ਬੱਸ ਮੁਲਾਜ਼ਮਾਂ ਵੱਲੋਂ ਮੰਗਾਂ ਦੇ ਹੱਕ ਵਿੱਚ ਰੈਲੀ
ਗੁਰਿੰਦਰ ਸਿੰਘ
ਲੁਧਿਆਣਾ, 4 ਜੁਲਾਈ
ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਅੱਜ ਪੰਜਾਬ ਭਰ ਦੇ ਸਾਰੇ ਡਿੱਪੂਆ ਤੇ ਮੁਲਾਜ਼ਮ ਮੰਗਾਂ ਦੇ ਹੱਕ ਵਿੱਚ ਗੇਟ ਰੈਲੀਆਂ ਕਰਕੇ ਸਰਕਾਰ ਨੂੰ ਮੰਨੀਆਂ ਗਈਆਂ ਮੰਗਾਂ ਜਲਦੀ ਤੋਂ ਜਲਦੀ ਲਾਗੂ ਕਰਨ ਲਈ ਅਲਟੀਮੇਟਮ ਦਿੱਤਾ ਗਿਆ।
ਲੁਧਿਆਣਾ ਡੀਪੂ ਦੇ ਗੇਟ ਅੱਗੇ ਹੋਈ ਰੈਲੀ ਦੌਰਾਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ ਤਾਂ 11 ਜੁਲਾਈ ਨੂੰ 2 ਘੰਟੇ ਬੱਸ ਸਟੈਡ ਬੰਦ ਕੀਤੇ ਜਾਣਗੇ ਤੇ ਅਗਲੇ ਸੰਘਰਸ਼ ਦਾ ਐਲਾਨ ਵੀ ਕੀਤਾ ਜਾਵੇਗਾ ਜਿਸਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਸਰਕਾਰ ਤੇ ਮੈਨੇਜਮੈਂਟ ਦੀ ਹੋਵੇਗੀ।
ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਾਰ ਮੰਗਾਂ ਮੰਨ ਕੇ ਭੱਜਦੀ ਨਜ਼ਰ ਆ ਰਹੀ ਹੈ। 19 ਦਸੰਬਰ 2022 ਨੂੰ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨਾਲ ਹੋਈ ਮੀਟਿੰਗ ਵਿੱਚ ਸਰਕਾਰ ਨੇ ਮੰਗਾਂ ਨੂੰ ਵਿਚਾਰਨ ਲਈ ਲਗਭਗ 15 ਦਿਨ ਦਾ ਸਮਾਂ ਮੰਗਿਆ ਸੀ ਪਰ ਲਗਭਗ 6 ਮਹੀਨੇ ਹੋ ਚੁੱਕੇ ਹਨ ਤੇ ਹੁਣ ਤੱਕ ਗੱਲ ਕਿਸੇ ਵੀ ਕਿਨਾਰੇ ਨਹੀਂ ਲੱਗੀ ਜਦਕਿ ਇਨ੍ਹਾਂ 6 ਮਹੀਨਿਆਂ ਵਿੱਚ ਜਲੰਧਰ ਜ਼ਿਮਨੀ ਚੋਣ ‘ਚ ਰੋਸ ਧਰਨੇ ਦਾ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੱਥੇਬੰਦੀ ਨੇ 27 ਜੂਨ ਨੂੰ ਸਟੇਟ ਟ੍ਰਾਂਸਪੋਰਟ ਸਕੱਤਰ ਨਾਲ ਮੀਟਿੰਗ ਵਿੱਚ ਮੁੜ ਤੋਂ ਮੰਗਾਂ ਤੇ ਸਹਿਮਤੀ ਬਣੀ ਸੀ ਪਰ ਉਸਨੂੰ ਵੀ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ।