For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਮੀਂਹ ਨੇ ਮੌਸਮ ਦਾ ਮਿਜ਼ਾਜ ਬਦਲਿਆ

06:34 AM Jun 20, 2024 IST
ਪੰਜਾਬ ਵਿੱਚ ਮੀਂਹ ਨੇ ਮੌਸਮ ਦਾ ਮਿਜ਼ਾਜ ਬਦਲਿਆ
ਅੰਿਮ੍ਰਤਸਰ ’ਚ ਬੁੱਧਵਾਰ ਨੂੰ ਮੀਂਹ ’ਚੋਂ ਲੰਘਦੇ ਹੋਏ ਸਾਈਕਲ ਸਵਾਰ। -ਫੋਟੋ: ਵਿਸ਼ਾਲ ਕੁਮਾਰ
Advertisement

* ਤਾਪਮਾਨ ’ਚ ਗਿਰਾਵਟ, ਬਿਜਲੀ ਦੀ ਮੰਗ ਘਟੀ

Advertisement

ਆਤਿਸ਼ ਗੁਪਤਾ
ਚੰਡੀਗੜ੍ਹ, 19 ਜੂਨ
ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲਣ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਮਾਮੂਲੀ ਰਾਹਤ ਮਿਲੀ ਹੈ। ਪੱਛਮੀ ਵਿਗਾੜ ਦੇ ਚੱਲਦਿਆਂ ਬੁੱਧਵਾਰ ਸ਼ਾਮ ਨੂੰ ਪੰਜਾਬ ਦੇ ਮਾਝੇ ਤੇ ਦੋਆਬੇ ਇਲਾਕੇ ’ਚ ਹਨੇਰੀ ਚੱਲੀ ਅਤੇ ਉਸ ਤੋਂ ਬਾਅਦ ਹਲਕਾ ਮੀਂਹ ਪਿਆ। ਇਸ ਦਾ ਅਸਰ ਮਾਲਵੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਅੰਮ੍ਰਿਤਸਰ ਦੇ ਕੁਝ ਇਲਾਕਿਆਂ ’ਚ ਮੀਂਹ ਦੇ ਨਾਲ ਥੋੜ੍ਹੀ ਗੜੇਮਾਰੀ ਵੀ ਹੋਈ ਹੈ। ਸੂਬੇ ਦੇ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਰੋਪੜ, ਆਨੰਦਪੁਰ ਸਾਹਿਬ, ਲੁਧਿਆਣਾ, ਮੁਹਾਲੀ ਤੇ ਪਟਿਆਲਾ ਦੇ ਕੁਝ ਇਲਾਕਿਆਂ ’ਚ ਹਨੇਰੀ ਤੋਂ ਬਾਅਦ ਮੀਂਹ ਪੈਣ ਕਾਰਨ ਤਾਪਮਾਨ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ 24 ਤੋਂ 48 ਘੰਟਿਆਂ ਦੌਰਾਨ ਪੰਜਾਬ ’ਚ ਕਈ ਥਾਵਾਂ ’ਤੇ ਹਨੇਰੀ ਚੱਲਣ ਤੋਂ ਇਲਾਵਾ ਮੀਂਹ ਪੈ ਸਕਦਾ ਹੈ। ਮੌਸਮ ਖੁਸ਼ਗਵਾਰ ਹੋਣ ਕਰਕੇ ਬਿਜਲੀ ਦੀ ਮੰਗ ਵੀ ਇਕਦਮ ਘਟੀ ਹੈ। ਬਿਜਲੀ ਦੀ ਮੰਗ ਅੱਜ 16 ਹਜ਼ਾਰ ਮੈਗਾਵਾਟ ਤੋਂ ਵੀ ਟੱਪ ਗਈ ਸੀ ਪਰ ਰਾਤ ਸਮੇਂ ਬਿਜਲੀ ਦੀ ਮੰਗ ਲਗਪਗ 9 ਤੋਂ 10 ਹਜ਼ਾਰ ਮੈਗਾਵਾਟ ਦਰਜ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਹੀ ਪੰਜਾਬ ਭਰ ’ਚ ਅਤਿ ਦੀ ਗਰਮੀ ਪੈ ਰਹੀ ਸੀ, ਜਿਸ ਕਰਕੇ ਤਾਪਮਾਨ ਆਮ ਨਾਲੋਂ 5 ਤੋਂ 6 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਅਤੇ ਸੰਗਰੂਰ ਸ਼ਹਿਰ 44.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ’ਚ ਸਭ ਤੋਂ ਗਰਮ ਰਿਹਾ। ਸੂਬੇ ’ਚ ਗਰਮੀ ਕਰਕੇ ਇਕ-ਦੋ ਥਾਵਾਂ ’ਤੇ ਲੋਕਾਂ ਦੀ ਮੌਤ ਹੋਣ ਤੇ ਕਈ ਥਾਈਂ ਲੋਕਾਂ ਦੇ ਲੋਕਾਂ ਦੇ ਚੱਕਰ ਖਾ ਕੇ ਡਿੱਗਣ ਦੀ ਸੂਚਨਾ ਵੀ ਮਿਲੀ ਹੈ।
ਸਾਰਾ ਦਿਨ ਅਤਿ ਦੀ ਗਰਮੀ ਪੈਣ ਮਗਰੋਂ ਸ਼ਾਮ ਨੂੰ 5-6 ਵਜੇ ਮਾਝੇ ਤੇ ਦੁਆਬੇ ਇਲਾਕੇ ’ਚ ਮੌਸਮ ’ਚ ਤਬਦੀਲੀ ਦੇਖਣ ਨੂੰ ਮਿਲੀ, ਜਿੱਥੇ ਹਨੇਰੀ ਚੱਲਣ ਕਾਰਨ ਕਈ ਥਾਵਾਂ ’ਤੇ ਦਰੱਖਤਾਂ ਦੇ ਟਾਹਣੇ ਟੁੱਟ ਗਏ ਅਤੇ ਦੁਕਾਨਾਂ ’ਤੇ ਲੱਗੇ ਬੋਰਡ ਵੀ ਉੱਖੜ ਗਏ। ਉਸ ਤੋਂ ਬਾਅਦ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਸ਼ਹਿਰ ’ਚ ਸਭ ਤੋਂ ਵੱਧ 9.5 ਐੱਮਐੱਮ ਅਤੇ ਅੰਮ੍ਰਿਤਸਰ ਵਿੱਚ 2 ਐੱਮਐੱਮ ਮੀਂਹ ਪਿਆ ਹੈ। ਮੌਸਮ ’ਚ ਤਬਦੀਲੀ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ ਤੇ ਉਨ੍ਹਾਂ ਨੇ ਝੋਨਾ ਲਾਉਣ ਦੀ ਤਿਆਰੀ ਖਿੱਚ ਲਈ ਹੈ। ਤਾਪਮਾਨ ਚ ਗਿਰਾਵਟ ਸਬਜ਼ੀਆਂ ਤੇ ਹੋਰਨਾਂ ਫਸਲਾਂ ਲਈ ਵੀ ਲਾਹੇਵੰਦ ਦੱਸੀ ਜਾ ਰਹੀ ਹੈ।

