ਚੀਫ ਜਸਟਿਸ ਚੰਦਰਚੂੜ ਬਾਰੇ ਟਿੱਪਣੀਆਂ ਕਾਰਨ ਰਾਮ ਗੋਪਾਲ ਯਾਦਵ ਵਿਵਾਦਾਂ ’ਚ
ਮੈਨਪੁਰੀ/ਨਵੀਂ ਦਿੱਲੀ, 21 ਅਕਤੂਬਰ
ਸਮਾਜਵਾਦੀ ਪਾਰਟੀ (ਸਪਾ) ਦੇ ਕੌਮੀ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਬਾਰੇ ਕਥਿਤ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਸੱਤਾਧਾਰੀ ਭਾਜਪਾ ਨੇ ਇਸ ਸਬੰਧੀ ਯਾਦਵ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸਪਾ ਆਗੂ ਦੀ ਟਿੱਪਣੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਸ ਬਾਰੇ ਰਾਮ ਗੋਪਾਲ ਨੇ ਕਿਹਾ ਕਿ ਉਨ੍ਹਾਂ ਇਹ ਟਿੱਪਣੀਆਂ ਚੀਫ ਜਸਟਿਸ ਲਈ ਨਹੀਂ ਕੀਤੀਆਂ ਸਨ। ਉਨ੍ਹਾਂ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਰਾਮ ਗੋਪਾਲ ਦੀ ਇਹ ਟਿੱਪਣੀ ਮੀਡੀਆ ਵੱਲੋਂ ਪੁਣੇ ’ਚ ਚੰਦਰਚੂੜ ਦੇ ਬਿਆਨ ’ਤੇ ਪ੍ਰਤੀਕਿਰਿਆ ਮੰਗਣ ਵਾਲੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਆਈ ਹੈ। ਚੰਦਰਚੂੜ ਨੇ ਕਿਹਾ ਸੀ ਕਿ ਉਨ੍ਹਾਂ ਨੇ ਅਯੁੱਧਿਆ ਵਿਵਾਦ ਦੇ ਹੱਲ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਸੀ ਅਤੇ ਕਿਹਾ ਸੀ ਕਿ ਜੇ ਭਰੋਸਾ ਬਣਿਆ ਰਹੇ ਤਾਂ ਭਗਵਾਨ ਕੋਈ ਨਾ ਕੋਈ ਰਸਤਾ ਲੱਭ ਲੈਣਗੇ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਯਾਦਵ ਨੇ ਕਿਹਾ, ‘ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਜਦੋਂ ਤੁਸੀਂ ਮਰਿਆਂ ਨੂੰ ਜਿਊਂਦੇ ਕਰਦੇ ਹੋ ਤਾਂ ਉਹ ਭੂਤ ਬਣ ਜਾਂਦੇ ਹਨ ਅਤੇ ਤੁਹਾਡੇ ਪਿੱਛੇ ਪੈ ਜਾਂਦੇ ਹਨ।’ ਇਸ ਟਿੱਪਣੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਬਾਰੇ ਯਾਦਵ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਚੀਫ਼ ਜਸਟਿਸ ਜਾਂ ਨਿਆਂਪਾਲਿਕਾ ਨਾਲ ਸਬੰਧਤ ਕੋਈ ਸਵਾਲ ਨਹੀਂ ਪੁੱਛਿਆ ਗਿਆ ਅਤੇ ਉਨ੍ਹਾਂ ਨੇ ਇਸ ਸਬੰਧੀ ਕੁਝ ਨਹੀਂ ਕਿਹਾ। -ਪੀਟੀਆਈ