Farmer Protest: ਢਾਬੀ ਗੁੱਜਰਾਂ ਬਾਰਡਰ 'ਤੇ ਠੰਢ ਤੋਂ ਬਚਣ ਲਈ ਕਿਸਾਨ ਵਰਤ ਰਹੇ ਨੇ ਆਧੁਨਿਕ ਯੰਤਰ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 28 ਦਸੰਬਰ
Farmer Protest: ਢਾਬੀ ਗੁਜਰਾਂ ਬਾਰਡਰ 'ਤੇ ਕੇਂਦਰ ਸਰਕਾਰ ਵੱਲੋਂ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਗਈਆਂ ਮੰਗਾਂ ਅਤੇ ਕੀਤੇ ਗਏ ਵਾਦਿਆਂ ਨੂੰ ਲਾਗੂ ਕਰਵਾਉਣ ਲਈ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal) ਦੇ ਸੁਰੱਖਿਆ ਘੇਰੇ ਨੂੰ ਮਜ਼ਬੂਤ ਕਰਨ ਅਤੇ ਰਾਤ ਸਮੇਂ ਕਿਸਾਨਾਂ ਨੂੰ ਹੱਡ ਚੀਰਵੀਂ ਠੰਢ ਤੋਂ ਬਚਾਉਣ ਲਈ ਨਿੱਘ ਦੇਣ ਵਾਲਾ ਇੱਕ ਆਧੁਨਿਕ ਯੰਤਰ ਵਰਤਿਆ ਜਾ ਹੈ। ਇਹ ਯੰਤਰ ਇੰਨੀ ਗਰਮੀ ਪੈਦਾ ਕਰਦਾ ਹੈ ਕਿ ਇਸ ਦੇ ਚਲਦਿਆਂ ਪੰਜ-ਪੰਜ ਮੀਟਰ ਦੂਰੀ ਤੱਕ ਠੰਢ ਨਹੀਂ ਲੱਗਦੀ।
ਰਾਤ ਨੂੰ ਕਿਸਾਨ ਸਟੇਜ ਵਾਲੀ ਥਾਂ 'ਤੇ ਪੰਡਾਲ ਵਿੱਚ ਆਸਾਨੀ ਨਾਲ ਸੁੱਤੇ ਰਹਿੰਦੇ ਹਨ। ਕਿਸਾਨਾਂ ਨੇ ਦੱਸਿਆ ਹੈ ਕਿ ਇਹ ਯੰਤਰ ਗੈਸ ਸਿਲੰਡਰ 'ਤੇ ਚਲਦਾ ਹੈ। ਇਸ ’ਚ ਇੱਕ ਵੱਡੀ ਪਾਇਪ ਉੱਤੇ ਬਰਨਰ ਫਿੱਟ ਕਰਕੇ ਸੇਕ ਨੂੰ ਉੱਪਰ ਜਾਣ ਤੋਂ ਰੋਕਣ ਲਈ ਇੱਕ ਤਵੀ ਲਾਈ ਹੋਈ ਹੈ, ਜਿਸ ਕਾਰਨ ਸੇਕ ਦੂਰ ਦੂਰ ਤੱਕ ਫੈਲਦਾ ਹੈ ਤੇ ਕਿਸਾਨਾਂ ਨੂੰ ਠੰਢ ਨਹੀਂ ਲੱਗਦੀ। ਇਸ ਤਵੀ ਕਾਰਨ ਇਹ ਖੁੰਬ ਵਾਂਗ ਦਿਖਾਈ ਦਿੰਦਾ ਹੈ ਤੇ ਇਸੇ ਕਾਰਨ ਇਸ ਨੂੰ ਮਸ਼ਰੂਮ ਗੈਸ ਹੀਟਰ (Mushroom gas heater) ਆਖਿਆ ਜਾਂਦਾ ਹੈ। ਉਂਝ ਇਸ ਨੂੰ ਖੁੱਲ੍ਹੀਆਂ ਥਾਵਾਂ ’ਤੇ (outdoor) ਹੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ:
ਖੇਤੀ ਮੰਡੀਕਰਨ ਖਰੜਾ: ਕਿਸਾਨ ਨਿਸ਼ਾਨੇ ’ਤੇ ਜਾਂ ਸਮੁੱਚਾ ਸਮਾਜ
ਹੱਡਚੀਰਵੀਂ ਠੰਢ ਵਿੱਚ ਢਾਬੀ-ਗੁੱਜਰਾਂ ਸਰਹੱਦ ’ਤੇ ਕਿਸਾਨਾਂ ਦੇ ਹੌਸਲੇ ਬੁਲੰਦ
ਇਸ ਦੇ ਚਲਦਿਆਂ ਰਾਤ ਨੂੰ ਪਹਿਰਾ ਦੇ ਰਹੇ ਕਿਸਾਨਾਂ ਨੂੰ ਧੂਣੀਆਂ ਆਦਿ ਲਾਉਣ ਦੀ ਲੋੜ ਨਹੀਂ ਪੈਂਦੀ ਤੇ ਸਾਰੀ ਰਾਤ ਉੱਤੇ ਕੱਪੜਾ ਲੈ ਕੇ ਬੈਠੇ ਤੇ ਪਏ ਰਹਿੰਦੇ ਹਨ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਅਣਗੌਲਿਆਂ ਕੀਤੇ ਜਾਣ 'ਤੇ ਉਹ 11 ਮਹੀਨਿਆਂ ਤੋਂ ਬਾਰਡਰ 'ਤੇ ਕਹਿਰਾਂ ਦੀ ਗਰਮੀ ਅਤੇ ਹੱਡ ਚੀਰਵੀਂ ਠੰਢ ਦਾ ਟਾਕਰਾ ਕਰ ਰਹੇ ਹਨ। ਇਸ ਦੌਰਾਨ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਦੇ ਮਰਨ ਵਰਮ ਨੂੰ 34 ਦਿਨ ਬੀਤ ਜਾਣ ਕਾਰਨ ਉਨ੍ਹਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।