For the best experience, open
https://m.punjabitribuneonline.com
on your mobile browser.
Advertisement

ਰਾਮਨੌਮੀ ਮੌਕੇ ਰਾਮ ਲੱਲਾ ਦਾ ‘ਸੂਰਿਆ ਤਿਲਕ’

07:18 AM Apr 18, 2024 IST
ਰਾਮਨੌਮੀ ਮੌਕੇ ਰਾਮ ਲੱਲਾ ਦਾ ‘ਸੂਰਿਆ ਤਿਲਕ’
ਅਯੁੱਧਿਆ ਵਿੱਚ ਰਾਮ ਲੱਲਾ ਦੇ ਸੂਰਿਆ ਤਿਲਕ ਦੀ ਝਲਕ। -ਫੋਟੋ: ਏਐਨਆਈ
Advertisement

ਅਯੁੱਧਿਆ, 17 ਅਪਰੈਲ
ਰਾਮਨੌਮੀ ਮੌਕੇ ਅਯੁੱਧਿਆ ਵਿਚ ਅੱਜ ਰਾਮ ਲੱਲਾ ਦਾ ‘ਸੂਰਿਆ ਤਿਲਕ’ ਕੀਤਾ ਗਿਆ। ਇਸ ਰਸਮ ਦੌਰਾਨ ਸ਼ੀਸ਼ਿਆਂ ਤੇ ਲੈਂਜ਼ਾਂ ਦੀ ਮਦਦ ਨਾਲ ਤਿੰਨ ਤੋਂ ਸਾਢੇ ਤਿੰਨ ਮਿੰਟ ਲਈ ਸੂਰਜ ਦੀਆਂ ਕਿਰਨਾਂ ਰਾਮ ਲੱਲਾ ਦੀ ਮੁੂਰਤੀ ਦੇ ਮੱਥੇ ’ਤੇ ਪਾਈਆਂ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਵਿਚ ਚੋਣ ਪ੍ਰਚਾਰ ਦੌਰਾਨ ਇਸ ਪੂਰੀ ਰਸਮ ਨੂੰ ਵਰਚੁਅਲੀ ਦੇਖਿਆ। ਸ੍ਰੀ ਮੋਦੀ ਨੇ ਐੱਕਸ ’ਤੇ ਲਿਖਿਆ, ‘‘ਨਲਬਾੜੀ (ਅਸਾਮ) ਵਿਚ ਮੇਰੀ ਰੈਲੀ ਮਗਰੋਂ ਮੈਂ ਰਾਮ ਲੱਲਾ ਦੇ ਸੂਰਿਆ ਤਿਲਕ ਨੂੰ ਦੇਖਿਆ। ਕਰੋੜਾਂ ਭਾਰਤੀਆਂ ਵਾਂਗ ਮੇਰੇ ਲਈ ਵੀ ਇਹ ਬਹੁਤ ਭਾਵੁਕ ਪਲ ਹਨ। ਅਯੁੱਧਿਆ ਵਿਚ ਰਾਮਨੌਮੀ ਦਾ ਤਿਉਹਾਰ ਇਤਿਹਾਸਕ ਹੈ। ਪ੍ਰਾਰਥਨਾ ਕਰਦਾ ਹਾਂ ਕਿ ਇਹ ਸੂਰਿਆ ਤਿਲਕ ਸਾਡੇ ਜੀਵਨ ਵਿਚ ਊਰਜਾ ਲਿਆਏ ਅਤੇ ਸਾਡੇ ਦੇਸ਼ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਏ ਤੇ ਇਸ ਦੀ ਸ਼ਾਨ ਵਧੇ।’’
ਸ੍ਰੀ ਮੋਦੀ ਨੇ ਸੂਰਿਆ ਤਿਲਕ ਦੇਖਦਿਆਂ ਦੀਆਂ ਆਪਣੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਆਪਣੇ ਅਧਿਕਾਰਤ ਐੱਕਸ ਹੈਂਡਲ ’ਤੇ ‘ਸੂਰਿਆ ਤਿਲਕ’ ਦੀ ਵੀਡੀਓ ਸਾਂਝੀ ਕੀਤੀ। ਅਯੁੱਧਿਆ ਵਿਚ ਇਸ ਸਾਲ 22 ਜਨਵਰੀ ਨੂੰ ਰਾਮ ਲੱਲਾ ਦੀ ਮੂਰਤੀ ਸਥਾਪਨਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੰਦਿਰ ਦੇ ਉਦਘਾਟਨ ਮਗਰੋਂ ਇਹ ਪਹਿਲੀ ਰਾਮਨੌਮੀ ਹੈ। ਮੰਦਰ ਦੇ ਤਰਜਮਾਨ ਪ੍ਰਕਾਸ਼ ਗੁਪਤਾ ਨੇ ਕਿਹਾ, ‘‘ਸੂਰਿਆ ਤਿਲਕ ਦੀ ਰਸਮ ਨੂੰ ਕਰੀਬ 4 ਤੋਂ 5 ਮਿੰਟ ਲੱਗੇ ਜਦੋਂ ਸੂਰਜ ਦੀਆਂ ਕਿਰਨਾਂ ਨੂੰ ਸਿੱਧਿਆਂ ਰਾਮ ਲੱਲਾ ਦੀ ਮੂਰਤੀ ਦੇ ਮੱਥੇ ਵੱਲ ਸੇਧਿਤ ਕੀਤਾ ਗਿਆ।’’ ਗੁਪਤਾ ਨੇ ਕਿਹਾ, ‘‘ਭੀੜ ਨੂੰ ਕੰਟਰੋਲ ਕਰਨ ਦੇ ਇਰਾਦੇ ਨਾਲ ਸੂਰਿਆ ਤਿਲਕ ਦੀ ਰਸਮ ਮੌਕੇ ਮੰਦਰ ਦੇ ਗਰਭ ਗ੍ਰਹਿ (ਕੇਂਦਰੀ ਹਾਲ) ਵਿਚ ਸ਼ਰਧਾਲੂਆਂ ਦੇ ਜਾਣ ’ਤੇ ਪਾਬੰਦੀ ਸੀ।’’ ਸੀਐੱਸਆਈਆਰ-ਸੀਬੀਆਰਆਈ ਰੁੜਕੀ ਦੇ ਮੁੱਖ ਵਿਗਿਆਨੀ ਡਾ. ਡੀ.ਪੀ. ਕਾਨੂੰਨਗੋ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਯੋਜਨਾ ਮੁਤਾਬਕ ਰਾਮ ਲੱਲਾ ਦੇ ਸੂਰਿਆ ਤਿਲਕ ਦੀ ਰਸਮ ਠੀਕ ਦੁਪਹਿਰੇ 12 ਵਜੇੇ ਪੂਰੀ ਕੀਤੀ ਗਈ।’’ ਪੂਜਾਰੀਆਂ ਵੱਲੋਂ ਜਿੱਥੇ ਅੰਦਰ ‘ਆਰਤੀ’ ਕੀਤੀ ਜਾ ਰਹੀ ਸੀ, ਉਥੇ ਮੰਦਰ ਦੇ ਗਰਭ ਗ੍ਰਹਿ ਦੇ ਬਾਹਰ ਉਡੀਕ ਕਰ ਰਹੇ ਸ਼ਰਧਾਲੂਆਂ ਨੇ ਜੈ ਸ੍ਰੀ ਰਾਮ ਦੇ ਨਾਅਰੇ ਲਾਏ।
ਅਧਿਕਾਰਤ ਬਿਆਨ ਮੁਤਾਬਕ ਇਸ ਮੌਕੇ ਰਾਮ ਲੱਲਾ ਦੀ ਮੂਰਤੀ ਦੇ ਸਿਰ ’ਤੇ ਕੀਮਤੀ ਨਗ ਜੜਿਆ ਮੁਕੁਟ ਵੀ ਸਜਾਇਆ ਗਿਆ। ਇਹ ਮੁਕੁਟ ਐੱਪਲ ਗ੍ਰੀਨ ਡਾਇਮੰਡ ਵੱਲੋਂ ਤਿਆਰ ਕੀਤਾ ਗਿਆ ਸੀ। ਰਾਮਨੌਮੀ ਤੇ ਸੂਰਿਆ ਤਿਲਕ ਦੀ ਰਸਮ ਦੇ ਮੱਦੇਨਜ਼ਰ ਸ਼ਰਧਾਲੂਆਂ ਲਈ ਅੱਜ ਰਾਮ ਮੰਦਿਰ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਮੰਦਰ ਦੀ ਤੀਜੀ ਮੰਜ਼ਿਲ ਤੋਂ ‘ਗਰਭ ਗ੍ਰਹਿ’ ਤੱਕ ਸੂਰਜ ਦੀਆਂ ਕਿਰਨਾਂ ਪਹੁੰਚਾਉਣ ਲਈ ਇੰਡੀਅਨ ਇੰਸਟੀਚਿਊਟ ਆਫ਼ ਐਸਟੋਫਿਜ਼ਿਕਸ (ਆਈਆਈਏ) ਬੰਗਲੌਰ, ਸੀਐੱਸਆਈਆਰ-ਸੀਬੀਆਰਆਈ, ਰੁੜਕੀ ਦੀ ਟੀਮ ਵੱਲੋਂ ਵਿਸ਼ੇਸ਼ ਚੌਖਟਾ ਵਿਕਸਤ ਕੀਤਾ ਗਿਆ ਸੀ। ਸੀਨੀਅਰ ਵਿਗਿਆਨੀ ਮੁਤਾਬਕ ਯੋਜਨਾਬੱਧ ਤਿਲਕ ਦਾ ਆਕਾਰ 58 ਮਿਲੀਮੀਟਰ ਸੀ। ਰਾਮ ਲੱਲਾ ਦੇ ਮੱਥੇ ’ਤੇ ਤਿਲਕ ਨੂੰ ਤਿੰਨ ਤੋਂ ਸਾਢੇ ਤਿੰਨ ਮਿੰਟ ਲਈ ਰੱਖਿਆ ਗਿਆ। ਵਿਗਿਆਨੀਆਂ ਨੇ ਸੂਰਿਆ ਤਿਲਕ ਦੀ ਰਸਮ ਨੂੰ ਅੰਜਾਮ ਦੇੇਣ ਤੋਂ ਪਹਿਲਾਂ ਮੰਗਲਵਾਰ ਨੂੰ ਪੂਰੇ ਸਿਸਟਮ ਦੀ ਪਰਖ ਵੀ ਕੀਤੀ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×