਗਿਰਦ ਅਮਰ ਸਿੰਘ ਸ਼ੇਰਪੁਰੀ ਸੀ ਜੋ ਸੁਰੀਲਾ ਗਾਇਕ ਸੀ। ਤਿਰਲੋਕ ਸਿੰਘ ਬੈਂਜੋ ਮਾਸਟਰ ਵੀ ਗਿਆਨੀ ਆਤਮਾ ਸਿੰਘ ਦਾ ਚੰਗਾ ਦੋਸਤ ਸੀ, ਉਸ ਕੋਲ ਸ਼ੇਰਪੁਰੀ ਦਾ ਆਉਣਾ-ਜਾਣਾ ਸੀ। ਤਿਰਲੋਕ ਸਿੰਘ ਦੇ ਕਹਿਣ ’ਤੇ ਗਿਆਨੀ ਜੀ ਬੀਬਾ ਰਣਜੀਤ ਕੌਰ ਨੂੰ ਉਨ੍ਹਾਂ ਕੋਲ ਲੈ ਕੇ ਚਲੇ ਗਏ। ਰਣਜੀਤ ਕੌਰ ਨੇ ਸ਼ੇਰਪੁਰੀ ਨਾਲ ਰਿਹਰਸਲ ਕੀਤੀ ਤੇ ਹੂੰਝਣ ਦਾ ਲਿਖਿਆ ਗੀਤ ‘ਮਾਹੀ ਵੇ ਮਾਹੀ ਮੈਨੂੰ ਭੰਗ ਚੜ੍ਹ ਗਈ’ ਰਿਕਾਰਡ ਕਰਵਾਇਆ। ਪਹਿਲਾ ਗੀਤ ਹੋਣ ਕਰਕੇ ਕੰਪਨੀ ਵਾਲਿਆਂ ਨੇ ਰਣਜੀਤ ਕੌਰ ਦੇ ਪਿਤਾ ਤੋਂ ਕੁਝ ਲੈਣ-ਦੇਣ ਦੀ ਮੰਗ ਕੀਤੀ ਪਰ ਉਨ੍ਹਾਂ ਦੇ ਨਾਂਹ ਕਰਨ ’ਤੇ ਇਹ ਗੱਲ ਇੱਥੇ ਹੀ ਠੱਪ ਹੋ ਗਈ।
ਫਿਰ ਇੱਕ ਦਿਨ ਮਾਤਾ ਰਾਣੀ ਚੌਕ ਲੁਧਿਆਣਾ ਕੋਲ ਇੱਕ ਕਾਰਖਾਨੇ ਵਿੱਚ ਕਿਸੇ ਦੇ ਜਨਮ ਦਿਨ ਦੀ ਪਾਰਟੀ ਸੀ ਜਿੱਥੇ ਨਾਮੀ ਕਲਾਕਾਰ ਪੁੱਜੇ ਹੋਏ ਸਨ। ਰਣਜੀਤ ਕੌਰ ਨੇ ਇਸ ਸਮਾਗਮ ਵਿੱਚ ਇੱਕ ਧਾਰਮਿਕ ਗੀਤ ‘ਗੁਰੂ ਦਸਮੇਸ਼ ਕਲਗੀਆਂ ਵਾਲਿਆ ਤੇਰੀ ਸ਼ਾਨ ਨਿਰਾਲੀ’ ਗਾਇਆ ਤਾਂ ਪੂਰੇ ਪੰਡਾਲ ਵਿੱਚ ਸੁੰਨ ਵਰਤ ਗਈ। ਇੱਕ ਸਕੂਲ ’ਚ ਪੜ੍ਹਦੀ ਕੁੜੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਫਿਰ ਉਹੀ ਕੰਪਨੀ ਵਾਲੇ ਰਣਜੀਤ ਕੌਰ ਤੇ ਸ਼ੇਰਪੁਰੀ ਨੂੰ ਐੱਚ.ਐੱਮ.ਵੀ. ਕੰਪਨੀ ਦਿੱਲੀ ਲੈ ਗਏ। ਉਸ ਵਕਤ ਆਸਾ ਸਿੰਘ ਮਸਤਾਨਾ, ਨਰਿੰਦਰ ਬੀਬਾ, ਯਮਲਾ ਜੱੱਟ, ਮੁਹੰਮਦ ਸਦੀਕ, ਰਾਜਿੰਦਰ ਰਾਜਨ ਤੇ ਸਵਰਨ ਲਤਾ ਐੱਚ.ਐੱਮ.ਵੀ. ਕੰਪਨੀ ਦੇ ਕਲਾਕਾਰ ਸਨ ਤੇ ਬਾਬੂ ਸੰਤ ਰਾਮ ਇਸ ਕੰਪਨੀ ਦੇ ਜਨਰਲ ਮੈਨੇਜਰ ਸਨ। ਰਣਜੀਤ ਕੌਰ ਦੀ ਇਸ ਪਹਿਲੀ ਰਿਕਾਰਡਿੰਗ ਵੇਲੇ ਮੁਹੰਮਦ ਸਦੀਕ ਐੱਚ.ਐੱਮ.ਵੀ. ਕੰਪਨੀ ਵਿੱਚ ਤੂੰਬੀ ਵਜਾਉਂਦੇ ਸਨ। ਬਾਬੂ ਸੰਤ ਰਾਮ ਨੇ ਸਦੀਕ ਨੂੰ ਕਿਹਾ, ‘‘ਇਹ ਪੰਜਾਬ ਤੋਂ ਨਵੇਂ ਕਲਾਕਾਰ ਆਏ ਨੇ। ਇਨ੍ਹਾਂ ਦੇ ਗੀਤ ਰਿਕਾਰਡ ਕਰਵਾ ਦਿਓ।’ ਉਸ ਵਕਤ ਸਦੀਕ ਨੇ ਕੋਈ ਬਹੁਤਾ ਧਿਆਨ ਨਾ ਦਿੱਤਾ ਕਿਉਂਕਿ ਰਣਜੀਤ ਕੌਰ ਦੀ ਕੋਈ ਵੀ ਪਹਿਚਾਣ ਨਹੀਂ ਸੀ। ਸਦੀਕ ਨੇ ਰਣਜੀਤ ਕੌਰ ਤੇ ਸ਼ੇਰਪੁਰੀ ਦਾ ਗੀਤ ‘ਮਾਹੀ ਵੇ ਮਾਹੀ ਮੈਨੂੰ ਭੰਗ ਚੜ੍ਹ ਗਈ’ ਰਿਕਾਰਡ ਕਰ ਲਿਆ। ਜਦੋਂ ਕੁਝ ਮਹੀਨਿਆਂ ਬਾਅਦ ਇਹ ਤਵਾ ਮਾਰਕੀਟ ਵਿੱਚ ਆਇਆ ਤਾਂ ਇਸ ਨੇ ਕੰਪਨੀ ਦੇ ਸਟਾਰ ਕਲਾਕਾਰਾਂ ਦੇ ਤਵਿਆਂ ਨੂੰ ਵੀ ਮਾਤ ਪਾ ਦਿੱਤੀ। ਫਿਰ ਰਣਜੀਤ ਕੌਰ ਤੇ ਅਮਰ ਸ਼ੇਰਪੁਰੀ ਨਾਲ ਰਿਕਾਰਡ ਗੀਤ ‘ਤੋਰੀਏ ਦੇ ਫੁੱਲ ਵਰਗੀ ਲੰਘੀ ਕੋਲ ਦੀ ਝਾਂਜਰਾਂ ਵਾਲੀ’ ਨੇ ਚੰਗੀ ਪਹਿਚਾਣ ਬਣਾਈ।
ਇਸ ਤੋਂ ਬਾਅਦ ਰਣਜੀਤ ਕੌਰ ਨੇ ਰਮੇਸ਼ ਰੰਗੀਲਾ, ਸੰਤ ਰਾਮ ਤੇ ਸਾਬਰ ਹੁਸੈਨ ਸਾਬਰ ਨਾਲ ਸਟੇਜੀ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ। ਇਸ ਵਕਤ ਮੁਹੰਮਦ ਸਦੀਕ, ਰਾਜਿੰਦਰ ਰਾਜਨ ਨਾਲ ਗਾਇਆ ਕਰਦਾ ਸੀ। ਜਦੋਂ ਰਾਜਿੰਦਰ ਰਾਜਨ ਬਿਮਾਰ ਹੋ ਗਈ ਤਾਂ ਸਦੀਕ ਰੰਜਨਾ ਤੇ ਰਣਜੀਤ ਕੌਰ ਨੂੰ ਪ੍ਰੋਗਰਾਮ ’ਤੇ ਨਾਲ ਲੈ ਗਿਆ। ਮੁਹੰਮਦ ਸਦੀਕ ਨੇ ਹੀ ਉਸਤਾਦ ਜਸਵੰਤ ਭੰਵਰਾ ਨੂੰ ਦੱਸਿਆ ਕਿ ਇਹ ਉਹ ਕੁੜੀ ਹੈ ਜਿਸ ਦੇ ਰਿਕਾਰਡ ਗੀਤ ਨੇ ਮਾਰਕੀਟ ਵਿੱਚ ਧੂੜਾਂ ਪੱਟ ਦਿੱਤੀਆਂ ਨੇ। ਇਸ ਤੋਂ ਬਾਅਦ ਰਣਜੀਤ ਕੌਰ ਨੇ ਲਗਭਗ ਡੇਢ ਸਾਲ ਸਾਬਰ ਹੁਸੈਨ ਸਾਬਰ ਨਾਲ ਸਟੇਜ ਪ੍ਰੋਗਰਾਮ ਕੀਤੇ। ਕਰਨੈਲ ਗਿੱਲ ਨਾਲ ਰਣਜੀਤ ਕੌਰ ਦੇ ਦੋ ਗੀਤ ਰਿਕਾਰਡ ਹੋਏ।
ਸੰਨ 1966 ਤੱਕ ਸਦੀਕ ਦੀ ਜੋੜੀ ਰਾਜਿੰਦਰ ਰਾਜਨ ਨਾਲ ਬਣੀ ਰਹੀ। ਜਦੋਂ (1967 ’ਚ) ਇੱਕ ਦਿਨ ਸਨੇਹ ਲਤਾ ਨੇ ਸਾਬਰ ਹੁਸੈਨ ਨੂੰ ਕਿਹਾ, ‘ਸਾਬਰ ਜੀ! ਸਦੀਕ ਤੇ ਰਾਜਨ ਦੀ ਜੋੜੀ ਟੁੱਟ ਗਈ ਹੈ, ਹੁਣ ਕੀ ਬਣੂੰ?’ ਇਸ ਤੋਂ ਕੁਝ ਦਿਨਾਂ ਬਾਅਦ ਹੀ ਸਦੀਕ ਤੇ ਰਣਜੀਤ ਕੌਰ ਦੀ ਨਵੀਂ ਦੋਗਾਣਾ ਜੋੜੀ ਦਾ ਜਨਮ ਹੋਇਆ। 4 ਮਾਰਚ 1967 ਨੂੰ ਇਸ ਜੋੜੀ ਨੇ ਪਿੰਡ ਰਾਜੇਆਣਾ (ਨੇੜੇ ਬਰਨਾਲਾ) ਵਿਖੇ ਆਪਣਾ ਪਹਿਲਾ ਅਖਾੜਾ ਲਾਇਆ। ਇਸ ਜੋੜੀ ਦੀ ਪਹਿਲੀ ਰਿਕਾਰਡਿੰਗ ‘ਤੇਰਾ ਲੈਣ ਮੁਕਲਾਵਾ ਨੀਂ ਮੈਂ ਆਇਆ ਬੱਲੀਏ’, ‘ਮੈਨੂੰ ਚਾਂਦੀ ਦੀਆਂ ਝਾਂਜਰਾਂ’, ‘ਮੇਰੇ ਵੇਚ ਕੇ ਸਲੀਪਰ ਕਾਲੇ’ ਤੇ ‘ਆਪੇ ਭੌਰ ਨੇ ਥੱਪੀਆਂ ਰੋਟੀਆਂ’ ਗੀਤਾਂ ਨਾਲ ਹੋਈ। ਫਿਰ ਤਾਂ ਚੱਲ ਸੌ ਚੱਲ। ਇਸ ਜੋੜੀ ਦੀ ਚਰਚਾ ਚਾਰੇ ਪਾਸੇ ਹੋਣ ਲੱਗੀ ਤੇ ਪ੍ਰੋਗਰਾਮਾਂ ਦੀਆਂ ਲਾਈਨਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ। ਦੋਗਾਣਿਆਂ ਦੇ ਮੇਚ ਦੀ ਸੁਰੀਲੀ ਆਵਾਜ਼ ਜਿੱਥੇ ਕਾਲਜੇ ਨੂੰ ਧੂਹ ਪਾਉਂਦੀ ਸੀ, ਉੱਥੇ ਰਣਜੀਤ ਕੌਰ ਦੀਆਂ ਸਟੇਜੀ ਅਦਾਵਾਂ ਵੀ ਮੱਲੋ-ਮੱਲੀ ਸਰੋਤਿਆਂ ਨੂੰ ਮੋਹ ਲੈਂਦੀਆਂ ਸਨ। ਰਣਜੀਤ ਕੌਰ ਦੀ ਇੱਕ ਝਲਕ ਪਾਉਣ ਲਈ ਲੋਕ ਮੀਲਾਂ ਦਾ ਪੈਂਡਾ ਤੈਅ ਕਰਕੇ ਅਖਾੜੇ ਵਿੱਚ ਪੁੱਜਦੇ ਸਨ।
‘ਮਲਕੀ ਕੀਮਾ’, ‘ਅੱਲੜਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ’, ‘ਵਿਆਹ ਵਾਲੇ ਦਿਨ’, ‘ਪਹਿਲੇ ਪਹਿਰ ਨੂੰ ਚੰਨ ਚੜ੍ਹ ਜਾਂਦਾ’, ‘ਸੌ ਦਾ ਨੋਟ’, ‘ਮਿੱਤਰਾਂ ਦੀ ਖੰਘ ਵਿੱਚ ਖੰਘ ਬੱਲੀਏ’, ‘ਜੱਟੀ ਮਿਲੀ ਜੱਟ ਨੂੰ ਪਤੰਗ ਵਰਗੀ’ ਤੇ ਹੋਰ ਸੈਂਕੜੇ ਗੀਤਾਂ ਨੂੰ ਅੱਜ ਵੀ ਲੋਕੀਂ ਰੂਹ ਨਾਲ ਸੁਣਦੇ ਹਨ। ਉਸ ਨੇ ਮੁਹੰਮਦ ਰਫ਼ੀ, ਮਹਿੰਦਰ ਕਪੂਰ ਤੇ ਸੁਰੇਸ਼ ਵਾਡੇਕਰ ਨਾਲ ਵੀ ਗਾਇਆ ਹੈ। ਮਾਪਿਆਂ ਦੀ ਲਾਡਲੀ ‘ਰਾਣੋ’ ਦੀ ਪਹਿਲੀ ਫਿਲਮ ‘ਕੁੱਲੀ ਯਾਰ ਦੀ’ ਸੀ। ਇਸ ਤੋਂ ਇਲਾਵਾ ਉਸ ਨੇ ‘ਰਾਣੋ’, ‘ਸੈਦਾ ਜੋਗਣ’, ‘ਗੁੱਡੋ’, ‘ਪਟੋਲਾ’, ‘ਸਰਪੰਚ’, ‘ਪੁੱਤ ਜੱਟਾਂ ਦੇ’ ਤੇ ਕਈ ਹੋਰ ਪੰਜਾਬੀ ਫਿਲਮਾਂ ਵਿੱਚ ਵੀ ਆਪਣੀਆਂ ਅਦਾਵਾਂ ਤੇ ਆਵਾਜ਼ ਦੇ ਜਲਵੇ ਬਿਖੇਰੇ ਹਨ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਪੰਜਾਬੀ ਫਿਲਮਾਂ ਦੀ ਹੀਰੋਇਨ ਦਲਜੀਤ ਕੌਰ ਨੂੰ ਛੱਡ ਕੇ ਲੋਕੀਂ ਰਣਜੀਤ ਕੌਰ ਦੇ ਦੁਆਲੇ ਹੋ ਜਾਂਦੇ ਸਨ ਪਰ ਅੱਜ ਦੀ ਰਣਜੀਤ ਕੌਰ ਅਤੀਤ ਦੀਆਂ ਇਨ੍ਹਾਂ ਗੱਲਾਂ ਨੂੰ ਚੇਤੇ ਕਰਦਿਆਂ ਹਉਕਾ ਭਰਕੇ ਚੁੱਪ ਵੱਟ ਲੈਂਦੀ ਹੈ।
ਜ਼ਿੰਦਗੀ ’ਚ ਕਈ ਘਟਨਾਵਾਂ ਵਾਪਰਨ ਦੇ ਬਾਵਜੂਦ ਰਣਜੀਤ ਕੌਰ ਨਿਰਾਸ਼ਾਵਾਦੀ ਨਹੀਂ ਬਣੀ। ਉਸ ਨੂੰ ਆਸ ਹੈ ਕਿ ਉਸ ਦੀ ਆਵਾਜ਼ ਜ਼ਰੂਰ ਠੀਕ ਹੋਵੇਗੀ। ਮੁਹੰਮਦ ਸਦੀਕ ਦਾ ‘ਰਾਣੋ’ ਦਿਲੋ ਸਤਿਕਾਰ ਕਰਦੀ ਹੈ। ਲੰਬਾ ਸਮਾਂ ਪੰਜਾਬੀ ਗਾਇਕੀ ਨੂੰ ਸਮਰਪਿਤ ਰਹੀ ਰਣਜੀਤ ਕੌਰ ਨੇ ਆਪਣੇ ਪੂਰੇ ਪਰਿਵਾਰ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਕਾਫ਼ੀ ਮਿਹਨਤ ਕੀਤੀ ਹੈ। ਰਣਜੀਤ ਕੌਰ ਦੀ ਮਿਹਨਤ ਸਦਕਾ ਅੱਜ ਪੂਰਾ ਪਰਿਵਾਰ ਖ਼ੁਸ਼ੀਆਂ ਤੇ ਸਤਿਕਾਰ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਰਣਜੀਤ ਕੌਰ ਦਾ ਭਰਾ ਪਰਮਵੀਰ ਸਿੰਘ ਬੌਲੀਵੁੱਡ ਦਾ ਜਾਣਿਆ ਪਹਿਚਾਣਿਆ ਨਾਂ ਹੈ। ਅਜੋਕੀ ਪੰਜਾਬੀ ਗਾਇਕੀ ਬਾਰੇ ਰਣਜੀਤ ਕੌਰ ਦਾ ਕਹਿਣਾ ਹੈ ਕਿ ਇਹ ‘ਹਨੇਰੇ ’ਚ ਹੱਥ ਮਾਰਨ’ ਵਰਗੀ ਹੋ ਗਈ ਹੈ। ਰਿਸ਼ਤੇ ਨਾਤੇ, ਕਹਾਣੀਆਂ ਤੇ ਸ਼ਬਦ ਕਿੱਥੇ ਗਏ? ਅੱਜਕੱਲ੍ਹ ਰਣਜੀਤ ਕੌਰ ਆਪਣੇ ਬੇਟੇ ਗੁਰਦਾਸ ਤੇ ਬਾਕੀ ਪਰਿਵਾਰ ਨਾਲ ਲੁਧਿਆਣਾ ਰਹਿ ਰਹੀ ਹੈ।
ਸੰਪਰਕ: 94631-28483

Advertisement
Advertisement
Advertisement