ਝਾਰਖੰਡ ’ਚ ਸੋਰੇਨ ਦੇ ਸਹਾਇਕ ਦੇ ਟਿਕਾਣਿਆਂ ’ਤੇ ਛਾਪੇ
ਰਾਂਚੀ, 9 ਨਵੰਬਰ
ਵਿਧਾਨ ਸਭਾ ਚੋਣਾਂ ਵਾਲੇ ਸੂਬੇ ਝਾਰਖੰਡ ’ਚ ਆਮਦਨ ਕਰ (ਆਈਟੀ) ਵਿਭਾਗ ਨੇ ਅੱਜ ਕਈ ਥਾਵਾਂ ’ਤੇ ਛਾਪੇ ਮਾਰੇ, ਜਿਨ੍ਹਾਂ ’ਚ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਜੁੜੇ ਵਿਅਕਤੀ ਸੁਨੀਲ ਸ੍ਰੀਵਾਸਤਵ ਦੇ ਟਿਕਾਣੇ ਵੀ ਸ਼ਾਮਲ ਹਨ। ਸੂਤਰਾਂ ਨੇ ਕਿਹਾ ਕਿ ਟੈਕਸ ਚੋਰੀ ਦੀ ਜਾਂਚ ਦੇ ਮਾਮਲੇ ’ਚ ਇਹ ਛਾਪੇ ਮਾਰੇ ਗਏ ਹਨ। ਸੂਬੇ ਦੀ ਰਾਜਧਾਨੀ ਰਾਂਚੀ ਅਤੇ ਜਮਸ਼ੇਦਪੁਰ ’ਚ 9 ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਇਨ੍ਹਾਂ ਛਾਪਿਆਂ ਨਾਲ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸਿਆਸਤ ਹੋਰ ਗਰਮਾ ਗਈ ਹੈ ਅਤੇ ਹੁਕਮਰਾਨ ਧਿਰ ਨੇ ਭਾਜਪਾ ’ਤੇ ਬਦਲਾਖੋਰੀ ਦੀ ਸਿਆਸਤ ਕਰਨ ਦੇ ਦੋਸ਼ ਲਾਏ ਹਨ।
ਸੂਤਰਾਂ ਨੇ ਕਿਹਾ ਕਿ ਛਾਪਿਆਂ ਦੌਰਾਨ ਆਮਦਨ ਕਰ ਵਿਭਾਗ ਦੇ ਮੁਲਾਜ਼ਮਾਂ ਨਾਲ ਸੀਆਰਪੀਐੱਫ ਦੀ ਇਕ ਟੀਮ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਸਹਾਇਕ ਸੁਨੀਲ ਸ੍ਰੀਵਾਸਤਵ ਨਾਲ ਜੁੜੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਗਈ। ਸੂਤਰਾਂ ਨੇ ਕਿਹਾ ਕਿ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਸੂਬੇ ’ਚ ਕਥਿਤ ਗ਼ੈਰਕਾਨੂੰਨੀ ਸ਼ਰਾਬ ਕਾਰੋਬਾਰ ਅਤੇ ਮਾਈਨਿੰਗ ਦੇ ਮਾਮਲੇ ’ਚ ਸ਼ੁਰੂ ਕੀਤੀ ਗਈ ਜਾਂਚ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਸੂਬੇ ’ਚ ਦੋ ਗੇੜਾਂ 13 ਅਤੇ 20 ਨਵੰਬਰ ਨੂੰ ਵੋਟਾਂ ਪੈਣੀਆਂ ਹਨ। -ਪੀਟੀਆਈ
ਛਾਪੇ ਕੋਈ ਨਵੀਂ ਗੱਲ ਨਹੀਂ: ਕਾਂਗਰਸ
ਪ੍ਰਦੇਸ਼ ਕਾਂਗਰਸ ਨੇ ਕਿਹਾ ਕਿ ਝਾਰਖੰਡ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। ਕਾਂਗਰਸ ਆਗੂ ਰਾਕੇਸ਼ ਸਿਨਹਾ ਨੇ ਦਾਅਵਾ ਕੀਤਾ, ‘‘ਸੂਬੇ ’ਚ ਵਿਰੋਧੀ ਧਿਰਾਂ ਦੇ ਆਗੂਆਂ ਅਤੇ ਉਨ੍ਹਾਂ ਦੇ ਅਮਲੇ ਦੇ ਟਿਕਾਣਿਆਂ ’ਤੇ ਆਈਟੀ ਦੇ ਛਾਪੇ ਅਕਸਰ ਪੈਂਦੇ ਰਹਿੰਦੇ ਹਨ। ਭਾਜਪਾ ਚੋਣਾਂ ਤੋਂ ਪਹਿਲਾਂ ਆਈਟੀ ਅਤੇ ਈਡੀ ਛਾਪਿਆਂ ਰਾਹੀਂ ਆਪਣੇ ਪੈਰ ਪੱਕੇ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਅਜਿਹੀਆਂ ਕਾਰਵਾਈਆਂ ਨਾਲ ਉਹ ਵਿਰੋਧੀ ਆਗੂਆਂ ’ਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।’’ ਉਧਰ ਭਾਜਪਾ ਤਰਜਮਾਨ ਪ੍ਰਤੁਲ ਸ਼ਾਹਦਿਓ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਹੁਕਮਰਾਨ ਧਿਰ ਛਾਪਿਆਂ ਨੂੰ ਚੋਣਾਂ ਨਾਲ ਕਿਉਂ ਜੋੜ ਰਹੀ ਹੈ। ਉਨ੍ਹਾਂ ਕਿਹਾ ਕਿ ਆਈਟੀ ਵਿਭਾਗ ਦਾ ਬਿਆਨ ਆਉਣ ਤੱਕ ਸਾਰਿਆਂ ਨੂੰ ਉਡੀਕ ਕਰਨੀ ਚਾਹੀਦੀ ਹੈ।