ਮਾਨਸਾ ਦਾ ਰਮਨਦੀਪ ਸਿੰਘ ਬਣਿਆ ਲੈਫਟੀਨੈਂਟ
ਜੋਗਿੰਦਰ ਸਿੰਘ ਮਾਨ
ਮਾਨਸਾ, 26 ਨਵੰਬਰ
ਭਾਰਤੀ ਫੌਜ ਵਿੱਚ ਬਤੌਰ ਪੈਰਾ ਕਮਾਂਡੋ ਸੇਵਾ ਨਿਭਾਉਣ ਤੋਂ ਬਾਅਦ ਮਾਨਸਾ ਦਾ ਰਮਨਦੀਪ ਸਿੰਘ 25 ਨਵੰਬਰ ਨੂੰ ਇੰਡੀਅਨ ਮਿਲਟਰੀ ਅਕਾਦਮੀ ਦੇਹਰਾਦੂਨ ਵਿੱਚ ਲੈਫਟੀਨੈਂਟ ਬਣਿਆ। ਲੈਫਟੀਨੈਂਟ ਰਮਨਦੀਪ ਸਿੰਘ ਨੇ ਆਪਣੀ ਪੜ੍ਹਾਈ ਢੱਲ ਮਾਡਲ ਮਿਡਲ ਸਕੂਲ, ਮਾਈ ਨਿੱਕੋ ਦੇਵੀ ਮਾਡਲ ਸਕੂਲ, ਗਾਂਧੀ ਸੀਨੀਅਰ ਸੈਕੰਡਰੀ ਸਕੂਲ ਅਤੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਤੋਂ ਹਾਸਲ ਕੀਤੀ ਹੈ। ਸੈਨਾ ਵਿੱਚ ਭਰਤੀ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੀ ਪੜ੍ਹਾਈ ਜਾਰੀ ਰੱਖਦਿਆਂ ਐਮ.ਏ ਰਾਜਨੀਤੀ ਸ਼ਾਸਤਰ ਅਤੇ ਐਮ.ਏ ਮਾਸ ਕਮਿਊਨੀਕੇਸ਼ਨ ਅਤੇ ਜਰਨਲਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਲੈਫਟੀਨੈਂਟ ਰਮਨਦੀਪ ਨੇ ਦੱਸਿਆ ਕਿ ਉਸਦੇ ਪਿਤਾ ਦਵਿੰਦਰ ਸਿੰਘ ਵੀ ਇੱਕ ਸੇਵਾ ਮੁਕਤ ਫੌਜੀ ਹਨ, ਜਿਨ੍ਹਾਂ ਦਾ ਸੁਪਨਾ ਸੀ ਕਿ ਉਹ ਭਾਰਤੀ ਸੈਨਾ ਵਿੱਚ ਅਫਸਰ ਬਣੇ ਅਤੇ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕਰਨ ਲਈ ਲੈਫਟੀਨੈਂਟ ਰਮਨਦੀਪ ਸਿੰਘ ਨੇ ਦਿਨ-ਰਾਤ ਮਿਹਨਤ ਕੀਤੀ। ਉਨ੍ਹਾਂ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਵੱਡੀ ਭੈਣ ਨਵਦੀਪ ਕੌਰ, ਆਪਣੇ ਪਰਿਵਾਰਕ ਮੈਂਬਰਾਂ, ਅਧਿਆਪਕਾਂ ਨੂੰ ਦਿੱਤਾ।