For the best experience, open
https://m.punjabitribuneonline.com
on your mobile browser.
Advertisement

ਅਯੁੱਧਿਆ ਵਿੱਚ ਰਾਮ ਲੱਲਾ ਵਿਰਾਜਮਾਨ

07:04 AM Jan 23, 2024 IST
ਅਯੁੱਧਿਆ ਵਿੱਚ ਰਾਮ ਲੱਲਾ ਵਿਰਾਜਮਾਨ
ਭਗਵਾਨ ਰਾਮ ਦੀ ਮੂਰਤੀ ਨੂੰ ਨਮਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

* ਕਈ ਵਰ੍ਹਿਆਂ ਦੀ ਉਡੀਕ ਹੋਈ ਪੂਰੀ
* ਰਾਮ ਜਨਮਭੂਮੀ ਮੰਦਰ ’ਤੇ ਫੁੱਲਾਂ ਦੀ ਕੀਤੀ ਗਈ ਵਰਖਾ

Advertisement

ਅਯੁੱਧਿਆ, 22 ਜਨਵਰੀ
ਪਵਿੱਤਰ ਨਗਰੀ ਅਯੁੱਧਿਆ ’ਚ ਵਿਸ਼ਾਲ ਰਾਮ ਮੰਦਰ ਦੇ ਗਰਭ ਗ੍ਰਹਿ ’ਚ ਰਾਮ ਲੱਲਾ ਦੇ ਨਵੇਂ ਸਰੂਪ ਦੀ ਅੱਜ ਲੱਖਾਂ ਸ਼ਰਧਾਲੂਆਂ ਦੀ ਹਾਜ਼ਰੀ ’ਚ ਪ੍ਰਾਣ ਪ੍ਰਤਿਸ਼ਠਾ ਹੋਈ ਜਿਸ ਦੀ ਉਹ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸਨ। ਇਸ ਪਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗਵਾਹ ਬਣੇ। ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾਨ ਫ਼ੌਜ ਦੇ ਹੈਲੀਕਾਪਟਰਾਂ ਨੇ ਨਵੇਂ ਬਣੇ ਰਾਮ ਜਨਮਭੂਮੀ ਮੰਦਰ ’ਤੇ ਫੁੱਲਾਂ ਦੀ ਵਰਖਾ ਕੀਤੀ। ਉੱਤਰ ਪ੍ਰਦੇਸ਼ ਦੀ ਇਸ ਮੰਦਰ ਨਗਰੀ ’ਚ ਉਤਸ਼ਾਹ ਅਤੇ ਭਗਤੀ ਦਾ ਅਜਿਹਾ ਸੁਮੇਲ ਨਜ਼ਰ ਆਇਆ ਕਿ ਲੋਕਾਂ ਨੇ ਨੱਚ-ਗਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਲੱਖਾਂ ਹੀ ਲੋਕਾਂ ਨੇ ਆਪਣੇ ਘਰਾਂ ’ਚ ਟੀਵੀ ’ਤੇ ਸਿੱਧਾ ਪ੍ਰਸਾਰਣ ਦੇਖਿਆ ਅਤੇ ਉਹ ਇਸ ਇਤਿਹਾਸਕ ਸਮਾਗਮ ਦਾ ਹਿੱਸਾ ਬਣੇ ਜੋ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੋਇਆ ਹੈ। ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਮਨਸੂਖ ਕਰਨ ਦੇ ਨਾਲ ਨਾਲ ਸਾਂਝਾ ਸਿਵਲ ਕੋਡ ਲਾਗੂ ਕਰਨ ਅਤੇ ਅਯੁੱਧਿਆ ’ਚ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਜਿਹੇ ਮੁੱਦੇ ਕਈ ਦਹਾਕਿਆਂ ਤੋਂ ਭਾਜਪਾ ਦੇ ਏਜੰਡੇ ’ਤੇ ਰਹੇ ਹਨ। ਪ੍ਰਾਣ ਪ੍ਰਤਿਸ਼ਠਾ ਦੇ ਨਾਲ ਹੀ ਮੰਦਰ ਦਾ ਉਦਘਾਟਨ ਹੋ ਗਿਆ ਹੈ ਅਤੇ ਇਸ ਦੇ ਮੰਗਲਵਾਰ ਤੋਂ ਆਮ ਲੋਕਾਂ ਲਈ ਖੁੱਲ੍ਹਣ ਦੀ ਸੰਭਾਵਨਾ ਹੈ।

Advertisement

ਅਯੁੱਧਿਆ ਵਿੱਚ ਸੋਮਵਾਰ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੌਰਾਨ ਭਾਵੁਕ ਹੁੰਦੀਆਂ ਹੋਈਆਂ ਉਮਾ ਭਾਰਤੀ ਅਤੇ ਸਾਧਵੀ ਰਿਤੰਭਰਾ। -ਫੋਟੋ: ਪੀਟੀਆਈ

ਪ੍ਰਧਾਨ ਮੰਤਰੀ ਮੋਦੀ ਨੇ ਗਰਭ ਗ੍ਰਹਿ ’ਚ 84 ਸੈਕਿੰਡ ਦੇ ਮਹੂਰਤ ਦੌਰਾਨ ਹੋਈ ਪ੍ਰਾਣ ਪ੍ਰਤਿਸ਼ਠਾ ਨਾਲ ਮੰਦਰ ’ਚ ਕਈ ਧਾਰਮਿਕ ਰਸਮਾਂ ਕੀਤੀਆਂ। ਬਾਅਦ ’ਚ ਉਨ੍ਹਾਂ ਭਗਵਾਨ ਰਾਮ ਦੇ ਬਾਲ ਰੂਪ ਵਾਲੀ 51 ਇੰਚ ਦੀ ਮੂਰਤੀ ਅੱਗੇ ਦੰਡਵਤ ਪ੍ਰਣਾਮ ਕੀਤਾ। ਸਮਾਗਮ ਮੌਕੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਸੰਘ ਮੁਖੀ ਮੋਹਨ ਭਾਗਵਤ ਵੀ ਹਾਜ਼ਰ ਸਨ। ਸ੍ਰੀ ਮੋਦੀ ਵੱਲੋਂ ਸਮਾਗਮ ’ਚ ਹਾਜ਼ਰ ਅੱਠ ਹਜ਼ਾਰ ਦੇ ਕਰੀਬ ਸਾਧੂ-ਸੰਤਾਂ, ਫਿਲਮੀ ਸਿਤਾਰਿਆਂ ਅਤੇ ਵਪਾਰ ਜਗਤ ਨਾਲ ਜੁੜੀਆਂ ਹਸਤੀਆਂ ਨੂੰ ਸੰਬੋਧਨ ਕੀਤਾ ਗਿਆ ਜਿਸ ਦੀ ਸਮਾਪਤੀ ’ਤੇ ਸੈਂਕੜੇ ਲੋਕ ਗਰਭ ਗ੍ਰਹਿ ਵਾਲੇ ਅਸਥਾਨ ਵੱਲ ਚਲੇ ਗਏ ਅਤੇ ਉਥੇ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ। ਭਾਜਪਾ ਪ੍ਰਧਾਨ ਜੇ ਪੀ ਨੱਢਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਹੋਰ ਆਗੂਆਂ ਨੇ ਸਮਾਗਮ ਦਾ ਸਿੱਧਾ ਪ੍ਰਸਾਰਣ ਦੇਖਿਆ। ਵਿਰੋਧੀ ਧਿਰ ਦੇ ਆਗੂ ਸਮਾਗਮ ਨੂੰ ਸੰਘ ਅਤੇ ਭਾਜਪਾ ਦਾ ਪ੍ਰੋਗਰਾਮ ਦੱਸ ਕੇ ਇਸ ਤੋਂ ਲਾਂਭੇ ਰਹੇ। ਉਂਜ ਹਿਮਾਚਲ ਪ੍ਰਦੇਸ਼ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ, ਜੋ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਦੇ ਪੁੱਤਰ ਹਨ, ਵੀ ਇਸ ਸਮਾਗਮ ’ਚ ਹਾਜ਼ਰ ਸਨ। ਮੈਸੂਰ ਆਧਾਰਿਤ ਬੁੱਤਘਾੜੇ ਅਰੁਣ ਯੋਗੀਰਾਜ ਨੇ ਸ਼ਿਆਮ ਰੰਗੇ ਪੱਥਰ ਨਾਲ ਭਗਵਾਨ ਰਾਮ ਦੇ ਪੰਜ ਵਰ੍ਹਿਆਂ ਦੇ ਬਾਲ ਰੂਪ ਨੂੰ ਨਵੀਂ ਮੂਰਤੀ ’ਚ ਦਰਸਾਇਆ ਹੈ। ਮੂਰਤੀ ਨੂੰ ਪੀਲੇ ਰੰਗ ਦੇ ਵਸਤਰ ਅਤੇ ਨਗਾਂ ਨਾਲ ਜੜੇ ਜ਼ੇਵਰਾਤਾਂ ਤੇ ਵੱਖ ਵੱਖ ਰੰਗਾਂ ਦੇ ਫੁੱਲਾਂ ਨਾਲ ਸਜਾਇਆ ਹੋਇਆ ਹੈ। ਸਮਾਗਮ ਦੌਰਾਨ ਵਜਾਈ ਗਈ ‘ਮੰਗਲ ਧਵਨੀ’ ’ਚ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ 50 ਰਵਾਇਤੀ ਸਾਜ਼ਾਂ ਦੀ ਵਰਤੋਂ ਕੀਤੀ ਗਈ। ਅਯੁੱਧਿਆ ਦੇ ਮਸ਼ਹੂਰ ਕਵੀ ਯਤਿੰਦਰ ਮਿਸ਼ਰ ਵੱਲੋਂ ਸੰਚਾਲਿਤ ਇਸ ਸੰਗੀਤਮਈ ਪੇਸ਼ਕਾਰੀ ਨੂੰ ਨਵੀਂ ਦਿੱਲੀ ਦੀ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ। ਇਸ ਪ੍ਰੋਗਰਾਮ ’ਚ ਯੂਪੀ ਤੋਂ ਬੰਸਰੀ, ਕਰਨਾਟਕ ਤੋਂ ਵੀਣਾ, ਮਹਾਰਾਸ਼ਟਰ ਤੋਂ ਸੁੰਦਰੀ, ਪੰਜਾਬ ਤੋਂ ਅਲਗੋਜ਼ਾ, ਉੜੀਸਾ ਤੋਂ ਮਰਦਲਾ, ਮੱਧ ਪ੍ਰਦੇਸ਼ ਤੋਂ ਸੰਤੂਰ, ਮਨੀਪੁਰ ਤੋਂ ਪੁੰਗ, ਅਸਾਮ ਤੋਂ ਨਗਾੜਾ ਤੇ ਕਾਲੀ, ਛੱਤੀਸਗੜ੍ਹ ਤੋਂ ਤੰਬੂਰਾ, ਬਿਹਾਰ ਤੋਂ ਪਖਾਵਜ਼, ਦਿੱਲੀ ਤੋਂ ਸ਼ਹਿਨਾਈ ਅਤੇ ਰਾਜਸਥਾਨ ਤੋਂ ਰਾਵਣਹੱਥਾ ਵਜਾਉਣ ਵਾਲੇ ਕਲਾਕਾਰ ਸ਼ਾਮਲ ਹੋਏ। ਇਸ ਦੌਰਾਨ ਅਯੁੱਧਿਆ ਜ਼ਿਲ੍ਹੇ ’ਚ ਸੁਰੱਖਿਆ ਦਾ ਸਖ਼ਤ ਪਹਿਰਾ ਰਿਹਾ ਅਤੇ ਸਵੇਰ ਤੋਂ ਹੀ ਸੜਕਾਂ ’ਤੇ ਰਾਮਧੁਨ ਵਜਣੀ ਸ਼ੁਰੂ ਹੋ ਗਈ ਸੀ। -ਪੀਟੀਆਈ

ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਨਵੇਂ ਯੁੱਗ ਦਾ ਆਗਾਜ਼: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਰਐੱਸਐੱਸ ਮੁਖੀ ਮੋਹਨ ਭਾਗਵਤ, ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਮੌਕੇ ਪੂਜਾ ਕਰਦੇ ਹੋਏ। -ਫੋਟੋ: ਪੀਟੀਆਈ

ਅਯੁੱਧਿਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ’ਚ ਵਿਸ਼ਾਲ ਰਾਮ ਮੰਦਰ ’ਚ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਨਵੇਂ ਯੁੱਗ ਦੇ ਆਗਾਜ਼ ਦਾ ਪ੍ਰਤੀਕ ਕਰਾਰ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਅਗਲੇ ਇਕ ਹਜ਼ਾਰ ਸਾਲਾਂ ਦੇ ਮਜ਼ਬੂਤ, ਵਿਸ਼ਾਲ ਅਤੇ ਪਵਿੱਤਰ ਭਾਰਤ ਦੀ ਨੀਂਹ ਬਣਾਉਣ ਦਾ ਸੱਦਾ ਦਿੱਤਾ। ਪ੍ਰਾਣ ਪ੍ਰਤਿਸ਼ਠਾ ਸਮਾਗਮ ਮਗਰੋਂ ‘ਸੀਆਵਰ ਰਾਮਚੰਦਰ ਦੀ ਜੈ’ ਅਤੇ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਮੋਦੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੌਕਾ ਸਿਰਫ਼ ਜਿੱਤ ਦਾ ਨਹੀਂ ਸਗੋਂ ਹਲੀਮੀ ਦਿਖਾਉਣ ਦਾ ਵੀ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ ਖੁਸ਼ਹਾਲ ਅਤੇ ਵਿਕਸਤ ਭਾਰਤ ਦੇ ਉਦੈ ਦਾ ਗਵਾਹ ਬਣੇਗਾ। ਸੰਤਾਂ, ਸਿਆਸੀ ਆਗੂਆਂ, ਸਨਅਤਕਾਰਾਂ, ਫਿਲਮੀ ਸਿਤਾਰਿਆਂ, ਸਾਹਿਤਕਾਰਾਂ ਅਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਅੱਜ ਸਾਡੇ ਰਾਮ ਆ ਗਏ ਹਨ। ਸਦੀਆਂ ਦੀ ਉਡੀਕ ਮਗਰੋਂ ਸਾਡੇ ਰਾਮ ਆ ਗਏ ਹਨ। ਸਾਡੇ ਰਾਮਲੱਲਾ ਨੂੰ ਹੁਣ ਟੈਂਟ ’ਚ ਨਹੀਂ ਰਹਿਣਾ ਪਵੇਗਾ। ਸਾਡੇ ਰਾਮ ਲੱਲਾ ਇਸ ਪਵਿੱਤਰ ਮੰਦਰ ’ਚ ਰਹਿਣਗੇ।’’ ਆਪਣੇ 36 ਮਿੰਟਾਂ ਦੇ ਭਾਸ਼ਨ ਦੌਰਾਨ ਉਨ੍ਹਾਂ ਕਿਹਾ ਕਿ 22 ਜਨਵਰੀ, 2024 ਸਿਰਫ਼ ਇਕ ਤਰੀਕ ਨਹੀਂ ਹੈ ਸਗੋਂ ਇਹ ਨਵੇਂ ਯੁੱਗ ਦੀ ਸ਼ੁਰੂਆਤ ਹੈ। ਰਾਮ ਮੰਦਰ ਦੀ ਉਸਾਰੀ ਨਾਲ ਲੋਕਾਂ ’ਚ ਨਵੀਂ ਊਰਜਾ ਜਾਗ੍ਰਿਤ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਤਰੀਕ ਨੂੰ ਹਜ਼ਾਰਾਂ ਸਾਲਾਂ ਬਾਅਦ ਵੀ ਯਾਦ ਰਖਣਗੇ। ਇਹ ਸਭ ਕੁਝ ਰਾਮ ਦੇ ਆਸ਼ੀਰਵਾਦ ਨਾਲ ਸੰਭਵ ਹੋ ਸਕਿਆ ਹੈ। ‘ਮੈਂ ਪ੍ਰਭੂ ਸ੍ਰੀ ਰਾਮ ਤੋਂ ਮੁਆਫ਼ੀ ਵੀ ਮੰਗਦਾ ਹਾਂ। ਸਾਡੀ ਤਪੱਸਿਆ ’ਚ ਕੋਈ ਕਮੀ ਰਹਿ ਗਈ ਹੋਵੇਗੀ ਕਿਉਂਕਿ ਅਸੀਂ ਸਦੀਆਂ ਤੱਕ ਮੰਦਰ ਦੀ ਉਸਾਰੀ ਨਹੀਂ ਕਰ ਸਕੇ ਸੀ ਪਰ ਅੱਜ ਉਹ ਕਮੀ ਪੂਰੀ ਹੋ ਗਈ ਹੈ।’ ਮੋਦੀ ਨੇ ਕਿਹਾ ਕਿ ਰਾਮ ਭਾਰਤ ਦਾ ਵਿਸ਼ਵਾਸ, ਆਧਾਰ, ਮਾਣ-ਸਨਮਾਨ ਅਤੇ ਚੇਤਨਾ ਹੈ। ਇਸ ਕਰਕੇ ਜਦੋਂ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਹੁੰਦੀ ਹੈ ਤਾਂ ਉਸ ਦਾ ਅਸਰ ਸਾਲਾਂ ਅਤੇ ਸਦੀਆਂ ਤੱਕ ਨਹੀਂ ਸਗੋਂ ਕਈ ਹਜ਼ਾਰਾਂ ਸਾਲਾਂ ਤੱਕ ਰਹਿੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਮਾਂ ਵੀ ਸੀ ਜਦੋਂ ਕੁਝ ਲੋਕਾਂ ਨੇ ਰਾਮ ਮੰਦਰ ਦੀ ਉਸਾਰੀ ’ਤੇ ਚਿੰਤਾ ਜਤਾਈ ਸੀ ਅਤੇ ਕਿਹਾ ਸੀ ਕਿ ਜੇਕਰ ਇਹ ਬਣ ਗਿਆ ਤਾਂ ਦੇਸ਼ ’ਚ ਅੱਗ ਲੱਗ ਜਾਵੇਗੀ। ‘ਅਜਿਹੇ ਲੋਕ ਭਾਰਤ ਦੀ ਸਮਾਜਿਕ ਭਾਵਨਾ ਦੀ ਪਵਿੱਤਰਤਾ ਨੂੰ ਨਹੀਂ ਸਮਝ ਸਕਦੇ ਹਨ। ਰਾਮ ਮੰਦਰ ਦੀ ਉਸਾਰੀ ਭਾਰਤੀ ਸਮਾਜ ’ਚ ਸ਼ਾਂਤੀ, ਸੰਜਮ, ਆਪਸੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀ ਪ੍ਰਤੀਕ ਹੈ। ਇਹ ਉਸਾਰੀ ਕਿਸੇ ਅੱਗ ਨੂੰ ਨਹੀਂ ਸਗੋਂ ਨਵੀਂ ਊਰਜਾ ਨੂੰ ਜਨਮ ਦੇ ਰਹੀ ਹੈ। ਮੈਂ ਉਨ੍ਹਾਂ ਲੋਕਾਂ ਨੂੰ ਮੁੜ ਤੋਂ ਵਿਚਾਰ ਕਰਨ ਦੀ ਅਪੀਲ ਕਰਦਾ ਹਾਂ। ਰਾਮ ਕੋਈ ਅਗਨੀ ਨਹੀਂ ਸਗੋਂ ਊਰਜਾ ਹਨ। ਰਾਮ ਕੋਈ ਮਤਭੇਦ ਨਹੀਂ ਸਗੋਂ ਮਸਲਿਆਂ ਦਾ ਹੱਲ ਕਰਨ ਵਾਲੇ ਹਨ। ਰਾਮ ਸਿਰਫ਼ ਸਾਡੇ ਨਹੀਂ ਸਗੋਂ ਹਰ ਕਿਸੇ ਦੇ ਹਨ। ਰਾਮ ਸਿਰਫ਼ ਵਰਤਮਾਨ ਨਹੀਂ ਸਗੋਂ ਅਨੰਤਕਾਲ ਹਨ।’ ਇਸ ਮੌਕੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਹਾਜ਼ਰ ਸਨ। ਉਹ ਕੁਬੇਰ ਟੀਲਾ ਵੀ ਗਏ ਜਿਥੇ ਭਗਵਾਨ ਸ਼ਿਵ ਦੇ ਪ੍ਰਾਚੀਨ ਮੰਦਰ ਨੂੰ ਨਵਿਆਇਆ ਗਿਆ ਹੈ। ਪ੍ਰਾਣ ਪ੍ਰਤਿਸ਼ਠਾ ਮਗਰੋਂ ਸਵਾਮੀ ਗੋਵਿੰਦ ਦੇਵ ਗਿਰੀ ਜੀ ਮਹਾਰਾਜ ਦੇ ਹੱਥਾਂ ਤੋਂ ਚਰਨਾਮ੍ਰਿਤ ਗ੍ਰਹਿਣ ਕਰਕੇ ਮੋਦੀ ਨੇ 11 ਦਿਨਾਂ ਦਾ ਆਪਣਾ ਵਰਤ ਤੋੜ ਦਿੱਤਾ। -ਪੀਟੀਆਈ

