ਬਨੂੜ ’ਚ ਮੀਂਹ ਨੇ ਹਿਲਾਈ ਘਰਾਂ ਦੀ ਨੀਂਹ; ਸੜਕਾਂ, ਮਕਾਨਾਂ ਤੇ ਦੁਕਾਨਾਂ ਵਿੱਚ ਪਾਣੀ ਹੀ ਪਾਣੀ
ਕਰਮਜੀਤ ਸਿੰਘ ਚਿੱਲਾ
ਬਨੂੜ, 23 ਅਗਸਤ
ਬੀਤੀ ਰਾਤ ਹੋਈ ਭਰਵੀਂ ਬਾਰਸ਼ ਕਾਰਨ ਬਨੂੜ ਦੇ ਵਾਰਡ ਨੰਬਰ ਇੱਕ ਦੇ ਬੱਸੀ ਈਸੇ ਖਾਂ ਪਿੰਡ ਵਿੱਚ ਮੁਕੇਸ਼ ਕੁਮਾਰ ਦੇ ਮਕਾਨ ਦਾ ਤਿੰਨ ਖਣਾਂ ਦਾ ਕਮਰਾ ਡਿੱਗ ਗਿਆ। ਪਰਿਵਾਰਕ ਮੈਂਬਰ ਦੂਜੇ ਕਮਰੇ ਵਿੱਚ ਹੋਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਵਾਰਡ ਦੇ ਸਾਬਕਾ ਕੌਂਸਲਰ ਗੁਰਮੇਲ ਸਿੰਘ ਫੌਜੀ ਨੇ ਦੱਸਿਆ ਕਿ ਸਬੰਧਿਤ ਕਮਰੇ ਵਿੱਚ ਪਈ ਪੇਟੀ, ਅਲਮਾਰੀ ਅਤੇ ਹੋਰ ਘਰੇਲੂ ਨੁਕਸਾਨ ਬੁਰੀ ਤਰਾਂ ਨੁਕਸਾਿਨਆ ਗਿਆ।
ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਅਹਾਤੇ ਵਿੱਚ ਪਾਣੀ ਵੜ੍ਹ ਗਿਆ। ਐੱਮਸੀ ਰੋਡ ਦੀਆਂ ਤਿੰਨ ਦਰਜਨ ਤੋਂ ਵੱਧ ਨੁਕਸਾਨ ਦੁਕਾਨਾਂ ਵਿੱਚ ਵੀ ਚਾਰ ਚਾਰ ਫੁੱਟ ਦੇ ਕਰੀਬ ਪਾਣੀ ਭਰ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਮਹੀਨੇ ਦੌਰਾਨ ਚੌਥੀ ਵੇਰ ਉਨ੍ਹਾਂ ਦੀਆਂ ਦੁਕਾਨਾਂ ਵਿੱਚ ਪਾਣੀ ਭਰਿਆ ਹੈ। ਨਗਰ ਕੌਂਸਲ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਵਿੱਚ ਫੇਲ੍ਹ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਕੌਂਸਲ ਨੇ ਪਾਣੀ ਦਾ ਨਿਕਾਸ ਕਰਨ ਦੀ ਥਾਂ ਇਸ ਨੂੰ ਗੈਰ ਕਾਨੂੰਨੀ ਤੌਰ ’ਤੇ ਸੀਵਰੇਜ ਦੀਆਂ ਪਾਈਪਾਂ ਵਿੱਚ ਸੁੱਟਿਆ ਹੋਇਆ ਹੈ ਤੇ ਪਾਈਪ ਛੋਟੇ ਹੋਣ ਕਾਰਨ ਪਾਣੀ ਨਾ ਨਿਕਾਸ ਹੀ ਨਹੀਂ ਹੁੰਦਾ। ਵਾਰਡ ਨੰਬਰ ਅੱਠ ਦੀ ਬੰਦਾ ਸਿੰਘ ਬਹਾਦਰ ਕਲੋਨੀ ਦੀ ਚਾਰ ਨੰਬਰ ਗਲੀ ਦੇ ਦਰਜਨਾਂ ਘਰਾਂ ਵਿੱਚ ਪਾਣੀ ਭਰ ਗਿਆ। ਲੰਮਾ ਸਮਾਂ ਗਲੀ ਵਿੱਚ ਪਾਣੀ ਖੜਿਆ ਰਿਹਾ। ਕਾਂਗਰਸੀ ਆਗੂ ਭਾਗ ਸਿੰਘ ਡਾਂਗੀ ਨੇ ਦੱਸਿਆ ਕਿ ਘਰ ਵਿੱਚ ਬਰਸਾਤੀ ਪਾਣੀ ਵੜ੍ਹ ਗਿਆ। ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਦਾ ਸਾਮਾਨ ਵੀ ਨੁਕਸਾਨਿਆ ਗਿਆ ਹੈ। ਬਨੂੜ ਵਾਸੀਆਂ ਨੇ ਮੰਗ ਕੀਤੀ ਕਿ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ।