For the best experience, open
https://m.punjabitribuneonline.com
on your mobile browser.
Advertisement

ਰਾਜਸਥਾਨ ਕੈਬਨਿਟ ਦਾ ਵਿਸਤਾਰ, 22 ਵਿਧਾਇਕ ਮੰਤਰੀ ਬਣੇ

08:06 AM Dec 31, 2023 IST
ਰਾਜਸਥਾਨ ਕੈਬਨਿਟ ਦਾ ਵਿਸਤਾਰ  22 ਵਿਧਾਇਕ ਮੰਤਰੀ ਬਣੇ
ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨਵੇਂ ਬਣੇ ਮੰਤਰੀਆਂ ਨਾਲ। -ਫੋਟੋ: ਪੀਟੀਆਈ
Advertisement

ਜੈਪੁਰ, 30 ਦਸੰਬਰ
ਰਾਜਸਥਾਨ ਵਿਚ ਸੱਤਾਧਾਰੀ ਭਾਜਪਾ ਦੇ 22 ਵਿਧਾਇਕਾਂ ਨੇ ਅੱਜ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਨ੍ਹਾਂ ਵਿਚੋਂ 12 ਨੂੰ ਕੈਬਨਿਟ ਤੇ 10 ਨੂੰ ਰਾਜ ਮੰਤਰੀ ਬਣਾਇਆ ਗਿਆ ਹੈ।
ਰਾਜਪਾਲ ਕਲਰਾਜ ਮਿਸ਼ਰਾ ਨੇ ਅੱਜ ਭਜਨ ਲਾਲ ਸ਼ਰਮਾ ਦੀ ਅਗਵਾਈ ਵਾਲੀ ਕੈਬਨਿਟ ਨੂੰ ਹਲਫ਼ ਦਿਵਾਇਆ। ਇਸ ਸਬੰਧੀ ਇਕ ਸਮਾਗਮ ਅੱਜ ਰਾਜ ਭਵਨ ਵਿਚ ਹੋਇਆ। ਕੈਬਨਿਟ ਮੰਤਰੀਆਂ ਵਿਚ ਕਿਰੋੜੀ ਲਾਲ ਮੀਣਾ, ਗਜੇਂਦਰ ਸਿੰਘ ਖੀਂਵਸਰ, ਰਾਜਵਰਧਨ ਸਿੰਘ ਰਾਠੌੜ, ਬਾਬੂਲਾਲ ਖਰਾਦੀ, ਮਦਨ ਦਿਲਾਵਰ, ਅਵਿਨਾਸ਼ ਗਹਿਲੋਤ, ਜੋਗਾਰਾਮ ਪਟੇਲ, ਸੁਰੇਸ਼ ਸਿੰਘ ਰਾਵਤ, ਜੋਰਾਰਾਮ ਕੁਮਾਵਤ, ਕਨ੍ਹੱਈਆ ਲਾਲ ਚੌਧਰੀ, ਸੁਮਿਤ ਗੋਦਾਰਾ ਤੇ ਹੇਮੰਤ ਮੀਣਾ ਸ਼ਾਮਲ ਹਨ। ਇਸੇ ਤਰ੍ਹਾਂ ਵਿਧਾਇਕ ਸੰਜੇ ਸ਼ਰਮਾ, ਗੌਤਮ ਕੁਮਾਰ, ਝਾਬਰ ਸਿੰਘ ਖੱਰਾ, ਹੀਰਾਲਾਲ ਨਾਗਰ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ 15 ਦਸੰਬਰ ਨੂੰ ਅਹੁਦੇ ਦੀ ਸਹੁੰ ਚੁੱਕੀ ਸੀ। ਸ਼ਰਮਾ ਨਾਲ ਵਿਧਾਇਕ ਦੀਆ ਕੁਮਾਰੀ ਤੇ ਪ੍ਰੇਮਚੰਦ ਬੈਰਵਾ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਦਾ ਹਲਫ ਲਿਆ ਸੀ। -ਪੀਟੀਆਈ

Advertisement

ਭਾਜਪਾ ਨੇ ਕਰਨਪੁਰ ਸੀਟ ਤੋਂ ਉਮੀਦਵਾਰ ਨੂੰ ਮੰਤਰੀ ਬਣਾਇਆ

ਜੈਪੁਰ: ਰਾਜਸਥਾਨ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਨੇ ਕਰਨਪੁਰ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਪਾਲ ਸਿੰਘ ਨੂੰ ਅੱਜ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਹੈ। ਇਸ ਸੀਟ ’ਤੇ 5 ਜਨਵਰੀ ਨੂੰ ਵੋਟਾਂ ਪੈਣੀਆਂ ਹਨ। ਕਾਂਗਰਸ ਨੇ ਇਸ ਫ਼ੈਸਲੇ ਦੀ ਆਲੋਚਨਾ ਕਰਦਿਆਂ ਸੱਤਾਧਾਰੀ ਪਾਰਟੀ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ। ਰਾਜਪਾਲ ਕਲਰਾਜ ਮਿਸ਼ਰਾ ਨੇ ਸੁਰਿੰਦਰਪਾਲ ਤੋਂ ਇਲਾਵਾ 21 ਭਾਜਪਾ ਵਿਧਾਇਕਾਂ ਨੂੰ ਅੱਜ ਇੱਥੇ ਰਾਜ ਭਵਨ ਵਿੱਚ ਮੰਤਰੀ ਵਜੋਂ ਹਲਫ਼ ਦਿਵਾਇਆ ਹੈ। ਸੁਰਿੰਦਰਪਾਲ ਨੇ ਰਾਜ ਮੰਤਰੀ (ਆਜ਼ਾਦ) ਵਜੋਂ ਹਲਫ਼ ਲਿਆ। ਰਾਜਸਥਾਨ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਾਰਟੀ ਇਹ ਮਾਮਲਾ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਵੇਗੀ ਅਤੇ ਕਾਰਵਾਈ ਦੀ ਮੰਗ ਕਰੇਗੀ। ਸ੍ਰੀ ਗੰਗਾਨਗਰ ਜ਼ਿਲ੍ਹੇ ਦੀ ਕਰਨਪੁਰ ਸੀਟ ਤੋਂ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਕੁੰਨਰ ਦੀ ਮੌਤ ਹੋਣ ਕਾਰਨ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਇਸ ਸੀਟ ’ਤੇ ਪੰਜ ਜਨਵਰੀ ਨੂੰ ਵੋਟਾਂ ਪੈਣਗੀਆਂ ਅਤੇ 8 ਜਨਵਰੀ ਨੂੰ ਨਤੀਜਾ ਐਲਾਨਿਆ ਜਾਵੇਗਾ। ਇੱਥੋਂ ਭਾਜਪਾ ਨੇ ਸਾਬਕਾ ਮੰਤਰੀ ਸੁਰਿੰਦਰਪਾਲ ਨੂੰ, ਜਦਕਿ ਕਾਂਗਰਸ ਨੇ ਕੁੰਨਰ ਦੇ ਲੜਕੇ ਰੁਪਿੰਦਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ। -ਪੀਟੀਆਈ

Advertisement

Advertisement
Author Image

Advertisement