Rajnath pays tributes to Chautala: ਰਾਜਨਾਥ ਨੇ ਸਿਰਸਾ ਦੇ ਤੇਜਾ ਖੇੜਾ ਪਿੰਡ ਪਹੁੰਚ ਕੇ ਚੌਟਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ
ਚੰਡੀਗੜ੍ਹ, 23 ਦਸੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਿਰਸਾ ਜ਼ਿਲ੍ਹੇ ਦੇ ਤੇਜਾ ਖੇੜਾ ਪਹੁੰਚ ਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਚੌਟਾਲਾ ਦਾ ਪਿਛਲੇ ਹਫ਼ਤੇ ਦੇਹਾਂਤ ਹੋ ਗਿਆ ਸੀ।
ਰਾਜਨਾਥ ਸਿੰਘ ਤੇਜਾ ਖੇੜਾ ਪਿੰਡ ਵਿੱਚ ਚੌਟਾਲਾ ਪਰਿਵਾਰ ਦੇ ਫਾਰਮ ਹਾਊਸ ਪੁੱਜੇ ਅਤੇ ਉਨ੍ਹਾਂ ਮਰਹੂਮ ਚੌਟਾਲਾ ਦੇ ਪੁੱਤਰਾਂ ਅਭੈ ਸਿੰਘ ਚੌਟਾਲਾ ਤੇ ਅਜੈ ਸਿੰਘ ਚੌਟਾਲਾ ਨਾਲ ਮੁਲਾਕਾਤ ਕੀਤੀ। ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਆਗੂ ਓਮ ਪ੍ਰਕਾਸ਼ ਚੌਟਾਲਾ ਦਾ ਸ਼ੁੱਕਰਵਾਰ ਨੂੰ ਗੁਰੂਗ੍ਰਾਮ ਵਿੱਚ ਦੇਹਾਂਤ ਹੋ ਗਿਆ ਸੀ। ਉਹ 89 ਸਾਲ ਦੇ ਸਨ।
ਅਭੈ ਸਿੰਘ ਚੌਟਾਲਾ ਇਨੈਲੋ ਆਗੂ ਹਨ ਅਤੇ ਅਜੈ ਸਿੰਘ ਚੌਟਾਲਾ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਮੁਖੀ ਹਨ। ਰਾਜਨਾਥ ਸਿੰਘ ਨੇ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਭਰਾ ਤੇ ਹਰਿਆਣਾ ਦੇ ਸਾਬਕਾ ਮੰਤਰੀ ਰਣਜੀਤ ਸਿੰਘ ਚੌਟਾਲਾ ਨਾਲ ਵੀ ਮੁਲਾਕਾਤ ਕਰ ਕੇ ਚੌਟਾਲਾ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ।
ਤੇਜਾ ਖੇੜਾ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਨੇ ਓਮ ਪ੍ਰਕਾਸ਼ ਚੌਟਾਲਾ ਨਾਲ ਕੰਮ ਕਰਨ ਦੇ ਆਪਣੇ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਚੌਟਾਲਾ ਨੇ ਨਾ ਸਿਰਫ਼ ਸੂਬੇ ਦੀ ਜਨਤਾ ਦੀ ਸੇਵਾ ਕੀਤੀ ਬਲਕਿ ਕਿਸਾਨ ਭਾਈਚਾਰੇ ਲਈ ਉਨ੍ਹਾਂ ਦੀਆਂ ਸੇਵਾਵਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਸਿੰਘ ਨੇ ਕਿਹਾ, ‘‘ਉਹ ਇਕ ਮਹਾਨ ਆਗੂ (ਦੇਵੀਲਾਲ) ਦੇ ਪੁੱਤਰ ਸਨ, ਪਰ ਸਿਆਸੀ ਵਰਗਾਂ ਵਿੱਚ ਉਨ੍ਹਾਂ ਨੇ ਆਪਣੀ ਪਛਾਣ ਖ਼ੁਦ ਬਣਾਈ।’’ ਉਨ੍ਹਾਂ ਕਿਹਾ ਕਿ ਚੌਟਾਲਾ ਸਾਰੀ ਜ਼ਿੰਦਗੀ ਕਾਂਗਰਸ ਵਿਰੋਧੀ ਮੋਰਚਿਆਂ ਦੇ ਝੰਡਾਬਰਦਾਰ ਰਹੇ। -ਪੀਟੀਆਈ