ਪੰਜਾਬ ਨੈਸ਼ਨਲ ਪਾਰਟੀ ਦੇ ਉਮੀਦਵਾਰ ਵੱਲੋਂ ਰੈਲੀ
ਖੇਤਰੀ ਪ੍ਰਤੀਨਿਧ
ਬਰਨਾਲਾ, 27 ਮਈ
ਪੰਜਾਬ ਨੈਸ਼ਨਲ ਪਾਰਟੀ ਦੇ ਸੰਸਦੀ ਹਲਕਾ ਸੰਗਰੂਰ ਤੋਂ ਉਮੀਦਵਾਰ ਕ੍ਰਿਸ਼ਨ ਦੇਵ ਭੂਲਣ ਵੱਲੋਂ ਬਰਨਾਲਾ ਵਿੱਚ ਇਕੱਤਰਤਾ ਉਪਰੰਤ ਸ਼ਹਿਰ ’ਚ ਮਾਰਚ ਕੀਤਾ ਗਿਆ ਤੇ ਵੋਟਰਾਂ ਪਾਸੋਂ ਵੋਟਾਂ ਦੀ ਮੰਗ ਕੀਤੀ ਗਈ। ਸ੍ਰੀ ਭੂਲਣ ਨੇ ਕਿਹਾ ਕਿ ਭੜਕੀਲੇ ਚੋਣ ਪ੍ਰਚਾਰ ਤੋਂ ਹਟਕੇ ਸਾਦੇ ਢੰਗ ਨਾਲ ਆਪਣੀ ਗੱਲ ਵੋਟਰਾਂ ਤੱਕ ਪਹੁੰਚਾ ਰਹੇ ਹਨ। ਸਮੁੱਚੇ ਪ੍ਰਬੰਧ ਨੂੰ ਲੋਕ ਪੱਖੀ ਬਣਾਉਣ ਲਈ ਆਵਾਜ਼ ਬੁਲੰਦ ਕਰਨਾ ਆਪਣੀ ਮੁੱਖ ਤਰਜੀਹ ਦੱਸਦਿਆਂ ਉਨ੍ਹਾਂ ਆਪਣੇ ਲਈ ਵੋਟਾਂ ਦੀ ਮੰਗ ਕੀਤੀ।
ਸਥਾਨਕ ਆਗੂ ਤੇ ਪੰਜਾਬ ਹੋਮਗਾਰਡਜ਼ ਐਸੋਸੀਏਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਕੇਵਲ ਸਿੰਘ ਸੇਖਾ ਨੇ ਦੱਸਿਆ ਕਿ ਉਮੀਦਵਾਰ ਕ੍ਰਿਸ਼ਨ ਦੇਵ ਭੂਲਣ ਪੰਜਾਬ ਹੋਮਗਾਰਡਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੀ ਹਨ ਜਿਨ੍ਹਾਂ ਦੀ ਅਗਵਾਈ ਹੇਠ ਪਿਛਲੇ ਕਈ ਸਾਲਾਂ ਤੋਂ ਮੰਗਾਂ ਤੇ ਹੱਕ ਪ੍ਰਾਪਤੀ ਲਈ ਘੋਲ ਜਾਰੀ ਹੈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਅਮਰਜੀਤ ਸਿੰਘ ਬਠਿੰਡਾ ਨੇ ਸੰਘਰਸ਼ਸ਼ੀਲ ਆਗੂ ਭੂਲਣ ਨੂੰ ਜਿਤਾਉਣ ਦੀ ਅਪੀਲ ਕੀਤੀ।
ਇਸ ਮੌਕੇ ਹਲਕਾ ਆਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਦਰਸ਼ਨ ਸਿੰਘ ਸੰਧੂ ਤੇ ਜਗਤਾਰ ਸਿੰਘ ਰੋਪੜ ਨੇ ਵੀ ਵਿਚਾਰ ਪੇਸ਼ ਕੀਤੇ। ਉਪਰੰਤ ਸ਼ਹਿਰ ‘ਚ ਮਾਰਚ ਕੱਢਿਆ ਗਿਆ ਤੇ ਵਾਇਆ ਹੰਡਿਆਇਆ ਹੁੰਦਾ ਹੋਇਆ ਕਾਫ਼ਲਾ ਧਨੌਲਾ ਮੰਡੀ ਵਿਖੇ ਪੁੱਜ ਕੇ ਅੱਜ ਦਾ ਰੋਡ ਸ਼ੋਅ ਸਮਾਪਤ ਹੋਇਆ।