3 people shot dead ਪੰਚਕੂਲਾ: ਮੋਰਨ ਦੇ ਰੈਸਤਰਾਂ ’ਚ ਗੋਲੀਆਂ ਮਾਰ ਕੇ ਮੁਟਿਆਰ ਸਣੇ ਤਿੰਨ ਨੌਜਵਾਨਾਂ ਦੀ ਹੱਤਿਆ
ਪੀਪੀ ਵਰਮਾ
ਪੰਚਕੂਲਾ, 23 ਦਸੰਬਰ
ਪੰਚਕੂਲਾ ਦੇ ਮੋਰਨੀ ਨੂੰ ਜਾਂਦੀ ਸੜਕ ’ਤੇ ਪਿੰਡ ਬੁਰਜ ਕੋਟੀਆਂ ਨੇੜੇ ਸਥਿਤ ਇਕ ਰੈਸਤਰਾਂ ਵਿੱਚ ਲੰਘੀ ਰਾਤ ਗੋਲੀਆਂ ਮਾਰ ਕੇ ਇਕ ਮੁਟਿਆਰ ਸਣੇ ਤਿੰਨ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਦੀ ਪਛਾਣ ਵਿੱਕੀ (31), ਵਨੀਤ (28) ਅਤੇ ਨੀਆ (20) ਦੇ ਰੂਪ ਵਿੱਚ ਹੋਈ ਹੈ। ਇਹ ਤਿੰਨੋਂ ਰੈਸਤਰਾਂ ਵਿੱਚ ਇਕ ਜਨਮ ਦਿਨ ਪਾਰਟੀ ਵਿੱਚ ਸ਼ਾਮਲ ਹੋਣ ਲਈ ਆਏ ਸਨ। ਵਨੀਤ, ਵਿੱਕੀ ਦਾ ਭਾਣਜਾ ਸੀ।
ਪੁਲੀਸ ਅਨੁਸਾਰ ਉਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਤੜਕੇ 3.30 ਵਜੇ ਮਿਲੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਾਲੇ ਰੰਗ ਦੀ ਗੱਡੀ ਵਿੱਚ ਆਏ ਤਿੰਨ ਨੌਜਵਾਨਾਂ ’ਚੋਂ ਦੋ ਨੇ ਰੈਸਤਰਾਂ ਦੀ ਪਾਰਕਿੰਗ ਵਿੱਚ ਅੱਧੀ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ, ਜੋ ਕਿ ਵਨੀਤ, ਵਿੱਕੀ ਅਤੇ ਨੀਆ ਦੇ ਲੱਗੀਆਂ ਤੇ ਉਹ ਗੰਭੀਰ ਜ਼ਖ਼ਮੀ ਹੋ ਗਏ। ਇਸ ਮਗਰੋਂ ਉਨ੍ਹਾਂ ਨੂੰ ਤੁਰੰਤ ਪੰਚਕੂਲਾ ਦੇ ਸੈਕਟਰ-6 ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਚਸ਼ਮਦੀਦਾਂ ਅਨੁਸਾਰ ਘਟਨਾ ਤੋਂ ਬਾਅਦ ਨੌਜਵਾਨ ਗੱਡੀ ਵਿੱਚ ਫ਼ਰਾਰ ਹੋ ਗਏ।
ਇਸ ਬਾਰੇ ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੂੰ ਇਸ ਹਮਲੇ ਵਿੱਚ ਪੁਰਾਣੀ ਰੰਜਿਸ਼ ਦਾ ਖ਼ਦਸ਼ਾ ਹੈ। ਉਨ੍ਹਾਂ ਰੈਸਤਰਾਂ ਅਤੇ ਆਸਪਾਸ ਦੇ ਇਲਾਕੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਫੋਰੈਂਸਿਕ ਅਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਵੀ ਸੱਦ ਲਈਆਂ ਗਈਆਂ ਹਨ।