ਸਵੱਛਤਾ ਜਾਗਰੂਕਤਾ ਮੁਹਿੰਮ ਤਹਿਤ ਰੈਲੀਆਂ ਕੱਢੀਆਂ
ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਸਤੰਬਰ
ਇੱਥੇ 2 ਅਕਤੂਬਰ ਤੱਕ ਚੱਲਣ ਵਾਲੀ ਸਵੱਛਤਾ ਲੀਗ-2 ਦੇ ਸਨਮੁੱਖ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਤਹਿਤ ਨਗਰ ਨਿਗਮ ਨੇ ‘ਘਰ ਦਾ ਕੂੜਾ ਵੱਖ-ਵੱਖ ਕਰੋ’ ਤੇ ‘ਮੇਰਾ ਕੂੜਾ ਮੈਂ ਸੰਭਾਲਾਂ’ ਦਾ ਸੁਨੇਹਾ ਦਿੰਦਿਆਂ ਸਵੱਛਤਾ ਜਾਗਰੂਕਤਾ ਰੈਲੀ ਕੱਢੀ। ਨਗਰ ਨਿਗਮ ਦਫਤਰ ਤੋਂ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਦੀ ਅਗਵਾਈ ਹੇਠ ਸ਼ੁਰੂ ਹੋਈ ਇਸ ਰੈਲੀ ਵਿੱਚ ਵਿਦਿਅਕ ਅਦਾਰਿਆਂ ਅਤੇ ਸਮਾਜਿਕ ਸੰਸਥਾਵਾਂ ਨੇ ਸ਼ਿਰਕਤ ਕੀਤੀ। ਹਾਲਾਂਕਿ ਰੈਲੀ ਦੌਰਾਨ ਬਰਸਾਤ ਹੁੰਦੀ ਰਹੀ, ਪਰ ਫੇਰ ਵੀ ਰੈਲੀ ਨਾ ਰੁਕੀ। ਰੈਲੀ ਮੌਕੇ ਸਰਕਾਰੀ ਕਾਲਜ ਕੁੜੀਆਂ ਦੀਆਂ ਵਿਦਿਆਥਣਾਂ ਸਮੇਤ ਪਲੇਵੇਅ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਆਈਟੀਆਈ (ਲੜਕੇ) ਦੇ ਵਿਦਿਆਰਥੀ ਮੌਜੂਦ ਸਨ। ਜਦਕਿ ਸਮਾਜਿਕ ਸੰਸਥਾਵਾਂ ਵਿੱਚ ਪਾਵਰ ਹਾਊਸ ਯੂਥ ਕਲੱਬ ਦੇ ਮੁੱਖ ਪੈਟਰਨ ਜਤਵਿੰਦਰ ਸਿੰਘ ਗਰੇਵਾਲ, ਰੁਪਿੰਦਰ ਕੌਰ ਅਤੇ ਪਰਮਿੰਦਰ ਭਲਵਾਨ ਨੇ ਵੀ ਹਿੱਸਾ ਲਿਆ।
ਇਸੇ ਦੌਰਾਨ ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ 8288011145 ’ਤੇ ਮਿਸ ਕਾਲ ਕਰੋ ਅਤੇ ਰਜਿਸਟਰ ਕਰੋ, ਤਾਂ ਕਿ ਅਸੀਂ ਰਲ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਫ ਸੁਥਰਾ ਅਤੇ ਹਰਿਆ ਭਰਿਆ ਪੰਜਾਬ ਸਿਰਜ ਸਕੀਏ। ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਨੇ ਪਟਿਆਲਾ ਨੂੰ ਪਲਾਸਟਿਕ ਮੁਕਤ ਕਰਨ ਦਾ ਸੱਦਾ ਦਿੱਤਾ। ਸਕੱਤਰ (ਹੈਲਥ) ਸੁਨੀਲ ਮਹਿਤਾ ਨੇ ਸਵੱਛਤਾ ਲੀਗ-2 ਦੀ ਰੂਪਰੇਖਾ ਦੀ ਜਾਣਕਾਰੀ ਦਿੱਤੀ। ਇਸ ਮੌਕੇ ਸੈਨੇਟਰੀ ਇੰਸਪੈਕਟਰ, ਅਮਨਦੀਪ ਸੇਖੋਂ, ਜਵਾਲਾ ਸਿੰਘ (ਸੀ ਐਫ), ਮਨਦੀਪ ਸਿੰਘ (ਸੀ ਐਫ਼), ਨਗਰ ਨਿਗਮ ਦੇ ਬ੍ਰਾਂਡ ਅੰਬੈਸਡਰ ਤੇ ਪਲੇਅਵੇਜ ਸੀਨੀਅਰ ਸੈਕੰਡਰੀ ਸਕੂਲ ਦੇ ਡਾਇਰੈਕਟਰ ਰਾਜਦੀਪ ਸਿੰਘ, ਸਰਕਾਰੀ ਕਾਲਜ ਕੁੜੀਆਂ ਦੇ ਪ੍ਰੋ. ਗੁਰਿੰਦਰ ਕੌਰ, ਗੋਲਡਨ ਹੱਟ ਰੈਸਟੋਰੈਂਟ ਤੇ ਸੋਸ਼ਲ ਵਰਕਰ ਰਾਮ ਸਿੰਘ ਰਾਣਾ ਅਤੇ ਆਈਐੱਸ ਐਲ-2 ਦੇ ਕੈਪਟਨ ਗੁਰਪ੍ਰਤਾਪ ਸਿੰਘ ਜੱਗੀ ਸਵੀਟਸ ਵੀ ਹਾਜ਼ਰ ਸਨ।
