For the best experience, open
https://m.punjabitribuneonline.com
on your mobile browser.
Advertisement

ਰਾਜ ਠਾਕਰੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ

06:27 AM Mar 20, 2024 IST
ਰਾਜ ਠਾਕਰੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ
ਨਵੀਂ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਦੇ ਹੋਏ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਆਗੂ ਰਾਜ ਠਾਕਰੇ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 19 ਮਾਰਚ
ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਦੇ ਆਗੂ ਰਾਜ ਠਾਕਰੇ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਨੂੰ ਭਾਜਪਾ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਰਾਜ ਠਾਕਰੇ ਨਾਲ ਗੱਠਜੋੜ ਕਰਨ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਠਾਕਰੇ ਸੋਮਵਾਰ ਨੂੰ ਇੱਥੇ ਪਹੁੰਚੇ। ਸ਼ਾਹ ਨਾਲ ਮੁਲਾਕਾਤ ਕਰਨ ਸਮੇਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਉਨ੍ਹਾਂ ਨਾਲ ਮੌਜੂਦ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਠਾਕਰੇ ਨੇ ਕਿਹਾ, ‘‘ਮੈਨੂੰ ਕੁੱਝ ਨਹੀਂ ਪਤਾ। ਮੈਨੂੰ ਸਿਰਫ ਆਉਣ ਲਈ ਕਿਹਾ ਗਿਆ ਸੀ। ਮੈਨੂੰ ਮੀਟਿੰਗਾਂ ਬਾਰੇ ਕੁੱਝ ਨਹੀਂ ਪਤਾ।’’ ਇਸ ਬਾਰੇ ਐੱਮਐੱਨਐੱਸ ਦੇ ਮੁੱਖ ਬੁਲਾਰੇ ਸੰਦੀਪ ਦੇਸ਼ਪਾਂਡੇ ਨੇ ਕਿਹਾ, ‘‘ਰਾਜ ਠਾਕਰੇ ਜੋ ਵੀ ਫੈਸਲਾ ਲੈਣਗੇ, ਉਹ ਪਾਰਟੀ ਅਤੇ ਸੂਬੇ ਦੇ ਹਿੱਤ ਵਿੱਚ ਹੋਵੇਗਾ।’’ ਦੂਜੇ ਪਾਸੇ ਐੱਨਸੀਪੀ ਦੀ ਕਾਰਜਕਾਰੀ ਪ੍ਰਧਾਨ ਸੁਪ੍ਰਿਯਾ ਸੂਲੇ ਨੇ ਕਿਹਾ ਕਿ ਜੇ ਐੱਮਐੱਨਐੱਸ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ ਤਾਂ ਉਹ ਇਸ ਦਾ ਸਵਾਗਤ ਕਰਨਗੇ। ਸ਼ਿਵ ਸੈਨਾ (ਯੂਬੀਟੀ) ਦੇ ਮੁੱਖ ਬੁਲਾਰੇ ਸੰਜੇ ਰਾਊਤ ਨੇ ਕਿਹਾ ਕਿ ਐੱਮਐੱਨਐੱਸ ਦੇ ਐੱਨਡੀਏ ਵਿੱਚ ਸ਼ਾਮਲ ਹੋਣ ਦਾ ਸੂਬੇ ਵਿੱਚ ਕੋਈ ਸਿਆਸੀ ਪ੍ਰਭਾਵ ਨਹੀਂ ਪਵੇਗਾ। ਜੇ ਗੱਠਜੋੜ ਸਿਰੇ ਚੜ੍ਹ ਜਾਂਦਾ ਹੈ ਤਾਂ ਨੂੰ ਐੱਮਐੱਨਐੱਸ ਨੂੰ ਮੁੰਬਈ ਵਿੱਚ ਇੱਕ ਸੀਟ ਦਿੱਤੀ ਜਾ ਸਕਦੀ ਹੈ ਜਿੱਥੇ ਰਾਜ ਠਾਕਰੇ ਦੇ ਚਚੇਰੇ ਭਰਾ ਊਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਦਾ ਪ੍ਰਭਾਵ ਮੰਨਿਆ ਜਾਂਦਾ ਹੈ। ਜਦੋਂ ਸ਼ਿਵ ਸੈਨਾ ਇਕਜੁੱਟ ਹੋਈ ਸੀ ਤਾਂ ਚਚੇਰੇ ਭਰਾ ਨਾਲ ਕੁੱਝ ਮਤਭੇਦ ਹੋਣ ਕਾਰਨ ਰਾਜ ਠਾਕਰੇ ਨੇ ਉਸ ਨਾਲੋਂ ਨਾਤਾ ਤੋੜ ਲਿਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰਾਜ ਠਾਕਰੇ ਵੱਲੋਂ ਉੱਤਰ ਭਾਰਤੀਆਂ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨਾਂ ਦੀ ਭਾਜਪਾ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਨਿਖੇਧੀ ਕੀਤੀ ਸੀ।  -ਪੀਟੀਆਈ/ਆਈਏਐੱਨਐੱਸ

Advertisement

ਐੱਮਐੱਨਐੱਸ ਦੇ ਸ਼ਾਮਲ ਹੋਣ ਨਾਲ ‘ਮਹਾਯੁਤੀ’ ਗੱਠਜੋੜ ਹੋਰ ਮਜ਼ਬੂਤ ਹੋਵੇਗਾ: ਭੁਜਬਲ

ਮੁੰਬਈ: ਮਹਾਰਾਸ਼ਟਰ ਸਰਕਾਰ ਦੇ ਮੰਤਰੀ ਛਗਨ ਭੁਜਬਲ ਨੇ ਕਿਹਾ ਕਿ ਜੇ ਰਾਜ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਭਾਜਪਾ ਦੀ ਅਗਵਾਈ ਵਾਲੀ ‘ਮਹਾਯੁਤੀ’ ਵਿੱਚ ਸ਼ਾਮਲ ਹੁੰਦੀ ਹੈ ਤਾਂ ਇਹ ਸੱਤਾਧਾਰੀ ਗੱਠਜੋੜ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਵਿਧਾਨ ਸਭਾ ਤੇ ਸਥਾਨਕ ਚੋਣਾਂ ’ਚ ਇਸ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ। ‘ਮਹਾਯੁਤੀ’ ਵਿਚ ਸੱਤਾਧਾਰੀ ਭਾਜਪਾ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਸ਼ਾਮਲ ਹਨ। ਭੁਜਬਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਵਿਰੋਧੀ ਗੱਠਜੋੜ ‘ਇੰਡੀਆ’ ਵਿੱਚ ਨਵੀਆਂ ਪਾਰਟੀਆਂ ਸ਼ਾਮਲ ਹੋ ਰਹੀਆਂ ਹਨ, ਉਸੇ ਤਰ੍ਹਾਂ ‘ਮਹਾਯੁਤੀ’ ਵਿੱਚ ਵੀ ਨਵੀਆਂ ਪਾਰਟੀਆਂ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਰਹੇਗਾ। ਇਸ ਦੌਰਾਨ ਐੱਨਸੀਪੀ ਆਗੂ ਨੇ ਤੇਲਗੂ ਦੇਸਮ ਪਾਰਟੀ ਦੇ ਐੱਨਡੀਏ ’ਚ ਸ਼ਾਮਲ ਹੋਣ ਦਾ ਹਵਾਲਾ ਵੀ ਦਿੱਤਾ। -ਪੀਟੀਆਈ

Advertisement
Author Image

joginder kumar

View all posts

Advertisement
Advertisement
×