For the best experience, open
https://m.punjabitribuneonline.com
on your mobile browser.
Advertisement

ਭਾਜਪਾ ਉਮੀਦਵਾਰਾਂ ਨੂੰ ਘੇਰਨ ਲਈ ਪਿੰਡਾਂ ਵਿੱਚ ਰੈਲੀਆਂ

06:52 AM May 06, 2024 IST
ਭਾਜਪਾ ਉਮੀਦਵਾਰਾਂ ਨੂੰ ਘੇਰਨ ਲਈ ਪਿੰਡਾਂ ਵਿੱਚ ਰੈਲੀਆਂ
ਕਿਸਾਨਾਂ ਨੂੰ ਸੰਬੋਧਨ ਕਰਦਾ ਹੋਇਆ ਇਕ ਬੁਲਾਰਾ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਮਈ
ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਘੇਰ ਕੇ ਸਵਾਲ ਕਰਨ ਲਈ ਵਿੱਢੀ ਮੁਹਿੰਮ ਤਹਿਤ ਅੱਜ ਨੇੜਲੇ ਪਿੰਡ ਬਰਸਾਲ, ਵਿਰਕ, ਸਿੱਧਵਾਂ ਕਲਾਂ ’ਚ ਜਾਗੋ ਰੈਲੀਆਂ ਦਾ ਸਿਲਸਿਲਾ ਜਾਰੀ ਰਿਹਾ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਫੋਰਮ ਦੇ ਸੱਦੇ ’ਤੇ ਇਹ ਰੈਲੀਆਂ ਕੀਤੀਆਂ। ਬੁਲਾਰਿਆਂ ਨੇ ਕਿਹਾ ਕਿ ਭਾਜਪਾ ਅਤੇ ਇਸ ਦੇ ਉਮੀਦਵਾਰਾਂ ਦਾ ਵਿਰੋਧ ਜਾਰੀ ਰਹੇਗਾ ਕਿਉਂਕਿ ਕੇਂਦਰ ’ਚ ਕਾਬਜ਼ ਮੋਦੀ ਹਕੂਮਤ ਨੇ ਨਾ ਤਾਂ ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਵਾਲਾ ਵਾਅਦਾ ਪੂਰਾ ਕੀਤਾ ਹੈ, ਨਾ ਹੀ ਹੋਰ ਮੰਨੀਆਂ ਮੰਗਾਂ ’ਤੇ ਖਰੀ ਉੱਤਰੀ ਹੈ। ਉਲਟਾ ਹੁਣ ਜਦੋਂ ਕਿਸਾਨ ਅੰਦੋਲਨ ’ਚ ਹੱਕੀ ਮੰਗਾਂ ਲਈ ਕਿਸਾਨ ਦਿੱਲੀ ਕੂਚ ਕਰ ਰਹੇ ਸਨ ਤਾਂ ਇਨ੍ਹਾਂ ਨੂੰ ਦਿੱਲੀ ’ਚ ਦਾਖ਼ਲ ਨਹੀਂ ਹੋਣ ਦਿੱਤਾ। ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਗੁਰਸੇਵਕ ਸਿੰਘ ਸੋਨੀ ਸਵੱਦੀ, ਰਣਜੀਤ ਸਿੰਘ ਗੁੜੇ, ਜਗਦੇਵ ਸਿੰਘ ਗੁੜੇ, ਅਮਰੀਕ ਸਿੰਘ ਤਲਵੰਡੀ ਨੇ ਕਿਹਾ ਕਿ ਪੌਣੇ ਤਿੰਨ ਮਹੀਨੇ ਤੋਂ ਜੁਝਾਰੂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਨੂੰ ਹਰਿਆਣਾ ਬਾਰਡਰਾਂ ’ਤੇ ਡੱਕ ਕੇ ਦਿੱਲੀ ਜਾਣ ਤੋਂ ਰੋਕਣ ਵਾਲੀ ਜ਼ਾਲਮ ਤੇ ਕਾਤਲ ਭਾਜਪਾ ਪਾਰਟੀ ਨੂੰ ਹੁਣ ਪਿੰਡਾਂ ਸ਼ਹਿਰਾਂ ’ਚ ਕਿਸਾਨਾਂ ਮਜ਼ਦੂਰਾਂ ਦੀਆਂ ਵੋਟਾਂ ਲਈ ਆਉਣ ਦਾ ਭੋਰਾ ਭਰ ਵੀ ਇਖਲਾਕੀ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੇੜੇ ਪੰਜਾਬ ਵਾਲੇ ਪਾਸੇ ਬੈਠੇ ਕਿਸਾਨਾਂ ਤੇ ਮਜ਼ਦੂਰਾਂ ’ਤੇ ਜੋ ਤਸ਼ੱਦਦ ਹੋਇਆ ਉਸ ’ਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਭੂਮਿਕਾ ਵੀ ਨਿੰਦਣਯੋਗ ਰਹੀ ਹੈ। ਇਸ ਲਈ ਇਸ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਘੇਰ ਕੇ ਤਰਕ ਨਾ ਸਵਾਲ ਕੀਤੇ ਜਾਣਗੇ।

Advertisement

Advertisement
Author Image

Advertisement
Advertisement
×