Rajnath meets Putin in Moscow: ਰਾਜਨਾਥ ਸਿੰਘ ਵੱਲੋਂ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ
ਮਾਸਕੋ, 10 ਦਸੰਬਰ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਮਾਸਕੋ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵੇਂ ਦੇਸ਼ਾਂ ਦੇ ਰੱਖਿਆ ਸਮਝੌਤਿਆਂ ਬਾਰੇ ਚਰਚਾ ਕੀਤੀ ਗਈ।
ਉਨ੍ਹਾਂ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਭਾਰਤ-ਰੂਸ ਸਾਂਝੇਦਾਰੀ ਵਿੱਚ ਅਪਾਰ ਸੰਭਾਵਨਾਵਾਂ ਹਨ ਅਤੇ ਸਾਂਝੇ ਯਤਨਾਂ ਨਾਲ ਸ਼ਾਨਦਾਰ ਨਤੀਜਿਆਂ ਲਈ ਰਾਹ ਪੱਧਰਾ ਹੋਵੇਗਾ। ਉਨ੍ਹਾਂ ਪੂਤਿਨ ਨੂੰ ਦੱਸਿਆ ਕਿ ਭਾਰਤ ਹਮੇਸ਼ਾ ਆਪਣੇ ਰੂਸੀ ਦੋਸਤ ਨਾਲ ਖੜ੍ਹਾ ਹੈ ਅਤੇ ਭਵਿੱਖ ਵਿੱਚ ਵੀ ਡਟ ਕੇ ਖੜ੍ਹੇਗਾ। ਉਨ੍ਹਾਂ ਰੂਸ ਨਾਲ ਭਾਰਤ ਦੇ ਪੁਰਾਣੇ ਨਿੱਘੇ ਰਿਸ਼ਤਿਆਂ ਦਾ ਵੀ ਹਵਾਲਾ ਦਿੱਤਾ। ਇਸ ਮੌਕੇ ਉਨ੍ਹਾਂ ਰੂਸੀ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਰੱਖਿਆ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਰਾਜਨਾਥ ਸਿੰਘ ਨੇ ਦੁਵੱਲੇ ਰੱਖਿਆ ਸਹਿਯੋਗ ਦੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਰੂਸੀ ਹਮਰੁਤਬਾ ਆਂਦਰੇ ਬੇਲੋਸੋਵ ਨਾਲ ਫੌਜੀ ਸਹਿਯੋਗ ਬਾਰੇ ਵੀ ਗੱਲਬਾਤ ਕੀਤੀ।
ਦੱਸਣਾ ਬਣਦਾ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਠ ਦਸੰਬਰ ਨੂੰ ਰੂਸ ਦਾ ਤਿੰਨ ਰੋਜ਼ਾ ਦੌਰਾ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਰੂਸ ਦੇ ਬਣਾਏ ਜੰਗੀ ਬੇੜੇ ਆਈਐੱਨਐੱਸ ਤੁਸ਼ਿਲ ਨੂੰ ਅੱਜ ਰੂਸ ਦੇ ਤੱਟਵਰਤੀ ਸ਼ਹਿਰ ਕੈਲਿਨਿਨਗਰਾਦ ਵਿੱਚ ਭਾਰਤੀ ਜਲ ਸੈਨਾ ’ਚ ਸ਼ਾਮਲ ਕੀਤਾ ਗਿਆ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਅਤੇ ਕਈ ਹੋਰ ਸੀਨੀਅਰ ਭਾਰਤੀ ਅਧਿਕਾਰੀ ਮੌਜੂਦ ਸਨ। ਇਸ ਦੌਰਾਨ ਰਾਜਨਾਥ ਸਿੰਘ ਨੇ ਇਹ ਜੰਗੀ ਬੇੜਾ ਭਾਰਤੀ ਸੈਨਾ ਵਿੱਚ ਸ਼ਾਮਲ ਹੋਣ ਨੂੰ ਭਾਰਤ ਦੀ ਵਧਦੀ ਸਮੁੰਦਰੀ ਸ਼ਕਤੀ ਦਾ ਪ੍ਰਮਾਣ ਦੱਸਿਆ।
ਇਸ ਜੰਗੀ ਬੇੜੇ ਨੂੰ ਰੂਸ ’ਚ 2.5 ਅਰਬ ਅਮਰੀਕੀ ਡਾਲਰ ਤੋਂ ਵੱਧ ਦੇ ਸਮਝੌਤੇ ਤਹਿਤ ਬਣਾਇਆ ਗਿਆ ਹੈ।
ਪੀਟੀਆਈ