4 of family 'take poison': ਹਰਿਆਣਾ: ਨਾਰਨੌਲ ਵਿੱਚ ਪਰਿਵਾਰ ਦੇ ਚਾਰ ਮੈਂਬਰਾਂ ਨੇ ਜ਼ਹਿਰ ਖਾਧੀ, ਦੋ ਦੀ ਮੌਤ
ਟ੍ਰਿਬਿਊਨ ਨਿਊਜ਼ ਸਰਵਿਸ
ਮਹਿੰਦਰਗੜ੍ਹ, 23 ਦਸੰਬਰ
ਇੱਥੇ ਨਾਰਨੌਲ ਵਿੱਚ ਲੰਘੀ ਸ਼ਾਮ ਦੋ ਨਾਬਾਲਗ ਲੜਕਿਆਂ ਸਣੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਨੇ ਕਥਿਤ ਤੌਰ ’ਤੇ ਜ਼ਹਿਰ ਨਿਗਲ ਲਿਆ। ਇਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਜਦਕਿ ਬਾਕੀ ਦੋ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਪਰਿਵਾਰ ਵੱਲੋਂ ਇਹ ਕਦਮ ਉਠਾਏ ਜਾਣ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਸਬੰਧੀ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸੀ। ਪੁਲੀਸ ਨੇ ਮਾਮਲੇ ’ਚ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾਂ ਦੀ ਪਛਾਣ ਰੁਪਿੰਦਰ ਕੌਰ ਅਤੇ ਉਸ ਦੇ ਛੋਟੇ ਪੁੱਤਰ ਸੋਨੂੰ ਵਜੋਂ ਹੋਈ ਹੈ। ਇਹ ਮੁਹੱਲਾ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ ਸਨ। ਮ੍ਰਿਤਕਾ ਰੁਪਿੰਦਰ ਕੌਰ ਦੇ ਪਤੀ ਆਸ਼ੀਸ਼ ਅਤੇ ਵੱਡੇ ਪੁੱਤਰ ਗਗਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਟੇਲੀ ਇਲਾਕੇ ਵਿੱਚ ਇਕ ਕਾਰ ’ਚ ਚਾਰ ਵਿਅਕਤੀਆਂ ਦੇ ਬੇਸੁੱਧ ਪਏ ਹੋਣ ਦੀ ਖ਼ਬਰ ਮਿਲਣ ’ਤੇ ਪੁਲੀਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਚਾਰੋਂ ਜਣਿਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਰੁਪਿੰਦਰ ਕੌਰ ਤੇ ਸੋਨੂੰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।