For the best experience, open
https://m.punjabitribuneonline.com
on your mobile browser.
Advertisement

ਕਰਮਜੀਤ ਅਨਮੋਲ ਵੱਲੋਂ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਵਿੱਚ ਰੈਲੀਆਂ

07:36 AM Apr 16, 2024 IST
ਕਰਮਜੀਤ ਅਨਮੋਲ ਵੱਲੋਂ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਵਿੱਚ ਰੈਲੀਆਂ
ਪਿੰਡ ਜਲਾਲ ਵਿੱਚ ਕਰਮਜੀਤ ਅਨਮੋਲ ਦਾ ਸਨਮਾਨ ਕਰਦੇ ਪਾਰਟੀ ਆਗੂ।
Advertisement

ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 15 ਅਪਰੈਲ
ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਆਪਣੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਹਲਕਾ ਰਾਮਪੁਰਾ ਫੂਲ ਦੇ ਪਿੰਡ ਮਲੂਕਾ, ਸਿਰੀਏਵਾਲਾ, ਦਿਆਲਪੁਰਾ ਮਿਰਜਾ, ਜਲਾਲ, ਆਦਮਪੁਰਾ, ਢਿਪਾਲੀ ਅਤੇ ਮਹਿਰਾਜ ਵਿੱਚ ਚੋਣ ਰੈਲੀਆਂ ਕੀਤੀਆਂ। ਇਸ ਮੌਕੇ ਪੰਜਾਬੀ ਫਿਲਮ ਸਟਾਰ ਬੀਨੂੰ ਢਿੱਲੋਂ ਨੇ ਵੀ ਕਰਮਜੀਤ ਅਨਮੋਲ ਦੇ ਹੱਕ ’ਚ ਪ੍ਰਚਾਰ ਕਰਦਿਆਂ ਉਸ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੱਤਾ। ਕਰਮਜੀਤ ਅਨਮੋਲ ਨੇ ਕਿਹਾ ਕਿ ਕੇਂਦਰ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ ਹੈ ਅਤੇ ਇਸ ਵੇਲੇ ਸੱਤਾ ’ਤੇ ਕਾਬਜ਼ ਭਾਜਪਾ ਸਰਕਾਰ ਨੇ ਪੰਜਾਬ ਦੇ 8 ਹਜ਼ਾਰ ਕਰੋੜ ਦੇ ਪੇਂਡੂ ਵਿਕਾਸ ਦੇ ਫੰਡ ਰੋਕੇ ਹੋਏ ਹਨ। ਕਰਮਜੀਤ ਅਨਮੋਲ ਨੇ ਪਿੰਡ ਦਿਆਲਪੁਰਾ ਮਿਰਜ਼ਾ ’ਚ ਦੋ ਦਰਜਨ ਪਰਿਵਾਰਾਂ ਵੱਲੋਂ ‘ਆਪ’ ਵਿੱਚ ਸ਼ਾਮਲ ਹੋਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਬੀਨੂੰ ਢਿੱਲੋਂ ਨੇ ਕਿਹਾ ਕਿ ਅਨਮੋਲ ਇਮਾਨਦਾਰ, ਮਿਹਨਤੀ ਤੇ ਜਮੀਨ ਨਾਲ ਜੁੜਿਆ ਹੋਇਆ ਇਨਸਾਨ ਹੈ।
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ, ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਖਾਦੀ ਬੋਰਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲੇ ਦੋ ਸਾਲਾਂ ਵਿੱਚ ਹੀ ਸੂਬਾ ਵਾਸੀਆਂ ਨੂੰ ਮੁਫਤ ਬਿਜਲੀ, ਮੁਹੱਲਾ ਕਲੀਨਿਕਾਂ ਅਤੇ ਮਿਆਰੀ ਵਿੱਦਿਆ ਰਾਹੀਂ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਨੌਜਵਾਨਾਂ ਨੂੰ ਮੈਰਿਟ ਉੱਤੇ 45 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਮੌਕੇ ਪਿੰਡਾਂ ਦੇ ਪੰਚ, ਸਰਪੰਚ ਤੇ ਪਾਰਟੀ ਆਗੂ ਹਾਜ਼ਰ ਸਨ।

