ਮਾਲੜੀ ਵਾਸੀਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਰੈਲੀ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਅਗਸਤ
ਨਕੋਦਰ ਨੇੜਲੇ ਨੇੜੇ ਪਿੰਡ ਮਾਲੜੀ ਵਾਸੀਆਂ ਨੇ ਵੱਡਾ ਇਕੱਠ ਕਰਕੇ ਪਿੰਡ ਦੇ ਛੱਪੜਾਂ ਦੇ ਉਛਲ ਰਹੇ ਗੰਦੇ ਪਾਣੀ ਨੂੰ ਕੱਢਣ ਦਾ ਪ੍ਰਬੰਧ ਨਾ ਹੋਣ ਕਾਰਨ ਰੋਸ ਮੁਜ਼ਾਹਰਾ ਕੀਤਾ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ।
ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਹਰਮੇਸ਼ ਮਾਲੜੀ, ਹਰਪਾਲ ਬਿੱਟੂ ਅਤੇ ਹਰਨੇਕ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਲੰਮੇ ਸਮੇਂ ਤੋਂ ਛੱਪੜਾਂ ਦੀ ਸਫਾਈ ਨਾ ਹੋਣ ਕਾਰਨ ਬਰਸਾਤਾਂ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮਾਲੜੀ ਪਿੰਡ ਦੇ ਐਨ ਵਿਚਕਾਰ ਸੰਘਣੀ ਦਲਿਤ ਵਸੋਂ ਵਾਲੇ ਵੱਡੇ ਛੱਪੜ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਆ ਗਿਆ ਹੈ। ਬਰਸਾਤ ਕਾਰਨ ਪਿੰਡ ਦੀਆਂ ਗਲੀਆਂ ਤੇ ਸੜਕਾਂ ’ਚ ਪਾਣੀ ਭਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਪਾਣੀ ਦਾ ਨਿਕਾਸ ਨਾ ਕੀਤਾ ਤਾਂ ਲੋਕਾਂ ਦੇ ਮਾਲੀ ਨੁਕਸਾਨ ਦੇ ਨਾਲ-ਨਾਲ ਇੱਥੇ ਗੰਭੀਰ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ। ਮਜ਼ਦੂਰ ਤੇ ਕਿਸਾਨ ਆਗੂਆਂ ਨੇ ਪਿੰਡ ਵਿੱਚ ਰੈਲੀ ਕਰਨ ਉਪਰੰਤ ਨਕੋਦਰ ਦੇ ਐੱਸ ਡੀ ਐੱਮ ਨੂੰ ਸੈਂਕੜੇ ਲੋਕਾਂ ਦੇ ਦਸਤਖ਼ਤਾਂ ਵਾਲਾ ਮੰਗ ਪੱਤਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਆਰਜੀ ਪ੍ਰਬੰਧ ਵਜੋਂ ਪਿੰਡ ਦੇ ਨਾਲ ਲੱਗਦੇ ਸ਼ਹਿਰੀ ਸੀਵਰੇਜ ਵਿੱਚ ਪਾਣੀ ਸੁੱਟਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਬਰਸਾਤਾਂ ਦੇ ਦਿਨਾਂ ਵਿੱਚ ਲੋਕਾਂ ਨੂੰ ਰਾਹਤ ਦਿੱਤੀ ਜਾਵੇ।