ਦੇਵੀਗੜ੍ਹ (ਪੱਤਰ ਪ੍ਰੇਰਕ): ਪਟਿਆਲਾ ਜ਼ਿਲ੍ਹੇ ਵਿੱਚ ਚਲਾਈ ਜਾ ਰਹੀ ਸਵੱਛਤਾ ਮੁਹਿੰਮ ਤਹਿਤ ਨਗਰ ਪੰਚਾਇਤ ਦੇਵੀਗੜ੍ਹ ਵੱਲੋਂ ਜਾਗਰੂਕਤਾ ਰੈਲੀ ਅਤੇ ਪਲੋਗਨ ਡਰਾਈਵ ਚਲਾਈ ਗਈ। ਇਸ ਮੌਕੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ, ਨਗਰ ਪੰਚਾਇਤ ਦੇ ਸੈਨੀਟੇਸ਼ਨ ਸਟਾਫ਼ ਅਤੇ ਸ਼ਹਿਰੀ ਵਾਸੀਆਂ ਨੇ ਰੈਲੀ ਵਿੱਚ ਹਿੱਸਾ ਲਿਆ। ਇਹ ਜਾਗਰੂਕਤਾ ਮੁਹਿੰਮ ਨਗਰ ਪੰਚਾਇਤ ਦਫ਼ਤਰ ਦੇਵੀਗੜ੍ਹ ਤੋਂ ਸ਼ੁਰੂ ਕੀਤੀ ਗਈ ਅਤੇ ਸਾਰੇ ਵਪਾਰਕ ਖੇਤਰ ਵਿਚੋਂ ਹੁੰਦੇ ਹੋਏ ਇਸ ਨੇ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਦਾ ਸੁਨੇਹਾ ਦਿੱਤਾ।
ਸਵੱਛ ਭਾਰਤ ਅਭਿਆਨ ਤਹਿਤ ਕੱਢੀ ਰੈਲੀ ’ਤੇ ਕੌਂਸਲਰਾਂ ਨੇ ਚੁੱਕੇ ਸਵਾਲ
ਧੂਰੀ (ਹਰਦੀਪ ਸਿੰਘ ਸੋਢੀ): ਸ਼ਹਿਰ ਅੰਦਰ ਸਫਾਈ ਦੇ ਮਕਸਦ ਨਾਲ ਨਗਰ ਕੌਂਸਲ ਧੂਰੀ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੈਲੀ ਕੱਢੀ ਗਈ। ਇਸ ਰੈਲੀ ਉੱਪਰ ਸੁਆਲ ਖੜ੍ਹੇ ਕਰਦਿਆਂ ਵਾਰਡ ਨੰਬਰ 8 ਤੋਂ ਕੌਂਸਲਰ ਅਜੈ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਧੂਰੀ ਦੇ ਅਧਿਕਾਰੀਆਂ ਵੱਲੋਂ ਸਵੱਛ ਭਾਰਤ ਪ੍ਰਤੀ ਰੈਲੀਆਂ ਕੱਢ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਨਾਲ ਸਬੰਧਤ ਸਥਾਨਕ ਅਧਿਕਾਰੀ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਫੰਡਾਂ ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਜਲਦੀ ਸਵੱਛ ਭਾਰਤ ਅਭਿਆਨ ਤਹਿਤ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਨੂੰ ਮਜਬੂਰ ਹੋ ਕੇ ਧਰਨੇ ਤੇ ਮੁਜ਼ਾਹਰਾ ਦੇਣ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਕੌਂਸਲਰ ਅਜੈ ਪਰੋਚਾ ਤੋਂ ਇਲਾਵਾ ਕੌਂਸਲਰ ਨਰਪਿੰਦਰ ਸਿੰਘ ਗੋਰਾ, ਕੌਂਸਲਰ, ਕੋਸਲਰ ਜਿਉਣ ਸਿੰਘ ਵੀ ਮੌਜੂਦ ਸਨ। ਕਾਰਜਸਾਧਕ ਅਫਸਰ ਅਸ਼ਵਨੀ ਕੁਮਾਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਰੈਲੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਗਈ ਸੀ ਜਿਸ ਦੇ ਚੰਗੇ ਨਤੀਜੇ ਆਉਣਗੇ । ਉਨ੍ਹਾਂ ਕਿਹਾ ਕੌਂਸਲਰ ਅਜੇ ਪਰੋਚਾ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਕਰਨ ਉਪਰੰਤ ਹੀ ਉਹ ਕੁਝ ਕਹਿਣਗੇ।