ਰਾਜਪੁਰਾ ਪੁਲੀਸ ਨੇ ਢਾਈ ਕਿਲੋ ਅਫੀਮ ਸਮੇਤ ਮੁਲਜ਼ਮ ਕਾਬੂ ਕੀਤਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਅਕਤੂਬਰ
ਪਟਿਆਲਾ ਦੇ ਐੱਸਪੀ (ਜਾਂਚ) ਹਰਬੀਰ ਅਟਵਾਲ ਤੇ ਰਾਜਪੁਰਾ ਦੇ ਡੀਐੱਸਪੀ ਸੁਰਿੰਦਰ ਮੋਹਨ ਦੀ ਨਿਗਰਾਨੀ ਅਤੇ ਥਾਣਾ ਸਦਰ ਰਾਜਪੁਰਾ ਦੇ ਐੱਸਐੱਚਓ ਇੰਸਪੈਕਟਰ ਕਿਰਪਾਲ ਸਿੰਘ ਬਾਸਮਾ ਦੀ ਅਗਵਾਈ ਹੇਠਲੀ ਟੀਮ ਇੱਕ ਵਿਅਕਤੀ ਨੂੰ ਢਾਈ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਅੱਜ ਇੱਥੇ ਪੁਲੀਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜਮ ਦੀ ਪਛਾਣ ਵਨਿੇਸ਼ੀਲ ਜੋਸ਼ੀ ਵਾਸੀ ਫਰੈਂਡਜ਼ ਕਲੋਨੀ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇੰਪੈਕਟਰ ਕਿਰਪਾਲ ਸਿੰਘ ਬਾਸਮਾ ਵੱਲੋਂ ਰਾਜਪੁਰਾ-ਸਰਹਿੰਦ ਰੋਡ ’ਤੇ ਨਾਕਾ ਲਾਇਆ ਹੋਇਆ ਸੀ। ਪੁਲੀਸ ਨੇ ਸ਼ੱਕ ਦੇ ਆਧਾਰ 'ਤੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਕਾਰ ਖੜ੍ਹੀ ਕਰਕੇ ਭੱਜ ਗਿਆ ਪਰ ਪੁਲੀਸ ਨੇ ਉੱਸ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਪਾਸੋਂ ਢਾਈ ਕਿਲੋ ਅਫ਼ੀਮ ਬਰਾਮਦ ਹੋਈ। ਐੱਨਡੀਪੀਐੱਸ ਐਕਟ ਤਹਿਤ ਥਾਣਾ ਸਦਰ ਰਾਜਪੁਰਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦਾ ਪੁਲੀਸ ਰਿਮਾਂਡ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।