ਵਿਦਿਆਰਥੀਆਂ ਵੱਲੋਂ ਗੈਸਟ ਫੈਕਲਟੀ ਪ੍ਰੋਫੈਸਰਾਂ ਦੇ ਹੱਕ ਵਿੱਚ ਰੈਲੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਸਤੰਬਰ
ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਧਰਨੇ ’ਤੇ ਬੈਠੇ ਗੈਸਟ ਫੈਕਲਟੀ ਅਤੇ ਕਾਂਸਟੀਚਿਊਟ ਕਾਲਜਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਦੀ ਹਮਾਇਤ ਵਿੱਚ ਸਰਕਾਰੀ ਰਣਬੀਰ ਕਾਲਜ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਵਲੋਂ ਕਾਲਜ ਵਿਚ ਰੋਸ ਮਾਰਚ ਕਰਨ ਤੋਂ ਬਾਅਦ ਗੇਟ ’ਤੇ ਰੈਲੀ ਵੀ ਕੀਤੀ ਗਈ। ਵਿਦਿਆਰਥੀ ਮੰਗ ਕਰ ਰਹੇ ਸਨ ਕਿ ਗੈਸਟ ਫੈਕਲਟੀ ਅਧਿਆਪਕਾਂ ਨੂੰ ਜਲਦੀ ਤੋਂ ਜਲਦੀ ਕਾਲਜ ਦੇ ਵਿੱਚ ਬਹਾਲ ਕਰਦਿਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਤਾਂ ਜੋ ਕਾਂਸਟੀਚਿਊਟ ਕਾਲਜਾਂ ਅਤੇ ਨੇਬਰਹੁੱਡ ਕੈਂਪਸ ਵਿੱਚ ਪੜ੍ਹ ਰਹੇ ਵਿਦਿਆਰਥੀ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਇਸ ਮੌਕੇ ਵਿਦਿਆਰਥੀ ਆਗੂ ਸੁਖਚੈਨ ਸਿੰਘ ਪੁੰਨਾਂਵਾਲ ਅਤੇ ਮਨਪ੍ਰੀਤ ਕੌਰ ਚੀਮਾਂ ਨੇ ਮੌਜੂਦਾ ਸਿੱਖਿਆ ਪ੍ਰਣਾਲੀ, ਸਿਹਤ, ਔਰਤਾਂ ਦੀ ਸਥਿਤੀ ,ਪੀਟੀਏ ਫੰਡ ਦੇ ਮਸਲੇ ਉੱਤੇ ਵਿਦਿਆਰਥੀਆਂ ਨਾਲ ਵਿਸਤਾਰ ਪੂਰਵਕ ਚਰਚਾ ਕੀਤੀ। ਆਗੂਆਂ ਨੇ ਗੈਸਟ ਫੈਕਲਟੀ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰ ਨੂੰ ਤੁਰੰਤ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਇਸ ਮੌਕੇ ਹੁਸਨਪ੍ਰੀਤ ਕੌਰ, ਯੂਵੀ ਸੁਨਾਮ, ਤਮੰਨਾ, ਬਾਜ਼ ਸਿੰਘ, ਅਮਨਦੀਪ ਕੌਰ, ਅੰਮ੍ਰਿਤ ਬਲਦ ਕਲਾਂ ਅਤੇ ਅਨੇਕਾਂ ਵਿਦਿਆਰਥੀ ਸਾਥੀ ਸ਼ਾਮਲ ਹਨ।