For the best experience, open
https://m.punjabitribuneonline.com
on your mobile browser.
Advertisement

ਉੱਚੇ ਕੱਦ ਦਾ ਮਾਲਕ ਰਾਣਾ ਰਣਬੀਰ

08:51 AM Mar 30, 2024 IST
ਉੱਚੇ ਕੱਦ ਦਾ ਮਾਲਕ ਰਾਣਾ ਰਣਬੀਰ
Advertisement

ਰਜਨੀ ਭਗਾਣੀਆ

Advertisement

ਹਰ ਇਨਸਾਨ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਮੌਜੂਦ ਹੁੰਦਾ ਹੈ ਬਸ ਜ਼ਰੂਰਤ ਹੁੰਦੀ ਹੈ ਉਸ ਗੁਣ ਨੂੰ ਤਰਾਸ਼ਣ ਦੀ। ਇੱਥੇ ਗੱਲ ਆਉਂਦੀ ਹੈ ਖ਼ੁਦ ਨੂੰ ਤਰਾਸ਼ਣ ਵਾਲੇ ਅਦਾਕਾਰ, ਹਾਸਰਸ ਕਲਾਕਾਰ, ਲੇਖਕ ਤੇ ਨਿਰਦੇਸ਼ਕ ਵਜੋਂ ਪਛਾਣ ਬਣਾਉਣ ਵਾਲੇ ਰਾਣਾ ਰਣਬੀਰ ਦੀ। ਉਸ ਦਾ ਜਨਮ 9 ਅਪਰੈਲ 1970 ਨੂੰ ਧੂਰੀ, ਜ਼ਿਲ੍ਹਾ ਸੰਗਰੂਰ ਵਿਖੇ ਪਿਤਾ ਮਾਸਟਰ ਮੋਹਨ ਸਿੰਘ ਦੇ ਘਰ ਹੋਇਆ। ਉਸ ਨੇ ਆਪਣੀ ਮੁੱਢਲੀ ਸਿੱਖਿਆ ਤੋਂ ਬਾਅਦ ਗ੍ਰੈਜੂਏਸ਼ਨ ਦੇਸ਼ ਭਗਤ ਕਾਲਜ ਧੂਰੀ ਤੋਂ ਤੇ ਥੀਏਟਰ ਅਤੇ ਟੈਲੀਵਿਜ਼ਨ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ।
ਜ਼ਿਆਦਾਤਰ ਇਹ ਹੁੰਦਾ ਹੈ ਕਿ ਜੋ ਜਿਸ ਖੇਤਰ ਵਿੱਚ ਕਾਮਯਾਬ ਹੁੰਦਾ ਹੈ ਉਹ ਉਸ ਦਾ ਸ਼ੌਕ ਜ਼ਰੂਰ ਰੱਖਦਾ ਹੈ, ਪਰ ਰਾਣਾ ਰਣਬੀਰ ਨਾਲ ਅਜਿਹਾ ਨਹੀਂ ਸੀ। ਉਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਦੂਜਿਆਂ ਦੇ ਰੰਗ ਰੂਪ, ਕੱਦ ਕਾਠ, ਸਰੀਰਕ ਬਣਤਰ ਨੂੰ ਲੈ ਕੇ ਮਜ਼ਾਕ ਕਰਦੇ ਰਹਿੰਦੇ ਹਨ। ਉਹ ਸਕੂਲ ਸਮੇਂ ਤੋਂ ਹੀ ਆਪਣੇ ਛੋਟੇ ਕੱਦ-ਕਾਠ ਕਾਰਨ ਹਾਸੇ ਦਾ ਪਾਤਰ ਰਿਹਾ। ਸਕੂਲ ਵਿੱਚ ਉਸ ਦਾ ਮਜ਼ਾਕ ਉਡਾਇਆ ਜਾਂਦਾ ਤੇ ਕਾਲਜ ਵਿੱਚ ਵੀ ਇਹੀ ਸਿਲਸਿਲਾ ਜਾਰੀ ਰਿਹਾ। ਉਹ ਅਕਸਰ ਆਪਣੇ ਆਂਢ-ਗੁਆਂਢ, ਸਕੂਲ ਅਧਿਆਪਕਾਂ, ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਆਪਣੇ ਛੋਟੇ ਕੱਦ ਕਾਰਨ ਕਈ ਗੱਲਾਂ ਸੁਣਦਾ ਜੋ ਉਸ ਨੂੰ ਜ਼ਿੰਦਗੀ ਵਿੱਚ ਬਹੁਤ ਵੱਡੀ ਕਮੀ ਹੋਣ ਦਾ ਅਹਿਸਾਸ ਕਰਾਉਂਦੇ ਰਹੇ। ਨਤੀਜੇ ਵਜੋਂ ਉਸ ਦਾ ਪੜ੍ਹਾਈ ਵਿੱਚ ਮਨ ਨਹੀਂ ਸੀ ਲੱਗਦਾ।
ਇਨ੍ਹਾਂ ਗੱਲਾਂ ਦਾ ਸਾਹਮਣਾ ਕਰਦੇ ਜਦੋਂ ਕਾਲਜ ਦੀ ਸ਼ੁਰੂਆਤ ਕੀਤੀ ਤਾਂ ਇਹ ਸਿਲਸਿਲਾ ਹੋਰ ਜ਼ਿਆਦਾ ਵਧ ਗਿਆ। ਕਦੇ ਮੁੰਡੇ ਉਸ ਨੂੰ ਕੱਛ ਵਿੱਚ ਲੈ ਕੇ ਗੱਲ ਕਰਦੇ ਤੇ ਕੋਈ ਬਚੀ, ਬੌਣਾ ਜਿਹਾ, ਤੂੰ ਖੜ੍ਹਾ ਕਿ ਬੈਠਾ, ਤੂੰ ਤਾਂ ਦਿਸਦਾ ਈ ਨ੍ਹੀਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਉਸ ਨੂੰ ਇਹ ਮਹਿਸੂਸ ਕਰਵਾਇਆ ਕਿ ਉਹ ਸ਼ਾਇਦ ਇਸ ਦੁਨੀਆ ਲਈ ਨਹੀਂ ਬਣਿਆ। ਇੱਥੋਂ ਤੱਕ ਕਿ ਲੋਕਾਂ ਦੀਆਂ ਗੱਲਾਂ ਤੋਂ ਤੰਗ ਆ ਕੇ ਰਾਣੇ ਨੇ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਬਣਾ ਲਿਆ ਸੀ ਕਿ ਨਾ ਕਿਸੇ ਨਾਲ ਬੋਲਣਾ ਨਾ ਖੇਡਣਾ ਬਸ ਚੁੱਪ ਚਾਪ ਜਿਹੇ ਤੇ ਗੁੱਸੇ ਵਿੱਚ ਰਹਿਣਾ। ਇਹ ਸਭ ਚੱਲ ਰਿਹਾ ਸੀ ਤਾਂ ਇੱਕ ਦਿਨ ਕੁਝ ਵਿਦਿਆਰਥੀਆਂ ਦੇ ਮਜ਼ਾਕ ਤੋਂ ਬਚਣ ਲਈ ਰਾਣਾ ਲਾਇਬ੍ਰੇਰੀ ਵਾਲੇ ਕਮਰੇ ਵਿੱਚ ਜਾ‌ ਵੜਿਆ। ਉਸ ਦੀ ਨਜ਼ਰ ਲਾਇਬ੍ਰੇਰੀ ਵਿੱਚ ਪਈ ਕਿਤਾਬ ‘ਪੂਰਨਮਾਸ਼ੀ’ (ਜਸਵੰਤ ਸਿੰਘ ਕੰਵਲ ਦਾ ਨਾਵਲ) ’ਤੇ ਪਈ ਤੇ ਇਹ ਨਾਵਲ ਰਾਣੇ ਨੇ ਪੜ੍ਹਨ ਲਈ ਰੱਖ ਲਿਆ। ਇਸ ਨੂੰ ਪੜ੍ਹਨ ਨਾਲ ਉਸ ਨੂੰ ਬਹੁਤ ਆਤਮ-ਵਿਸ਼ਵਾਸ ਮਿਲਿਆ, ਜਿਵੇਂ ਉਸ ਨੂੰ ਜਿਊਣ ਦਾ ਹੌਸਲਾ ਮਿਲ ਗਿਆ ਹੋਵੇ। ਉਸ ਤੋਂ ਬਾਅਦ ਉਸ ਨੇ ਕਿਤਾਬਾਂ ਦਾ ਲੜ ਫੜ ਲਿਆ ਤੇ ਹੋਰ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਕਿਤਾਬਾਂ ਨੇ ਉਸ ਨੂੰ ਆਪਣੇ ਪ੍ਰਤੀ ਵਿਸ਼ਵਾਸ ਪੈਦਾ ਕਰਨ ਵਿੱਚ ਬਹੁਤ ਮਦਦ ਕੀਤੀ।
ਕਿਤਾਬਾਂ ਤੋਂ ਮਿਲੇ ਆਤਮ-ਵਿਸ਼ਵਾਸ ਰਾਹੀਂ ਉਸ ਨੇ ਪਹਿਲੀ ਵਾਰ ਕਾਲਜ ਦੇ ਯੂਥ ਫੈਸਟੀਵਲ ਵਿੱਚ ਹਿੱਸਾ ਲਿਆ ਤੇ ‘ਅੰਨ੍ਹੇ ਨਿਸ਼ਾਨਚੀ’ ਨਾਟਕ ਖੇਡਿਆ। ਇਸ ਨਾਟਕ ਨੂੰ ਖੇਡਣ ਮਗਰੋਂ ਉਸ ਨੂੰ ਬਹੁਤ ਹੌਸਲਾ ਅਫ਼ਜ਼ਾਈ ਮਿਲੀ। ਉਸ ਤੋਂ ਬਾਅਦ ਉਹ ਅੱਗੇ ਵਧਿਆ ਤੇ ਬਹੁਤ ਸਾਰੇ ਮਸ਼ਹੂਰ ਹਾਸਰਸ ਕਲਾਕਾਰਾਂ ਨਾਲ 65 ਦੇ ਕਰੀਬ ਨਾਟਕ ਲਿਖੇ ਵੀ ਤੇ ਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ਖੇਡੇ। ਉਸ ਦੇ ਲਿਖੇ ਕੁਝ ਸਟੇਜ ਨਾਟਕ ਹਨ, ‘ਜ਼ਿੰਦਗੀ ਜ਼ਿੰਦਾਬਾਦ’, ‘ਜਸਮਾ ਓੜਨ’, ‘ਆਲ੍ਹਾ ਅਫ਼ਸਰ’, ‘ਅਖੀਰ ਕਦੋਂ ਤੱਕ’, ‘ਖੇਤਾਂ ਦਾ ਪੁੱਤ’ ਅਤੇ ‘ਗੁੱਡ ਮੈਨ ਦੀ ਲਾਲਟੈਣ’ ਆਦਿ। ਇਨ੍ਹਾਂ ਦੇ ਇਲਾਵਾ ਲਘੂ ਫਿਲਮਾਂ ਵਿੱਚ ‘ਖਿੱਚ ਘੁੱਗੀ ਖਿੱਚ’, ‘ਰਾਂਝਾ ਕਹਿੰਦਾ ਟੈਂਸ਼ਨ ਨ੍ਹੀਂ ਲੈਣੀ’, ‘ਮਿੱਠੀ’, ‘ਵਾਏ ਤੇ ਉਲਫ਼ਤ’ ਅਤੇ ਟੀਵੀ ਲੜੀਵਾਰਾਂ ਵਿੱਚ ‘ਪਰਛਾਵੇ’, ‘ਚਿੱਟਾ ਲਹੂ’ ਅਤੇ ‘ਪ੍ਰੋਫੈਸਰ ਮਨੀ ਪਲਾਂਟ’ ਦੇ ਨਾਮ ਸ਼ਾਮਲ ਹਨ।
ਟੈਲੀਵਿਜ਼ਨ ’ਤੇ ਆਉਣ ਦਾ ਮੌਕਾ ਉਸ ਨੂੰ 2000 ’ਚ ਆਏ ਭਗਵੰਤ ਮਾਨ ਦੇ ਹਾਸਰਸ ਸ਼ੋਅ ‘ਜੁਗਨੂੰ ਮਸਤ ਮਸਤ’ ਤੇ ‘ਨੌਟੀ ਨੰ. 1’ ਵਿੱਚ ਹਿੱਸਾ ਲੈ ਕੇ ਮਿਲਿਆ। ਉਸ ਨੇ ‘ਚਿੱਟਾ ਲਹੂ’ ਅਤੇ ‘ਪਰਛਾਵੇਂ’ ਵਰਗੇ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਵੀ ਕੰਮ ਕੀਤਾ। ਇਸ ਤਰ੍ਹਾਂ ਉਸ ਦੇ ਹੁਨਰ ਨੂੰ ਪਛਾਣ ਮਿਲੀ ਤੇ ਉਸ ਦਾ ਫਿਲਮੀ ਸਫ਼ਰ ਸ਼ੁਰੂ ਹੋਇਆ। ਇਸ ਵਿੱਚ ‘ਰੱਬ ਨੇ ਬਣਾਈਆਂ ਜੋੜੀਆਂ’, ‘ਮੇਰਾ ਪਿੰਡ’, ‘ਲੱਗਦੇ ਇਸ਼ਕ ਹੋ ਗਿਆ’, ‘ਚੱਕ ਜਵਾਨਾ’, ‘ਇੱਕ ਕੁੜੀ ਪੰਜਾਬ ਦੀ’, ‘ਕਬੱਡੀ ਇੱਕ ਮੁਹੱਬਤ’, ‘ਮਿੱਟੀ ’ਵਾਜ਼ਾਂ ਮਾਰਦੀ’, ‘ਪਤਾ ਨ੍ਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ’, ‘ਟੌਹਰ ਮਿੱਤਰਾਂ ਦੀ’, ‘ਕੈਰੀ ਆਨ ਜੱਟਾ’, ‘ਯਮਲੇ ਜੱਟ ਯਮਲੇ’, ‘ਰੰਗੀਲੇ’, ‘ਫੇਰ ਮਾਮਲਾ ਗੜਬੜ ਹੈ’, ‘ਕਬੱਡੀ ਵਨਸ ਅਗੇਨ’, ‘ਮੁੰਡੇ ਯੂ.ਕੇ ਦੇ’, ‘ਸਾਡੀ ਵੱਖਰੀ ਹੈ ਸ਼ਾਨ’, ‘ਓਏ ਹੋਏ ਪਿਆਰ ਹੋ ਗਿਆ’, ‘ਗੋਰਿਆਂ ਨੂੰ ਦਫ਼ਾ ਕਰੋ’, ‘ਮੰਜੇ ਬਿਸਤਰੇ’, ‘ਅਰਦਾਸ’, ‘ਲਵ ਪੰਜਾਬ’, ‘ਅਰਦਾਸ ਕਰਾਂ’, ‘ਸ਼ਾਵਾ ਨੀਂ ਗਿਰਧਾਰੀ ਲਾਲ’, ‘ਅੰਬਰਸਰੀਆ’, ‘ਅਸੀਸ’, ‘ਨਾਬਰ’, ‘ਪੰਜਾਬ 1984’ ਆਦਿ ਉਸ ਦੀ ਵਿਲੱਖਣ ਅਦਾਕਾਰੀ ਲਈ ਜ਼ਿਕਰਯੋਗ ਹਨ।
ਰਾਣੇ ਨੇ ਦੱਸਿਆ ਕਿ ਉਸ ਨੂੰ ਪੰਜਾਬੀ ਸਿਨੇਮਾ ਵਿੱਚ ਪ੍ਰਸਿੱਧ ਨਿਰਮਾਤਾ ਤੇ ਨਿਰਦੇਸ਼ਕ ਮਨਮੋਹਣ ਸਿੰਘ (ਮਨ ਜੀ) ਲੈ ਕੇ ਆਏ। ਜਿਸ ਦੇ ਯਕੀਨ ਸਦਕਾ ਉਸ ਨੂੰ ਉਨ੍ਹਾਂ ਦੁਆਰਾ ਲਿਖੀ ਫਿਲਮ ‘ਮੁੰਡੇ ਯੂ ਕੇ ਦੇ’ ਵਿੱਚ ਪਹਿਲੀ ਵਾਰ (ਸੰਵਾਦ) ਲਿਖਣ ਦਾ ਮੌਕਾ ਮਿਲਿਆ ਤੇ ਉਸ ਦੀ ਲੇਖਣੀ ਨੂੰ ਪਛਾਣ ਮਿਲੀ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ‘ਇੱਕ ਕੁੜੀ ਪੰਜਾਬ ਦੀ’, ‘ਅੱਜ ਦੇ ਰਾਂਝੇ’, ‘ਕਬੱਡੀ ਇੱਕ ਮੁਹੱਬਤ’, ‘ਫੇਰ ਮਾਮਲਾ ਗੜਬੜ’, ‘ਅਰਦਾਸ’, ‘ਅਰਦਾਸ ਕਰਾਂ’, ‘ਰੰਗੀਲੇ’, ‘ਮੰਜੇ ਬਿਸਤਰੇ’, ‘ਆ ਗਏ ਮੁੰਡੇ ਯੂ ਕੇ ਦੇ’, ‘ਲਾਲ ਸਿੰਘ ਚੱਢਾ’ (ਹਿੰਦੀ), ‘ਸ਼ਾਵਾ ਨੀਂ ਗਿਰਧਾਰੀ ਲਾਲ’ ਆਦਿ ਫਿਲਮਾਂ ਦੇ ਦਿਲ ਨੂੰ ਛੂਹ ਜਾਣ ਵਾਲੇ ਸ਼ਾਨਦਾਰ ਸੰਵਾਦ ਲਿਖੇ। ਇਹੀ ਨਹੀਂ ਉਸ ਨੇ ਬਤੌਰ ਪਟਕਥਾ ਲੇਖਕ ਤੇ ਨਿਰਦੇਸ਼ਕ ‘ਮਾਂ’, ‘ਅਸੀਸ’, ‘ਪੋਸਤੀ’, ‘ਸਨੋਮੈਨ’ ਅਤੇ ‘ਮਨਸੂਬਾ’ ਫਿਲਮਾਂ ਪੇਸ਼ ਕੀਤੀਆਂ ਜਿਨ੍ਹਾਂ ਵਿੱਚ ਰਿਸ਼ਤਿਆਂ ਦੀਆਂ ਕੌੜੀਆਂ, ਮਿੱਠੀਆਂ ਗੱਲਾਂ ਨੂੰ ਦਰਸਾਉਂਦੇ ਭਾਵ ਦਿਖਾਏ ਗਏ। ਉਸ ਦੇ ਕਈ ਕਾਵਿ ਸੰਗ੍ਰਹਿ ਤੇ ਨਾਵਲ ਵੀ ਪ੍ਰਕਾਸ਼ਿਤ ਹੋਏ।
ਰਾਣੇ ਨੇ ਆਪਣੀ ਲੇਖਣੀ ਰਾਹੀਂ ਤਾਂ ਲੋਕਾਂ ਨੂੰ ਆਪਣਾ ਮੁਰੀਦ ਕੀਤਾ ਹੀ, ਇਸ ਦੇ ਨਾਲ ਆਪਣੀ ਜ਼ਿੰਦਗੀ ਦੇ ਤਜਰਬਿਆਂ ਨੂੰ ਵੰਡਣਾ ਸ਼ੁਰੂ ਕੀਤਾ ਤੇ ਇੱਕ ਸਕਾਰਾਤਮਕ ਪ੍ਰੇਰਣਾਦਾਇਕ ਸਪੀਕਰ ਦੇ ਤੌਰ ’ਤੇ ਵੀ ਸਾਹਮਣੇ ਆਇਆ। ਉਹ ਅਕਸਰ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨਾਲ ਪ੍ਰੇਰਣਾਦਾਇਕ ਗੱਲਾਂ ਕਰਦਾ ਸੁਣਿਆ ਜਾਂਦਾ ਹੈ। ਆਪਣੀ ਮਿਹਨਤ ਸਦਕਾ ਉਸ ਨੂੰ ਬਹੁਤ ਸਾਰੇ ਮਾਣ-ਸਨਮਾਨ ਵੀ ਪ੍ਰਾਪਤ ਹੋਏ ਹਨ।
ਸੰਪਰਕ: 79736-67793

Advertisement
Author Image

joginder kumar

View all posts

Advertisement
Advertisement
×