ਇੰਫਾਲ ਪੂਰਬੀ ਵਿੱਚ ਔਰਤਾਂ ਵੱਲੋਂ ਅਫਸਪਾ ਖ਼ਿਲਾਫ਼ ਰੈਲੀ
ਇੰਫਾਲ, 25 ਨਵੰਬਰ
ਮਨੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ਵਿੱਚ ਅੱਜ ਵੱਡੀ ਗਿਣਤੀ ਔਰਤਾਂ ਨੇ ਕਰਫਿਊ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਸੂਬੇ ’ਚੋਂ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (ਅਫਸਪਾ) 1958 ਹਟਾਉਣ ਦੀ ਮੰਗ ਨੂੰ ਲੈ ਕੇ ਰੈਲੀ ਕੀਤੀ। ‘ਇੰਫਾਲ ਈਸਟ’ ਜ਼ਿਲ੍ਹੇ ਦੀਆਂ ਸਥਾਨਕ ਜਥੇਬੰਦੀਆਂ ਅਤੇ ‘ਮੀਰਾ ਪਾਈਬੀ’ ਦੀ ਅਗਵਾਈ ਹੇਠ ਕੀਤੀ ਗਈ ਰੈਲੀ ਵਿੱਚ ਔਰਤਾਂ ਨੇ ‘ਸੂਬੇ ’ਚੋਂ ਅਫਸਪਾ ਹਟਾਉਣ’, ‘ਸਖ਼ਤ ਕਾਨੂੰਨ ਲਾਗੂ ਕਰਨੇ ਬੰਦ ਕਰਨ’ ਅਤੇ ‘ਔਰਤਾਂ ਅਤੇ ਬੱਚਿਆਂ ਦੀ ਹੱਤਿਆ ਬੰਦ ਕਰਨ’ ਸਬੰਧੀ ਨਾਅਰੇ ਲਾਏ।
ਇਹ ਰੈਲੀ ਕੋਂਗਬਾ ਬਾਜ਼ਾਰ ਤੋਂ ਸ਼ੁਰੂ ਹੋਈ ਅਤੇ ਤਿੰਨ ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ ਮੁੱਖ ਮੰਤਰੀ ਸਕੱਤਰੇਤ ਤੋਂ ਮਹਿਜ਼ ਇੱਕ ਕਿਲੋਮੀਟਰ ਦੂਰ ਕੋਨੁੰਗ ਮਮਾਂਗ ਵਿੱਚ ਸੁਰੱਖਿਆ ਬਲਾਂ ਵੱਲੋਂ ਰੋਕ ਦਿੱਤੀ ਗਈ। ਇਸ ਦੌਰਾਨ ‘ਮੀਰਾ ਪਾਈਬੀ’ ਦੀ ਮੈਂਬਰ ਬਬੀਨਾ ਮੈਬਾਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਇੱਥੋਂ ਦੇ ਮੂਲ ਲੋਕਾਂ ਖ਼ਿਲਾਫ਼ ਲਗਾਤਾਰ ਹੋਰ ਰਹੇ ਜ਼ੁਲਮ ਦਾ ਵਿਰੋਧ ਕਰ ਰਹੇ ਹਾਂ। -ਪੀਟੀਆਈ
ਮੋਬਾਈਲ ਇੰਟਰਨੈੱਟ ’ਤੇ ਪਾਬੰਦੀ ਦੋ ਹੋਰ ਦਿਨਾਂ ਲਈ ਵਧਾਈ
ਇੰਫਾਲ:
ਮਨੀਪੁਰ ਸਰਕਾਰ ਨੇ ਨੌਂ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ’ਤੇ ਪਾਬੰਦੀ ਦੋ ਹੋਰ ਦਿਨਾਂ ਲਈ 27 ਨਵੰਬਰ ਤੱਕ ਵਧਾ ਦਿੱਤੀ ਹੈ। ਗ੍ਰਹਿ ਵਿਭਾਗ ਨੇ ਜਾਰੀ ਹੁਕਮਾਂ ਵਿੱਚ ਕਿਹਾ, ‘ਸੂਬਾ ਸਰਕਾਰ ਨੇ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਇੰਫਾਲ ਪੱਛਮੀ, ਇੰਫਾਲ ਪੂਰਬੀ, ਕਾਕਚਿੰਗ, ਬਿਸ਼ਨੂਪੁਰ, ਥੌਬਲ, ਚੂਰਾਚੰਦਪੁਰ, ਕਾਂਗਪੋਕਪੀ, ਫੇਰਜ਼ਾਵਲ ਅਤੇ ਜਿਰੀਬਾਮ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਦੋ ਹੋਰ ਦਿਨਾਂ ਲਈ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ।’ -ਪੀਟੀਆਈ