ਰੇਲਵੇ ਨੇ ਵਿਨੇਸ਼ ਤੇ ਬਜਰੰਗ ਦਾ ਅਸਤੀਫ਼ਾ ਸਵੀਕਾਰਿਆ
ਨਵੀਂ ਦਿੱਲੀ, 9 ਸਤੰਬਰ
ਰੇਲਵੇ ਨੇ ਅੱਜ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੇ ਅਸਤੀਫ਼ੇ ਸਵੀਕਾਰ ਲਏ ਹਨ। ਅੱਜ ਜਾਰੀ ਕੀਤੇ ਗਏ ਵੱਖੋ-ਵੱਖਰੇ ਨੋਟਿਸ ਵਿੱਚ ਉੱਤਰੀ ਰੇਲਵੇ ਨੇ ਕਿਹਾ ਕਿ ਛੇ ਸਤੰਬਰ ਨੂੰ ਦਿੱਤੇ ਗਏ ਉਨ੍ਹਾਂ ਦੇ ਅਸਤੀਫ਼ੇ ਨੂੰ ‘ਸਮਰੱਥ ਅਥਾਰਟੀ ਵੱਲੋਂ ਤੁਰੰਤ ਪ੍ਰਭਾਵ ਨਾਲ ਸਵੀਕਾਰ ਕਰ ਲਿਆ ਗਿਆ ਹੈ।’ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਦੋਵੇਂ ਹਾਲ ਹੀ ਵਿੱਚ ਕਾਂਗਰਸ ’ਚ ਸ਼ਾਮਲ ਹੋਏ ਹਨ। ਫੋਗਾਟ ਨੂੰ ਜੁਲਾਨਾ ਵਿਧਾਨ ਸਭਾ ਹਲਕੇ ਤੋਂ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਲਈ ਪਾਰਟੀ ਤਰਫ਼ੋਂ ਟਿਕਟ ਦਿੱਤੀ ਗਈ ਹੈ। ਉੱਤਰੀ ਰੇਲਵੇ ਨੇ ਦੋਵਾਂ ਮਾਮਲਿਆਂ ਵਿੱਚ ਤਿੰਨ ਮਹੀਨਿਆਂ ਦੇ ਨੋਟਿਸ ਪੀਰੀਅਡ ਦੀ ਵਿਵਸਥਾ ਵਿੱਚ ਢਿੱਲ ਦਿੱਤੀ ਹੈ। ਕਿਆਸ ਲਗਾਏ ਜਾ ਰਹੇ ਸੀ ਕਿ ਨੋਟਿਸ ਪੀਰੀਅਡ ਦੇ ਮਾਪਦੰਡ ਕਾਰਨ ਫੋਗਾਟ ਚੋਣ ਨਹੀਂ ਲੜ ਸਕੇਗੀ। ਚੋਣ ਨਿਯਮਾਂ ਅਨੁਸਾਰ ਹਰਿਆਣਾ ਵਿੱਚ ਪੰਜ ਅਕਤੂਬਰ ਤੋਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਉਸ ਨੂੰ ਰੇਲਵੇ ਤੋਂ ਅਧਿਕਾਰਕ ਤੌਰ ’ਤੇ ਮੁਕਤ ਹੋਣਾ ਪਵੇਗਾ। ਹੁਣ ਰੇਲਵੇ ਨੇ ਦੋਵਾਂ ਓਲੰਪਿਕ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਹੈ, ਇਸ ਲਈ ਫੋਗਾਟ ਚੋਣਾਂ ਲੜ ਸਕਦੀ ਹੈ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪਾਰਟੀ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਉੱਤਰੀ ਰੇਲਵੇ ਨੇ ਫੋਗਾਟ ਅਤੇ ਪੂਨੀਆ ਨੂੰ ਨੋਟਿਸ ਜਾਰੀ ਕੀਤਾ ਸੀ। -ਪੀਟੀਆਈ