ਪੰਜਾਬ, ਹਰਿਆਣਾ ਅਤੇ ਦਿੱਲੀ ਿਵੱਚ ਮੀਂਹ ਪੈਣ ਦੇ ਆਸਾਰ
ਨਵੀਂ ਦਿੱਲੀ, 4 ਜੂਨ
ਮੌਸਮ ਵਿਭਾਗ ਨੇ ਪੱਛਮੀ ਹਿਮਾਲਿਆ ਖੇਤਰ ਵਿੱਚ ਅਗਲੇ ਚਾਰ ਤੋਂ ਪੰਜ ਦਿਨਾਂ ‘ਚ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸੇ ਦੌਰਾਨ ਇਰਾਨ ਵਿੱਚ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਦਿੱਲੀ ਐੱਨਸੀਆਰ ਖੇਤਰ ਵਿੱਚ ਵੀ ਅਗਲੇ ਦੋ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਆਰਜ਼ੀ ਰਾਹਤ ਮਿਲੇਗੀ। ਇਸ ਮਗਰੋਂ ਮੌਸਮ ਮੁੜ ਗਰਮ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਦੀ ਦਿੱਲੀ ਇਕਾਈ ਦੇ ਸੀਨੀਅਰ ਵਿਗਿਆਨੀ ਡਾ. ਨਰੇਸ਼ ਕੁਮਾਰ ਅਨੁਸਾਰ ਬਿਹਾਰ ਤੇ ਪੱਛਮੀ ਬੰਗਾਲ ਵਿੱਚ ਅਗਲੇ ਤਿੰਨ ਤੋਂ ਚਾਰ ਦਿਨ ਮੌਸਮ ਗਰਮ ਰਹੇਗਾ ਤੇ ਇਸ ਸਬੰਧੀ ਖੇਤਰ ਵਿੱਚ ਚਿਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਇਸੇ ਦੌਰਾਨ ਅੱਜ ਸਵੇਰੇ ਦਿੱਲੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਹਲਕਾ ਮੀਂਹ ਪਿਆ ਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਹਿਸੂਸ ਹੋਈ।
ਰਾਜਸਥਾਨ ‘ਚ ਮੀਂਹ ਕਾਰਨ ਚਾਰ ਮੌਤਾਂ: ਰਾਜਸਥਾਨ ਦੇ ਅਜਮੇਰ ਤੇ ਜੈਸਲਮੇਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਵਾਪਰੀਆਂ ਘਟਨਾਵਾਂ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਗਈ ਹੈ ਜਦੋਂਕਿ ਤਿੰਨ ਜਣੇ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿੱਚ ਇਕ ਔਰਤ ਤੇ ਉਸ ਦੇ ਦੋ ਪੁੱਤਰ ਸ਼ਾਮਲ ਹਨ। ਵੇਰਵਿਆਂ ਅਨੁਸਾਰ ਅਜਮੇਰ ਜ਼ਿਲ੍ਹੇ ਦੇ ਪਿੰਡ ਖੁਟੀਆਂ ਵਿੱਚ ਸ਼ਨਿਚਰਵਾਰ ਰਾਤ ਭਾਰੀ ਮੀਂਹ ਪੈਣ ਕਾਰਨ ਇਕ ਮਕਾਨ ਢਹਿ ਗਿਆ ਜਿਸ ਕਾਰਨ ਨਾਨੀ (50) ਤੇ ਉਸ ਦੇ ਦੋ ਪੁੱਤਰ ਸੁਰੇਸ਼ ਗੁੱਜਰ (22) ਤੇ ਗਿਆਨਚੰਦ ਗੁੱਜਰ (18) ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਦੋ ਜਣੇ ਜ਼ਖਮੀ ਹੋ ਗਏ। ਇਸੇ ਤਰ੍ਹਾਂ ਜੈਸਲਮੇਰ ਵਿੱਚ ਵੀ ਸ਼ਨਿਚਾਰਵਾਰ ਰਾਤ ਅਸਮਾਨੀਂ ਬਿਜਲੀ ਡਿੱਗਣ ਕਾਰਨ ਢਾਈ ਸਾਲਾਂ ਦੇ ਲੜਕੇ ਦੀ ਮੌਤ ਹੋ ਗਈ ਤੇ ਇਕ ਜਣਾ ਜ਼ਖ਼ਮੀ ਹੋ ਗਿਆ।
ਕੇਰਲ: ਮੌਨਸੂਨ ਦੇ ਪੁੱਜਣ ‘ਚ ਹੋਈ ਦੇਰੀ
ਨਵੀਂ ਦਿੱਲੀ: ਮੌਸਮ ਵਿਭਾਗ ਅਨੁਸਾਰ ਅੱਜ ਕੇਰਲ ਵਿੱਚ ਮੌਨਸੂਨ ਪੁੱਜਣ ਦੇ ਆਸਾਰ ਸਨ ਪਰ ਅਜਿਹਾ ਨਹੀਂ ਹੋਇਆ। ਆਮ ਤੌਰ ‘ਤੇ ਦੱਖਣ-ਪੱਛਮੀ ਮੌਨਸੂਨ ਕੇਰਲ ਵਿੱਚ ਪਹਿਲੀ ਜੂਨ ਨੂੰ ਪੁੱਜ ਜਾਂਦਾ ਹੈ ਤੇ ਪਰ ਇਸ ਵਾਰ ਤਿੰਨ ਜਾਂ ਚਾਰ ਦਿਨਾਂ ਦੀ ਦੇਰੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਮਈ ਮਹੀਨੇ ਵਿੱਚ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਸੀ ਕਿ ਕੇਰਲ ਵਿੱਚ 4 ਜੂਨ ਨੂੰ ਮੌਨਸੂਨ ਦਾ ਮੀਂਹ ਪਏਗਾ। ਵਿਭਾਗ ਵੱਲੋਂ ਅੱਜ ਜਾਰੀ ਕੀਤੇ ਬਿਆਨ ਅਨੁਸਾਰ ਹੁਣ ਦੱਖਣੀ ਅਰਬ ਸਾਗਰ ਵਿੱਚ ਪੱਛਮੀ ਹਵਾਵਾਂ ਚੱਲਣ ਕਾਰਨ ਕੇਰਲ ਵਿੱਚ ਮੌਨਸੂਨ ਛੇਤੀ ਪੁੱਜਣ ਦੇ ਆਸਾਰ ਬਣ ਰਹੇ ਹਨ। -ਪੀਟੀਆਈ
ਛੇਤੀ ਹੀ ਟੀਵੀ ਤੇ ਰੇਡੀਓ ‘ਤੇ ਮਿਲੇਗੀ ਮੀਂਹ ਤੇ ਝੱਖੜ ਦੀ ਚਿਤਾਵਨੀ
ਨਵੀਂ ਦਿੱਲੀ: ਦੇਸ਼ ਵਿੱਚ ਮੌਸਮ ਬਾਰੇ ਜਾਣਕਾਰੀ ਦੇਣ ਲਈ ਹੁਣ ਟੀਵੀ ਸਕਰੀਨਾਂ ‘ਤੇ ਵੀ ਸੁਨੇਹੇ ਭੇਜੇ ਜਾਣਗੇ ਤੇ ਰੇਡੀਓ ਪ੍ਰੋਗਰਾਮਾਂ ਨੂੰ ਵੀ ਵਿਚਾਲੇ ਰੋਕ ਕੇ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਕੌਮੀ ਆਫਤ ਪ੍ਰਬੰਧਨ ਅਥਾਰਿਟੀ ਨੇ ਭਾਰੀ ਮੀਂਹ, ਹਨੇਰੀ-ਝੱਖੜ ਤੇ ਤੇਜ਼ ਗਰਮੀ ਬਾਰੇ ਹਾਲ ਹੀ ਵਿੱਚ ਮੋਬਾਈਲ ਫੋਨਾਂ ‘ਤੇ ਸੁਨੇਹੇ ਭੇਜਣੇ ਸ਼ੁਰੂ ਕੀਤੇ ਹਨ। ਹੁਣ ਅਜਿਹੇ ਸੁਨੇਹੇ ਟੀਵੀ, ਰੇਡੀਓ ਤੇ ਹੋਰਨਾਂ ਸਾਧਨਾਂ ਰਾਹੀਂ ਵੀ ਦੇਸ਼ ਵਾਸੀਆਂ ਨੂੰ ਪਹੁੰਚਾਏ ਜਾਣਗੇ।