Advertisement

ਕਰਮਜੀਤ ਅਨਮੋਲ ਵੱਲੋਂ ਜੈਤੋ ਹਲਕੇ ਦਾ ਦੌਰਾ ਅੱਜ

ਜੈਤੋ: ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ 16 ਅਪਰੈਲ ਨੂੰ ਹਲਕਾ ਜੈਤੋ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ। ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਵਿਧਾਇਕ ਇੰਜ. ਅਮੋਲਕ ਸਿੰਘ ਨੇ ਦੱਸਿਆ ਕਿ ਪਿੰਡ ਮੱਤਾ ’ਚ 10 ਵਜੇ, ਰੋੜੀਕਪੂਰਾ ਵਿੱਚ 10:30, ਚੈਨਾ 11:30, ਸੇਵੇਵਾਲਾ 12, ਜੈਤੋ ਸ਼ਹਿਰ 1:30, ਬਾਜਾਖਾਨਾ 2:30, ਡੋਡ 3:15, ਬਰਗਾੜੀ 4:00, ਢਿੱਲਵਾਂ 5:00 ਅਤੇ ਪੰਜਗਰਾਈਂ ਵਿੱਚ ਸ਼ਾਮ ਨੂੰ 6:00 ਵਜੇ ਕਰਮਜੀਤ ਅਨਮੋਲ ਇਕੱਠਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਨਮੋਲ ਦੇ ਵਿਚਾਰਾਂ ਤੋਂ ਵਾਕਿਫ਼ ਹੋਣ ਲਈ ਇਕੱਠਾਂ ’ਚ ਸ਼ਮੂਲੀਅਤ ਕਰਨ। -ਪੱਤਰ ਪ੍ਰੇਰਕ

ਕੇਂਦਰ ਦੀ ਤਾਨਾਸ਼ਾਹੀ ਦਾ ਪੰਜਾਬ ਦੇਵੇਗਾ ਜਵਾਬ: ਬਲਤੇਜ ਪੰਨੂ

ਕੋਟਕਪੂਰਾ: ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਦੇ ਹੱਕ ਵਿੱਚ ਫ਼ਰੀਦਕੋਟ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਪਹੁੰਚੇ। ਇਸ ਮੌਕੇ ਉਨ੍ਹਾਂ ਸਰਦੂਲ ਸਿੰਘ ਬਰਾੜ ਵਿੱਚ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਪੰਜਾਬ ਦੀ ਕੇਂਦਰ ਵਿੱਚ ਤਾਨਾਸ਼ਾਹੀ ਨਾਲ ਆਰਪਾਰ ਦੀ ਲੜਾਈ ਹੈ ਅਤੇ ਇਸ ਵਿੱਚ ਕਿਸਾਨ ਅੰਦੋਲਨ ਵਾਂਗ ਪੰਜਾਬ ਪੂਰੇ ਹਿੰਦੋਸਤਾਨ ਦੀ ਅਗਵਾਈ ਕਰੇਗਾ। ਹਰ ਵੋਟਰ ਇਸ ਲੜਾਈ ਦਾ ਸਿਪਾਹੀ ਹੈ ਤੇ ਉਸ ਦੇ ਹੱਥ ਵਿੱਚ ਵੋਟ ਦਾ ਹਥਿਆਰ ਹੈ ਜਿਸ ਨੂੰ ਵਰਤ ਕੇ ਭਾਜਪਾ ਸਰਕਾਰ ਦਾ ਤਖਤਾ ਪਲਟਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਏਏਜੀ ਪੰਜਾਬ ਦੇ ਮੋਹਿਤ ਕਪੂਰ, ਅਜੀਤ ਪਾਲ ਸਿੰਘ ਮੰਡੇਰ ਵੀ ਸਨ। ਇਸ ਮੌਕੇ ਸ੍ਰੀ ਅਨਮੋਲ ਨੇ ਕਿਹਾ ਕਿ ਸਾਡੇ ਕੋਲ ਲੋਕਾਂ ਦੀ ਤਾਕਤ ਹੈ ਜਦੋਂਕਿ ਭਾਜਪਾ ਕੋਲ ਪੈਸੇ ਦਾ ਜ਼ੋਰ। ਭਾਜਪਾ ਪੈਸੇ ਦੇ ਜ਼ੋਰ ਨਾਲ ਜਿੱਤਣਾ ਚਾਹੁੰਦੀ ਹੈ ਜੋ ਉਸ ਨੇ ਬਾਂਡਾਂ ਰਾਹੀਂ ਇਕੱਠਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਪਹਿਲਾਂ ਹੀ ਵਿਕਾਸ ਅਤੇ ਪ੍ਰਗਤੀ ਦਾ ਰੋਡ ਮੈਪ ਤਿਆਰ ਕਰ ਚੁੱਕੀ ਹੈ ਅਤੇ ਇਨ੍ਹਾਂ ਚੋਣਾਂ ਵਿੱਚ ਲੋਕਾਂ ਨੇ ਮਜ਼ਬੂਤੀ ਨਾਲ ‘ਆਪ’ ਦਾ ਸਾਥ ਦੇਣਾ ਹੈ। -ਨਿੱਜੀ ਪੱਤਰ ਪ੍ਰੇਰਕ

Advertisement
Author Image

Advertisement
Advertisement
×