ਜ਼ਮੀਨੀ ਵਿਵਾਦ: ਪ੍ਰਸ਼ਾਸਨ ਦੇ ਭਰੋਸੇ ਮਗਰੋਂ ਸਸਕਾਰ ਲਈ ਮੰਨਿਆ ਪੀੜਤ ਪਰਿਵਾਰ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 17 ਜੂਨ
ਪਿੰਡ ਭੂੰਡਥੇਹ ਵਿੱਚ ਜ਼ਮੀਨੀ ਝਗੜੇ ਦੌਰਾਨ ਕਥਿਤ ਅੱਗ ਲਾ ਕੇ ਸਾੜੇ ਵਿਅਕਤੀ ਦੀ ਲਾਸ਼ ਨੂੰ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਰੱਖ ਕੇ ਇਨਸਾਫ਼ ਲਈ ਧਰਨਾ ਦੇ ਰਹੇ ਪਰਿਵਾਰਕ ਮੈਂਬਰਾਂ ਅਤੇ ਪ੍ਰਸ਼ਾਸਨ ਵਿਚਾਲੇ ਸਮਝੌਤੇ ਮਗਰੋਂ ਪਰਿਵਾਰ ਮ੍ਰਿਤਕ ਵਿਅਕਤੀ ਦੇ ਸਸਕਾਰ ਲਈ ਰਾਜ਼ੀ ਹੋ ਗਿਆ ਹੈ। ਐੱਸਪੀ ਹੈੱਡ ਕੁਆਰਟਰ ਪਟਿਆਲਾ ਵੈੱਬ ਚੌਧਰੀ, ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਅਤੇ ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ ਨਾਲ ਕਈ ਦੌਰ ਦੀ ਚੱਲੀ ਗੱਲਬਾਤ ਅਤੇ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਦੇ ਦਖ਼ਲ ਮਗਰੋਂ ਦੋਵਾਂ ਧਿਰਾਂ ਵਿੱਚ ਸਮਝੌਤਾ ਸਿਰੇ ਚੜ੍ਹਿਆ। ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਧਰਨੇ ਵਿੱਚ ਪਹੁੰਚੇ ਐੱਸਪੀ ਹੈੱਡ ਕੁਆਰਟਰ ਵੱਲੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਅਤੇ ਦੂਜਿਆਂ ਨੂੰ ਜਲਦੀ ਕਾਬੂ ਕਰ ਲੈਣ ਦਾ ਭਰੋਸਾ ਦਿੱਤੇ ਜਾਣ ਮਗਰੋਂ ਪਰਿਵਾਰ ਸਸਕਾਰ ਲਈ ਸਹਿਮਤ ਹੋਇਆ। ਸਮਝੌਤੇ ਮੁਤਾਬਕ ਧਰਨੇ ਵਿੱਚ ਬੈਠੀਆਂ ਔਰਤਾਂ ਘਰਾਂ ਨੂੰ ਚਲੀਆਂ ਗਈਆਂ ਜਦੋਂ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਮੰਗਲਵਾਰ ਸਵੇਰੇ 8 ਵਜੇ ਸਸਕਾਰ ਲਈ ਸਹਿਮਤੀ ਦੇ ਦਿੱਤੀ।
ਐੱਸਪੀ ਵੈਭਵ ਚੌਧਰੀ ਨੂੰ ਧਰਨੇ ’ਤੇ ਬੈਠੇ ਮ੍ਰਿਤਕ ਦੇ ਪੁੱਤਰ ਜਸਕਰਨ ਸਿੰਘ ਅਤੇ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਤਾਏ ਕੁਲਵਿੰਦਰ ਸਿੰਘ ਨੇ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਦੇ ਕਾਗਜ਼ਾਂ ’ਤੇ ਪਹਿਲਾਂ ਫ਼ੌਜ ਵਿੱਚ ਨੌਕਰੀ ਕੀਤੀ ਅਤੇ ਸੇਵਾਮੁਕਤ ਹੋਣ ਮਗਰੋਂ ਪਿੰਡ ਆ ਕੇ ਉਨ੍ਹਾਂ ਦੇ ਪਿਤਾ ਦੇ ਜਾਅਲੀ ਆਧਾਰ ਕਾਰਡ ਅਤੇ ਪੈਨ ਕਾਰਡ ਤਿਆਰ ਕਰ ਕੇ ਉਨ੍ਹਾਂ ਦੀ ਜ਼ਮੀਨ ਦੀ ਵਸੀਅਤ ਆਪਣੇ ਪੁੱਤਰ ਦੇ ਨਾਮ ਕਰ ਦਿੱਤੀ। ਪਤਾ ਲੱਗਣ ’ਤੇ ਉਨ੍ਹਾਂ ਕਈ ਪੰਚਾਇਤਾਂ ਕੀਤੀਆਂ ਪਰ ਕੁਲਵਿੰਦਰ ਸਿੰਘ ਬੇਜ਼ਿੱਦ ਰਿਹਾ। ਜਿਸ ਮਗਰੋਂ ਉਨ੍ਹਾਂ ਦਾ ਸਾਲ 2018 ਤੋਂ ਜ਼ਮੀਨ ਨੂੰ ਲੈ ਕੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਇਸ ਦੇ ਚੱਲਦਿਆਂ ਵਿਰੋਧੀ ਧਿਰ ਉਨ੍ਹਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਆਈ। ਵਿਰੋਧ ਕਰਨ ’ਤੇ ਉਨ੍ਹਾਂ ਉਸ ਦੇ ਪਿਤਾ ਸੁਖਦੇਵ ਸਿੰਘ ਨੂੰ ਤੇਲ ਪਾ ਕੇ ਅੱਗ ਲਾ ਦਿੱਤੀ। ਇਸ ਮਾਮਲੇ ਵਿੱਚ ਸ਼ੁਤਰਾਣਾ ਪੁਲੀਸ ਵੱਲੋਂ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਬਾਵਜੂਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਐੱਸਪੀ ਵੈਭਵ ਚੌਧਰੀ ਨੇ ਕਿਹਾ ਕਿ ਸੁਖਦੇਵ ਸਿੰਘ ਦੀ ਹਸਪਤਾਲ ਵਿੱਚ ਦਾਖਲ ਹੋਣ ਸਮੇਂ 7 ਜਣਿਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ ਪਰ ਸੁਖਦੇਵ ਦੀ ਮੌਤ ਹੋਣ ਮਗਰੋਂ ਇਨ੍ਹਾਂ ਦੇ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ’ਚੋਂ ਜਸਵੀਰ ਸਿੰਘ ਉਰਫ ਜੱਸੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੀ ਭਾਲ ਜਾਰੀ ਹੈ।