ਪੰਜਾਬ ’ਚ 27-28 ਜੂਨ ਤੱਕ ਪਹੁੰਚ ਸਕਦੈ ਮੌਨਸੂਨ: ਏਕੇ ਸਿੰਘ

ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਏਕੇ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਆਪਣੇ ਤੈਅ ਸਮੇਂ ਅਨੁਸਾਰ 27-28 ਜੂਨ ਦੇ ਨਜ਼ਦੀਕ ਮੌਨਸੂਨ ਦਸਤਕ ਦੇ ਸਕਦਾ ਹੈ। ਉਨ੍ਹਾਂ ਮੁਤਾਬਕ ਮੌਨਸੂਨ ਤੋਂ ਪਹਿਲਾਂ ਪਏ ਮੀਂਹ ਕਰਕੇ ਲੋਕਾਂ ਨੂੰ 20-21 ਜੂਨ ਤੱਕ ਮੌਸਮ ਖੁਸ਼ਗਵਾਰ ਰਹਿ ਸਕਦਾ ਹੈ ਤੇ ਉਸ ਤੋਂ ਬਾਅਦ ਇਕ ਵਾਰ ਫਿਰ ਤਾਪਮਾਨ ਵਧੇਗਾ। ਉਨ੍ਹਾਂ ਕਿਹਾ ਕਿ ਮੌਨਸੂਨ ਦੀ ਆਮਦ ’ਤੇ ਹੀ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲੇਗੀ।

ਗਰਮੀ ਨਾਲ ਮਜ਼ਦੂਰ ਦੀ ਮੌਤ

ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਗਰਮੀ ਕਾਰਨ ਅੱਜ ਦੁਪਹਿਰ ਸਮੇਂ ਇੱਕ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਮਪਾਲ ਪਾਸਵਾਨ ਵਜੋਂ ਹੋਈ ਹੈ। ਉਹ ਇੱਥੇ ਕਬਾੜ ਦਾ ਕੰਮ ਕਰਦਾ ਸੀ। ਦੁਪਹਿਰ ਲਗਪਗ ਤਿੰਨ ਵਜੇ ਇੱਥੇ ਕੰਮੇਆਣਾ ਗੇਟ ’ਤੇ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਉਹ ਰੇੜ੍ਹੀ ਲੈ ਕੇ ਜਾ ਰਿਹਾ ਸੀ। ਤੇਜ਼ ਗਰਮੀ ਕਾਰਨ ਅਚਾਨਕ ਉਸ ਨੂੰ ਚੱਕਰ ਆ ਗਿਆ ਅਤੇ ਉਹ ਸੜਕ ’ਤੇ ਬੇਹੋਸ਼ ਹੋ ਕੇ ਡਿੱਗ ਗਿਆ। ਉਹ ਕਾਫੀ ਚਿਰ ਸੜਕ ’ਤੇ ਪਿਆ ਰਿਹਾ। ਪੁਲੀਸ ਨੇ ਲਗਪਗ ਦੋ ਘੰਟਿਆਂ ਮਗਰੋਂ ਉਸ ਨੂੰ ਚੁੱਕਿਆ। ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਅਤਿ ਦੀ ਗਰਮੀ ਦੌਰਾਨ ਫਰੀਦਕੋਟ ਵਿੱਚ ਪਿਛਲੇ ਇੱਕ ਮਹੀਨੇ ਤੋਂ 47 ਤੋਂ 48 ਡਿਗਰੀ ਸੈਲਸੀਅਸ ਤੱਕ ਤਾਪਮਾਨ ਬਣਿਆ ਹੋਇਆ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਸਵੇਰੇ 10 ਵਜੇ ਤੋਂ 3 ਵਜੇ ਤੱਕ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।

Advertisement
Author Image

joginder kumar

View all posts

Advertisement
Advertisement
×