ਸੰਘ ਮੁਖੀ ਭਾਗਵਤ ਨੇ ਸਾਰੇ ਮਤਭੇਦ ਭੁਲਾ ਕੇ ਇਕਜੁੱਟ ਰਹਿਣ ਦਾ ਦਿੱਤਾ ਸੱਦਾ

ਅਯੁੱਧਿਆ: ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਰਾਮ ਰਾਜ ਆ ਰਿਹਾ ਹੈ ਅਤੇ ਦੇਸ਼ ’ਚ ਸਾਰਿਆਂ ਨੂੰ ਮਤਭੇਦ ਭੁਲਾ ਕੇ ਇਕਜੁੱਟ ਰਹਿਣਾ ਚਾਹੀਦਾ ਹੈ। ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ,‘‘ਪ੍ਰਧਾਨ ਮੰਤਰੀ ਨੇ ਇਕੱਲਿਆਂ ਤਪ ਕੀਤਾ ਹੈ ਅਤੇ ਹੁਣ ਸਾਨੂੰ ਸਾਰਿਆਂ ਨੂੰ ਕਰਨਾ ਹੋਵੇਗਾ। ਅੱਜ ਦਾ ਪ੍ਰੋਗਰਾਮ ਨਵੇਂ ਭਾਰਤ ਦਾ ਪ੍ਰਤੀਕ ਹੈ ਜੋ ਖੜ੍ਹਾ ਹੋਵੇਗਾ ਅਤੇ ਪੂਰੀ ਦੁਨੀਆ ਦੀ ਮਦਦ ਕਰੇਗਾ।’’ ਭਾਗਵਤ ਨੇ ਕਿਹਾ ਕਿ ਰਾਮ ਲੱਲਾ 500 ਸਾਲ ਬਾਅਦ ਕਈ ਲੋਕਾਂ ਦੀ ਤਪੱਸਿਆ ਕਾਰਨ ਪਰਤੇ ਹਨ ਅਤੇ ਉਹ ਲੋਕਾਂ ਦੀ ਸ਼ਖਤ ਮਿਹਨਤ ਤੇ ਤਿਆਗ ਨੂੰ ਨਮਨ ਕਰਦੇ ਹਨ। ‘ਰਾਮ ਕਿਉਂ ਗਏ ਸਨ? ਉਹ ਇਸ ਲਈ ਗਏ ਕਿਉਂਕਿ ਅਯੁੱਧਿਆ ’ਚ ਕਲੇਸ਼ ਸੀ। ਰਾਮ ਰਾਜ ਆ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਤਭੇਦ ਭੁਲਾ ਕੇ ਕਲੇਸ਼ ਖ਼ਤਮ ਕਰਕੇ ਛੋਟੇ-ਛੋਟੇ ਮੁੱਦਿਆਂ ’ਤੇ ਲੜਨਾ ਬੰਦ ਕਰਨਾ ਹੋਵੇਗਾ। ਸਾਨੂੰ ਆਪਣਾ ਹੰਕਾਰ ਛੱਡਣਾ ਹੋਵੇਗਾ ਅਤੇ ਇਕਜੁੱਟ ਰਹਿਣਾ ਹੋਵੇਗਾ।’ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੋ ਕੁਝ ਵੀ ਕਮਾਈ ਕੀਤੀ ਜਾਂਦੀ ਹੈ, ਉਸ ਦਾ ਘੱਟੋ ਘੱਟ ਹਿੱਸਾ ਆਪਣੇ ਲਈ ਰੱਖ ਕੇ ਬਾਕੀ ਦਾਨ ਲਈ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਯੋਜਨਾਵਾਂ ਗਰੀਬਾਂ ਨੂੰ ਰਾਹਤ ਦੇ ਰਹੀਆਂ ਹਨ ਅਤੇ ਲੋਕਾਂ ਨੂੰ ਵੀ ਸਮਾਜ ਨੂੰ ਦੇਖਣਾ ਚਾਹੀਦਾ ਹੈ ਅਤੇ ਜਿਥੇ ਕੋਈ ਦੁੱਖੀ ਮਿਲੇ, ਉਸ ਦੀ ਸੇਵਾ ਕਰਨੀ ਚਾਹੀਦੀ ਹੈ। ਭਾਗਵਤ ਨੇ ਲੋਕਾਂ ਨੂੰ ਲਾਲਚੀ ਨਾ ਬਣਨ ਦਾ ਸੁਨੇਹਾ ਦਿੰਦਿਆਂ ਅਨੁਸ਼ਾਸਿਤ ਜੀਵਨ ਜਿਊਣ ਲਈ ਆਖਿਆ। ਉਨ੍ਹਾਂ ਕਿਹਾ, ‘‘ਸਾਨੂੰ ਸਾਡੇ ਦੇਸ਼ ਨੂੰ ਦੁਨੀਆ ਦਾ ਰਾਹ ਦਸੇਰਾ ਬਣਾਉਣ ਲਈ ਮਿਲ ਕੇ ਕੰਮ ਕਰਨਾ ਹੋਵੇਗਾ।’’ -ਪੀਟੀਆਈ

