ਭਾਰਤ ’ਚ ਘੁਸਪੈਠ ਕਰਵਾ ਰਹੀ ਹੈ ਬੀਐੱਸਐੱਫ: ਮਮਤਾ
ਕੋਲਕਾਤਾ, 2 ਜਨਵਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਬੀਐੱਸਐੱਫ ’ਤੇ ਬੰਗਲਾਦੇਸ਼ ਤੋਂ ਘੁਸਪੈਠੀਆਂ ਨੂੰ ਭਾਰਤ ਅੰਦਰ ਦਾਖਲ ਹੋਣ ਦੇਣ ਅਤੇ ਸੂਬੇ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਬੀਐੱਸਐੱਫ ਦੇ ਇਸ ਰਵੱਈਏ ਪਿੱਛੇ ‘ਕੇਂਦਰ ਸਰਕਾਰ ਦਾ ਬਲੂ ਪ੍ਰਿੰਟ’ ਨਜ਼ਰ ਆ ਰਿਹਾ ਹੈ।
ਉਨ੍ਹਾਂ ਸੂਬਾ ਸਕੱਤਰੇਤ ’ਚ ਇੱਕ ਪ੍ਰਸ਼ਾਸਨਿਕ ਸਮੀਖਿਆ ਮੀਟਿੰਗ ’ਚ ਕਿਹਾ, ‘ਸਾਨੂੰ ਜਾਣਕਾਰੀ ਮਿਲੀ ਹੈ ਕਿ ਬੀਐੱਸਐੱਫ ਇਸਲਾਮਪੁਰ, ਸਿਤਾਈ, ਚੋਪੜਾ ਤੇ ਹੋਰ ਸਰਹੱਦੀ ਇਲਾਕਿਆਂ ਤੋਂ ਘੁਸਪੈਠੀਆਂ ਨੂੰ ਭਾਰਤ ਅੰਦਰ ਦਾਖਲ ਹੋਣ ਦੇ ਰਹੀ ਹੈ। ਬੀਐੱਸਐੱਫ ਲੋਕਾਂ ’ਤੇ ਜ਼ੁਲਮ ਵੀ ਕਰ ਰਹੀ ਹੈ ਅਤੇ ਸੂਬੇ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’ ਉਨ੍ਹਾਂ ਕਿਹਾ, ‘ਇਸ ਪਿੱਛੇ ਕੇਂਦਰ ਸਰਕਾਰ ਦਾ ਬਲੂ ਪ੍ਰਿੰਟ ਹੈ। ਪਰ ਗੁੰਡੇ ਭਾਰਤ ਅੰਦਰ ਦਾਖਲ ਹੋ ਰਹੇ ਰਹੇ ਹਨ। ਮੈਂ ਸਰਹੱਦ ਦੇ ਦੋਵੇਂ ਪਾਸੇ ਅਮਨ ਚਾਹੁੰਦੀ ਹਾਂ।
ਗੁਆਂਢੀ ਬੰਗਲਾਦੇਸ਼ ਨਾਲ ਸਾਡੇ ਚੰਗੇ ਸਬੰਧ ਹਨ।’ ਉਨ੍ਹਾਂ ਡੀਜੀਪੀ ਰਾਜੀਵ ਕੁਮਾਰ ਨੂੰ ਇਹ ਪਤਾ ਲਾਉਣ ਦਾ ਨਿਰਦੇਸ਼ ਦਿੱਤਾ ਕਿ ਘੁਸਪੈਠੀਏ ਕਿੱਥੇ ਰਹਿ ਰਹੇ ਹਨ ਅਤੇ ਕਿਹਾ ਕਿ ਉਹ ਕੇਂਦਰ ਨੂੰ ਸਖ਼ਤ ਸ਼ਬਦਾਂ ’ਚ ਪੱਤਰ ਲਿਖੇਗੀ। ਉਨ੍ਹਾਂ ਕਿਹਾ, ‘ਉਹ (ਬੀਐੱਸਐੱਫ) ਇਸ ਲਈ ਤ੍ਰਿਣਾਮੂਲ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਡੀਜੀਪੀ ਨੂੰ ਪਤਾ ਲਾਉਣ ਲਈ ਕਹਾਂਗੀ ਕਿ ਸੂਬੇ ਅੰਦਰ ਦਾਖਲ ਹੋਣ ਮਗਰੋਂ ਇਹ ਘੁਸਪੈਠੀਏ ਕਿੱਥੇ ਰਹਿ ਰਹੇ ਹਨ।’ -ਪੀਟੀਆਈ
ਭਾਜਪਾ ਵੱਲੋਂ ਮਮਤਾ ਬੈਨਰਜੀ ਦੀ ਆਲੋਚਨਾ
ਨਵੀਂ ਦਿੱਲੀ:
ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਬੀਐੱਸਐੱਫ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਨਿਸ਼ਾਨੇ ’ਤੇ ਲਿਆ ਤੇ ਕਿਹਾ ਕਿ ਉਹ (ਮੁੱਖ ਮੰਤਰੀ) ਇੰਨਾ ਜ਼ਿਆਦਾ ਭਰਮ ਵਿੱਚ ਹਨ ਕਿ ਜਿਸ ਦੀ ਕੋਈ ਹੱਦ ਨਹੀਂ ਹੈ। ਮਜੂਮਦਾਰ ਨੇ ਐਕਸ ’ਤੇ ਕਿਹਾ, ‘ਸਰਹੱਦ ’ਤੇ ਨਿਗਰਾਨੀ ਲਈ ਚੌਕੀਆਂ ਸਥਾਪਤ ਕਰਨ ਲਈ ਜ਼ਮੀਨ ਮੁਹੱਈਆ ਨਾ ਕਰਾਉਣ ਦੇ ਬਾਵਜੂਦ ਉਹ ਗ਼ੈਰਕਾਨੂੰਨੀ ਘੁਸਪੈਠ ਲਈ ਬੀਐੱਸਐੱਫ ਨੂੰ ਦੋਸ਼ੀ ਠਹਿਰਾਉਂਦੇ ਰਹਿੰਦੇ ਹਨ। ਪਰ ਹੁਣ ਉਨ੍ਹਾਂ ਸਾਰੀਆਂ ਹੱਦਾਂ ਪਾਰ ਕਰਦਿਆਂ ਆਪਣੇ ਪ੍ਰਸ਼ਾਸਨ ਦੇ ਅਧਿਕਾਰੀਆਂ ’ਤੇ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਹੈ।’ -ਪੀਟੀਆਈ