ਇੰਫਾਲ ਪੂਰਬੀ ’ਚ ਸੈਂਕੜੇ ਮੁਜ਼ਾਹਰਾਕਾਰੀਆਂ ਵੱਲੋਂ ਅਫਸਪਾ ਖ਼ਿਲਾਫ਼ ਰੈਲੀ
ਇੰਫਾਲ, 28 ਨਵੰਬਰ
ਸੈਂਕੜੇ ਮੁਜ਼ਾਹਰਾਕਾਰੀਆਂ ਨੇ ਕਰਫਿਊ ਦੇ ਬਾਵਜੂਦ ਅੱਜ ਇੰਫਾਲ ਪੂਰਬੀ ਜ਼ਿਲ੍ਹੇ ’ਚ ਰੈਲੀ ਕੱਢ ਕੇ ਮਨੀਪੁਰ ਵਿੱਚੋਂ ਹਥਿਆਬੰਦ ਸੈਨਾਵਾਂ ਵਿਸ਼ੇਸ਼ ਅਧਿਕਾਰ ਕਾਨੂੰਨ (ਅਫਸਪਾ) ਹਟਾਉਣ ਅਤੇ ਜਿਰੀਬਾਮ ਜ਼ਿਲ੍ਹੇ ’ਚ ਤਿੰਨ ਔਰਤਾਂ ਤੇ ਤਿੰਨ ਬੱਚਿਆਂ ਦੀ ਹੱਤਿਆ ਲਈ ਜ਼ਿੰਮੇਵਾਰਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਇਹ ਰੈਲੀ ਲਮਲਾਈ ਹਲਕੇ ਦੇ ਨੋਨਗਡਾ ਤੋਂ ਸ਼ੁਰੂ ਹੋਈ ਤੇ ਮੁਜ਼ਾਹਰਾਕਾਰੀਆਂ ਨੇ ਨਾਅਰੇਬਾਜ਼ੀ ਕਰਦੇ ਯੋਰਬਰਗ ਵੱਲ ਮਾਰਚ ਕੀਤਾ।
ਰੈਲੀ ਦੌਰਾਨ ਮਹਿਲਾ ਪ੍ਰਦਰਸ਼ਨਕਾਰੀ ਵਾਈ. ਲੇਈਮਾ ਨੇ ਕਿਹਾ, ‘‘ਇਹ ਰੈਲੀ ਮੇਇਰਾ ਪੇਈਬਿਸ ਤੇ ਲਮਾਲਾਈ ਹਲਕੇ ਦੇ ਸਥਾਨਕ ਕਲੱਬਾਂ ਵੱਲੋਂ ਕੱਢੀ ਗਈ। ਅਸੀਂ ਵਾਰ-ਵਾਰ ਦੁਹਰਾਇਆ ਹੈ ਕਿ ਅਫਸਪਾ ‘ਦਮਨ’ ਦਾ ਇੱਕ ਸਾਧਨ ਹੈ। ਅਫਸਪਾ ਦੌਰਾਨ ਇੰਫਾਲ ਘਾਟੀ ਤੇ ਨਾਗਾ ਇਲਾਕਿਆਂ ਦੇ ਲੋਕਾਂ ਨੇ ਸੰਤਾਪ ਹੰਢਾਇਆ ਹੈ ਪਰ ਸਰਕਾਰ ਨੇ ਕਦੇ ਵੀ ਉਨ੍ਹਾਂ ਦੀ ਪੀੜ ਮਹਿਸੂਸ ਨਹੀਂ ਕੀਤੀ।’’
ਇਸੇ ਦੌਰਾਨ ਜਿਰੀਬਾਮ ਜ਼ਿਲ੍ਹੇ ’ਚ ਮਨੀਪੁਰ ਏਕਤਾ ਤਾਲਮੇਲ ਕਮੇਟੀ (ਸੀਓਸੀਓਐੱਮਆਈ) ਦੇ ਵਿਦਿਆਰਥੀ ਵਿੰਗ ਦੇ ਵਾਲੰਟੀਅਰਾਂ ਨੇ ਕੁੱਕੀ-ਜ਼ੋਅ ਅਤਿਵਾਦੀਆਂ ਖ਼ਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਚਲਾਉਣ ਤੇ ਅਫਸਪਾ ਹਟਾਉਣ ਦੀ ਮੰਗ ਲਈ ਦੋ ਰੋਜ਼ਾ ਮੁਹਿੰਮ ਤਹਿਤ ਕਈ ਸਰਕਾਰੀ ਦਫ਼ਤਰਾਂ ਨੂੰ ਜਿੰਦਰੇ ਮਾਰ ਦਿੱਤੇ। ਵਾਲੰਟੀਅਰਾਂ ਨੇ ਸਰਕਾਰੀ ਮੁਲਾਜ਼ਮਾਂ ਨੂੰ ਦਫ਼ਤਰ ਖਾਲੀ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਮੁੱਖ ਦਰਵਾਜ਼ੇ ਬੰਦ ਕਰ ਦਿੱਤੇ। ਦੱਸਣਯੋਗ ਹੈ ਕੇਂਦਰ ਨੇ ਹਾਲ ਹੀ ’ਚ ਹਿੰਸਾਗ੍ਰਸਤ ਜਿਰੀਬਾਮ ਸਣੇ ਮਨੀਪੁਰ ਦੇ ਛੇ ਪੁਲੀਸ ਥਾਣਿਆਂ ਅਧੀਨ ਗੜਬੜਜ਼ਦਾ ਐਲਾਨੇ ਇਲਾਕਿਆਂ ’ਚ ਅਫਸਪਾ ਲਾਇਆ ਹੈ। -ਪੀਟੀਅਆਈ
ਜਿਰੀਬਾਮ ’ਚ ਅੱਜ ਤੋਂ ਮੁੜ ਖੁੱਲ੍ਹਣਗੇ ਸਕੂਲ ਤੇ ਕਾਲਜ
ਮਨੀਪੁਰ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਇੰਫਾਲ ਘਾਟੀ ਜ਼ਿਲ੍ਹਿਆਂ ਤੇ ਜਿਰੀਬਾਮ ’ਚ ਸਕੂਲਾਂ ਤੇ ਕਾਲਜਾਂ ਕਲਾਸਾਂ 29 ਨਵੰਬਰ ਤੋਂ ਮੁੜ ਸ਼ੁਰੂ ਹੋਣਗੀਆਂ। ਇਹ ਜਾਣਕਾਰੀ ਸਕੂਲ ਸਿੱਖਿਆ ਡਾਇਰੈਕਟੋਰੇਟ ਵੱਲੋਂ ਜਾਰੀ ਹੁਕਮ ’ਚ ਦਿੱਤੀ ਗਈ। ਲਗਪਗ 31 ਦਿਨਾਂ ਮਗਰੋਂ ਸਿੱਖਿਆ ਅਦਾਰੇ ਖੁੱਲ੍ਹਣ ਜਾ ਰਹੇ ਹਨ। ਮਨੀਪੁਰ ’ਚ ਜਿਰੀ ਤੇ ਅਸਾਮ ’ਚ ਬਰਾਕ ਨਦੀ ’ਚੋਂ ਜਿਰੀਬਾਮ ਦੀਆਂ 3 ਔਰਤਾਂ ਤੇ 3 ਬੱਚਿਆਂ ਦੀਆਂ ਲਾਸ਼ਾਂ ਮਿਲਣ ਮਗਰੋਂ 16 ਨਵੰਬਰ ਤੋਂ ਇਨ੍ਹਾਂ ਜ਼ਿਲ੍ਹਿਆਂ ’ਚ ਸਿੱਖਿਆ ਸੰਸਥਾਵਾਂ ਬੰਦ ਹਨ।
ਲਾਪਤਾ ਵਿਅਕਤੀ ਨੂੰ ਲੱਭਣ ਦੀ ਮੰਗ ਲਈ ਪ੍ਰਦਰਸ਼ਨ
ਇੰਫਾਲ ਪੱਛਮੀ ਜ਼ਿਲ੍ਹੇ ’ਚ ਹਜ਼ਾਰਾਂ ਲੋਕਾਂ ਨੇ ਅੱਜ ਦੂਜੇ ਦਿਨ ਵੀ ਧਰਨਾ ਜਾਰੀ ਰੱਖਿਆ ਤੇ 25 ਨਵੰਬਰ ਤੋਂ ਲਾਪਤਾ ਲੈਸ਼ਰਾਮ ਕਮਲਬਾਬੂ ਸਿੰਘ (56) ਨੂੰ ਲੱਭਣ ਲਈ ਪ੍ਰਸ਼ਾਸਨ ਤੋਂ ਕਦਮ ਚੁੱਕਣ ਦੀ ਮੰਗ ਕੀਤੀ। ਲੈਸ਼ਰਾਮ ਦੇ ਲਾਪਤਾ ਹੋਣ ਮਗਰੋਂ ਕਾਇਮ ਸਾਂਂਝੀ ਐਕਸ਼ਨ ਕਮੇਟੀ (ਜੇਏਸੀ) ਨੇ ਬੁੱਧਵਾਰ ਤੋਂ ਮੁਜ਼ਾਹਰਾ ਸ਼ੁਰੂ ਕੀਤਾ ਸੀ। ਪੁਲੀਸ ਨੇ ਦੱਸਿਆ ਕਿ ਮੁਜ਼ਾਹਰਾਕਾਰੀ ਲਾਪਤਾ ਵਿਅਕਤੀ ਨੂੰ ਤਿੰਨ ਦਿਨਾਂ ’ਚ ਲੱਭ ਕੇ ਉਨ੍ਹਾਂ ਹਵਾਲੇ ਕਰਨ ਦੀ ਮੰਗ ਕਰ ਰਹੇ ਹਨ।