ਮਹਿਮਾਨਾਂ ਨੂੰ ਅਯੁੱਧਿਆ ਬਾਰੇ ਕਿਤਾਬਾਂ ਤੇ ਦੀਵੇ ਤੋਹਫੇ ’ਚ ਦਿੱਤੇ

ਅਯੁੱਧਿਆ: ਅਯੁੱਧਿਆ ’ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ’ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਅੱਜ ਅਯੁੱਧਿਆ ਬਾਰੇ ਪੁਸਤਕ, ਧਾਤ ਦਾ ਦੀਵਾ, ਇੱਕ ਵਿਸ਼ੇਸ਼ ਮਾਲਾ ਤੇ ਭਗਵਾਨ ਰਾਮ ਦੇ ਨਾਂ ਵਾਲਾ ਦੁਪੱਟਾ ਤੋਹਫੇ ਵਜੋਂ ਦਿੱਤਾ ਗਿਆ ਹੈ। ਇਹ ਸਾਰੇ ਤੋਹਫੇ ਇੱਕ ਬੈਗ ’ਚ ਰੱਖ ਕੇ ਦਿੱਤੇ ਗਏ ਜਿਸ ’ਤੇ ਨਵੇਂ ਮੰਦਰ ਤੇ ਭਗਵਾਨ ਰਾਮ ਦੀ ਤਸਵੀਰ ਬਣੀ ਹੋਈ ਹੈ। ਮਹਿਮਾਨਾਂ ਨੂੰ ਜੋ ਕਿਤਾਬ ਤੋਹਫੇ ’ਚ ਦਿੱਤੀ ਗਈ ਹੈ ਉਸ ਦਾ ਨਾਂ ‘ਅਯੁੱਧਿਆ ਧਾਮ: ਭਗਵਾਨ ਦਾ ਘਰ’ ਹੈ ਅਤੇ ਇਸ ਦੇ ਸਰਵਰਕ ’ਤੇ ਰਾਮ ਲੱਲਾ ਦੀ ਪੁਰਾਣੀ ਮੂਰਤੀ ਦੀ ਤਸਵੀਰ ਬਣੀ ਹੋਈ ਹੈ। ਮਹਿਮਾਨਾਂ ਨੂੰ ਇਸ ਤੋਂ ਇਲਾਵਾ ਚਾਰ ਲੱਡੂਆਂ ਵਾਲਾ ਡੱਬਾ, ਚਿਪਸ, ਰਿਓੜੀ, ਕਾਜੂ ਤੇ ਕਿਸ਼ਮਿਸ਼ ਵੀ ਦਿੱਤੀ ਗਈ ਹੈ। -ਪੀਟੀਆਈ

ਇਕ ਕਰੋੜ ਘਰਾਂ ’ਤੇ ਲੱਗਣਗੇ ਸੋਲਰ ਸਿਸਟਮ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ‘ਪ੍ਰਧਾਨ ਮੰਤਰੀ ਸੂਰਿਆਉਦੈ ਯੋਜਨਾ’ ਸ਼ੁਰੂ ਕਰੇਗੀ ਜਿਸ ਤਹਿਤ ਇਕ ਕਰੋੜ ਘਰਾਂ ਦੀਆਂ ਛੱਤਾਂ ’ਤੇ ਸੋਲਰ ਪੈਨਲ ਲਗਾਏ ਜਾਣਗੇ। ਅਯੁੱਧਿਆ ’ਚ ਵਿਸ਼ਾਲ ਰਾਮ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ’ਚ ਸ਼ਾਮਲ ਹੋਣ ਮਗਰੋਂ ਦਿੱਲੀ ਪਰਤਣ ਤੋਂ ਬਾਅਦ ਮੋਦੀ ਨੇ ‘ਐਕਸ’ ’ਤੇ ਇਹ ਐਲਾਨ ਕੀਤਾ। ਉਨ੍ਹਾਂ ਅਧਿਕਾਰੀਆਂ ਨਾਲ ਯੋਜਨਾ ਬਾਰੇ ਵਿਚਾਰ ਵਟਾਂਦਰਾ ਕਰਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਕਿਹਾ,‘‘ਸੂਰਿਆਵੰਸ਼ੀ ਭਗਵਾਨ ਰਾਮ ਤੋਂ ਦੁਨੀਆ ਭਰ ਦੇ ਸ਼ਰਧਾਲੂ ਊਰਜਾ ਅਤੇ ਪ੍ਰਕਾਸ਼ ਲੈਂਦੇ ਹਨ।’’ ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਨਾ ਸਿਰਫ਼ ਗਰੀਬਾਂ ਅਤੇ ਮੱਧ ਵਰਗ ਦੇ ਘਰਾਂ ਦੇ ਬਿਜਲੀ ਬਿੱਲ ’ਚ ਕਟੌਤੀ ਹੋਵੇਗੀ ਸਗੋਂ ਇਸ ਨਾਲ ਭਾਰਤ ਊਰਜਾ ਖੇਤਰ ’ਚ ਆਤਮ ਨਿਰਭਰ ਵੀ ਬਣੇਗਾ। -ਪੀਟੀਆਈ

ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਮੁਬਾਰਕਬਾਦ ਦੇ ਸੁਨੇਹਿਆਂ ਦਾ ਹੜ੍ਹ

ਨਵੀਂ ਦਿੱਲੀ: ਟੀਵੀ ’ਤੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਲਾਈਵ ਪ੍ਰਸਾਰਨ ਦੇਖ ਰਹੇ ਲੋਕਾਂ ਜਾਂ ਸਮਾਰੋਹ ’ਚ ਭਗਵਾਨ ਰਾਮ ਦੀ ਮੂਰਤੀ ਅੱਗੇ ਮੱਥਾ ਟੇਕਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਦਾ ਅੱਜ ਸਾਰਾ ਦਿਨ ਸੋਸ਼ਲ ਮੀਡੀਆ ’ਤੇ ਹੜ੍ਹ ਆਇਆ ਰਿਹਾ। ਸੋਸ਼ਲ ਮੀਡੀਆ ’ਤੇ ਲੋਕਾਂ ਨੇ ਇਸ ਨੂੰ ਇਤਿਹਾਸਕ ਦਿਨ ਦੱਸਦਿਆਂ ਇਕ-ਦੂਜੇ ਨੂੰ ਮੁਬਾਰਕਬਾਦ ਦਿੱਤੀ। -ਪੀਟੀਆਈ

Advertisement
Author Image

joginder kumar

View all posts

Advertisement