For the best experience, open
https://m.punjabitribuneonline.com
on your mobile browser.
Advertisement

ਰਾਹੁਲ ਨੇ ਭਾਸ਼ਣ ਵਿਚੋਂ ਚੋਣਵੀਂ ਕੱਟ-ਵੱਢ ਬਾਰੇ ਬਿਰਲਾ ਨੂੰ ਪੱਤਰ ਲਿਖਿਆ

06:25 AM Jul 03, 2024 IST
ਰਾਹੁਲ ਨੇ ਭਾਸ਼ਣ ਵਿਚੋਂ ਚੋਣਵੀਂ ਕੱਟ ਵੱਢ ਬਾਰੇ ਬਿਰਲਾ ਨੂੰ ਪੱਤਰ ਲਿਖਿਆ
Advertisement

ਨਵੀਂ ਦਿੱਲੀ, 2 ਜੁਲਾਈ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਸਦਨ ਵਿਚ ਸੋਮਵਾਰ ਨੂੰ ਦਿੱਤੇ ਆਪਣੇ ਭਾਸ਼ਣ ਦੇ ਕੁਝ ‘ਚੋਣਵੇਂ ਹਿੱਸਿਆਂ ਨੂੰ ਰਿਕਾਰਡ ਵਿਚੋਂ ਕੱਢਣ’ ਦੀ ਨਿਖੇਧੀ ਕੀਤੀ ਹੈ। ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਰਿਕਾਰਡ ਵਿਚੋਂ ਕੱਢਣਾ ਸੰਸਦੀ ਜਮਹੂਰੀਅਤ ਦੇ ਸਿਧਾਂਤਾਂ ਦੀ ਖ਼ਿਲਾਫ਼ਵਰਜੀ ਹੈ ਤੇ ਇਨ੍ਹਾਂ (ਟਿੱਪਣੀਆਂ) ਨੂੰ ਬਹਾਲ ਕੀਤਾ ਜਾਵੇ। ਬਿਰਲਾ ਨੂੰ ਲਿਖੇ ਪੱਤਰ ਵਿਚ ਗਾਂਧੀ ਨੇ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਦੀ ਤਕਰੀਰ ਦਾ ਵੀ ਹਵਾਲਾ ਦਿੱਤਾ। ਗਾਂਧੀ ਨੇ ਕਿਹਾ ਕਿ ਠਾਕੁਰ ਦਾ ਭਾਸ਼ਣ ਦੋਸ਼ਾਂ ਨਾਲ ਭਰਿਆ ਸੀ, ਪਰ ਹੈਰਾਨੀ ਹੈ ਕਿ ਇਸ ਵਿਚੋਂ ਸਿਰਫ਼ ਇਕ ਸ਼ਬਦ ਹੀ ਕੱਟਿਆ ਗਿਆ। ਉਨ੍ਹਾਂ ਕਿਹਾ, ‘‘ਇਹ ਚੋਣਵੀਂ ਕੱਟ-ਵੱਢ ਤਰਕ ਦੀ ਉਲੰਘਣਾ ਹੈ।’’ ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦੇ ਆਗੂ ਵਜੋਂ ਆਪਣੀ ਪਹਿਲੀ ਤਕਰੀਰ ਵਿਚ ਭਾਜਪਾ ਨੂੰ ਲੰਮੇ ਹੱਥੀਂ ਲੈਂਦਿਆਂ ਸੱਤਾਧਾਰੀ ਪਾਰਟੀ ਦੇ ਆਗੂਆਂ ’ਤੇ ਲੋਕਾਂ ਨੂੰ ਫਿਰਕੂ ਲੀਹਾਂ ’ਤੇ ਵੰਡਣ ਦਾ ਦੋਸ਼ ਲਾਇਆ ਸੀ। ਗਾਂਧੀ ਨੇ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਜਾਰੀ ਬਹਿਸ ਵਿਚ ਹਿੱਸਾ ਲੈਂਦਿਆਂ ਸੋਮਵਾਰ ਨੂੰ ਕੁਝ ਟਿੱਪਣੀਆਂ ਕੀਤੀਆਂ ਸਨ, ਜਿਨ੍ਹਾਂ ਵਿੱਚ ਕੁਝ ਨੂੰ ਸੰਸਦੀ ਰਿਕਾਰਡ ’ਚੋਂ ਹਟਾ ਦਿੱਤਾ ਗਿਆ। ਗਾਂਧੀ ਨੇ ਬਿਰਲਾ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਚੇਅਰ ਨੂੰ ਸਦਨ ਦੀ ਕਾਰਵਾਈ ’ਚੋਂ ਕੁਝ ਟਿੱਪਣੀਆਂ ਹਟਾਉਣ ਦਾ ਅਧਿਕਾਰ ਹੈ, ਪਰ ਸ਼ਰਤ ਹੈ ਕਿ ਸਿਰਫ਼ ਉਹੀ ਸ਼ਬਦ ਹਟਾਏ ਜਾਣਗੇ, ਜਿਨ੍ਹਾਂ ਦੀ ਖ਼ਸਲਤ ਲੋਕ ਸਭਾ ਵਿਚ ਰੂਲਜ਼ ਆਫ਼ ਪ੍ਰੋਸੀਜ਼ਰ ਤੇ ਕੰਡਕਟ ਆਫ਼ ਬਿਜ਼ਨਸ ਦੇ ਨੇਮ 380 ਵਿਚ ਸਪਸ਼ਟ ਕੀਤੀ ਗਈ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਮੈਨੂੰ ਹਾਲਾਂਕਿ ਇਹ ਜਾਣ ਕੇ ਹੈਰਾਨੀ ਹੋਈ ਕਿ ਮੇਰੇ ਭਾਸ਼ਣਾਂ ਦੇ ਕੁਝ ਚੋਖੇ ਹਿੱਸਿਆਂ ਨੂੰ ਰੱਦ ਕਰਨ ਦੇ ਹਵਾਲੇ ਨਾਲ ਸਦਨ ਦੀ ਕਾਰਵਾਈ ਵਿਚੋਂ ਹਟਾ ਦਿੱਤਾ ਗਿਆ ਹੈ।’’ ਗਾਂਧੀ ਨੇ ਕਿਹਾ, ‘‘ਮੈਂ ਇਹ ਦਾਅਵਾ ਕਰਨ ਲਈ ਮਜਬੂਰ ਹਾਂ ਕਿ ਮੇਰੇ ਭਾਸ਼ਣ ਦੇ ਜਿਨ੍ਹਾਂ ਹਿੱਸਿਆਂ ਨੂੰ ਕਾਰਵਾਈ ’ਚੋਂ ਹਟਾਇਆ ਗਿਆ ਹੈ, ਉਹ ਨੇਮ 380 ਦੇ ਘੇਰੇ ਵਿਚ ਆਉਂਦੇ ਹਨ। ਮੈਂ ਸਦਨ ਨੂੰ ਜਿਹੜਾ ਸੁਨੇਹਾ ਦੇਣਾ ਚਾਹੁੰਦਾ ਸੀ, ਉਹ ਜ਼ਮੀਨੀ ਹਕੀਕਤ ਹੈ ਤੇ ਅਸਲ ਸਥਿਤੀ ਹੈ। ਸਦਨ ਦਾ ਹਰੇਕ ਮੈਂਬਰ, ਜੋ ਲੋਕਾਂ ਦੀ ਸਮੁੱਚੀ ਆਵਾਜ਼ ਨੂੰ ਰੂਪਮਾਨ ਕਰਦਾ ਹੈ, ਉਹ ਭਾਰਤ ਦੇ ਸੰਵਿਧਾਨ ਦੀ ਧਾਰਾ 105(1) ਤਹਿਤ ਮਿਲੀ ਬੋਲਣ ਦੀ ਆਜ਼ਾਦੀ ਦੀ ਪ੍ਰਤੀਨਿਧਤਾ ਕਰਦਾ ਹੈ।’’ ਗਾਂਧੀ ਨੇ ਜ਼ੋਰ ਦੇ ਕੇ ਆਖਿਆ ਕਿ ਇਹ ਹਰੇਕ ਮੈਂਬਰ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਦੇ ਫ਼ਿਕਰਾਂ ਨੂੰ ਸਦਨ ਵਿਚ ਰੱਖੇ। ਉਨ੍ਹਾਂ ਕਿਹਾ, ‘‘ਆਪਣੇ ਇਸੇ ਅਧਿਕਾਰ ਤੇ ਫ਼ਰਜ਼ ਦੀ ਮੈਂ ਲੰਘੇ ਦਿਨ ਪਾਲਣਾ ਕਰ ਰਿਹਾ ਸੀ।’’ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੁਨੀਆ ਵਿਚ ਹੀ ਸੱਚ ਨੂੰ ਬਾਹਰ ਕੱਢਿਆ ਜਾ ਸਕਦਾ ਹੈ, ਪਰ ਹਕੀਕਤ ਵਿਚ ਨਹੀਂ। ਗਾਂਧੀ ਨੇ ਕਿਹਾ, ‘‘ਮੈਂ ਜੋ ਕੁਝ ਕਹਿਣਾ ਸੀ, ਮੈਂ ਕਿਹਾ ਤੇ ਇਹੀ ਸੱਚ ਹੈ। ਉਹ ਜੋ ਚਾਹੁਣ ਕੱਢ ਸਕਦੇ ਹਨ, ਪਰ ਬੋਲਬਾਲਾ ਤਾਂ ਸੱਚ ਦਾ ਹੀ ਰਹੇਗਾ।’’ -ਪੀਟੀਆਈ

Advertisement

ਮਾਣਹਾਨੀ ਮਾਮਲਾ: ਰਾਹੁਲ ਖ਼ਿਲਾਫ਼ ਸੁਣਵਾਈ 26 ਤੱਕ ਟਲੀ

ਸੁਲਤਾਨਪੁਰ: ਸੁਲਤਾਨਪੁਰ ਦੀ ਵਿਸ਼ੇਸ਼ ਅਦਾਲਤ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਣਹਾਨੀ ਮਾਮਲੇ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ 26 ਜੁਲਾਈ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਉਨ੍ਹਾਂ ਨੂੰ ਸੁਣਵਾਈ ਲਈ ਅੱਜ ਪੇਸ਼ ਹੋਣ ਲਈ ਕਿਹਾ ਸੀ ਪਰ ਲੋਕ ਸਭਾ ਸੈਸ਼ਨ ਕਾਰਨ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ। ਰਾਹੁਲ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਨ। ਰਾਹੁਲ ਦੇ ਵਕੀਲ ਕਾਸ਼ੀ ਪ੍ਰਸਾਦ ਸ਼ੁਕਲਾ ਨੇ ਲੋਕ ਸਭਾ ਸੈਸ਼ਨ ਦਾ ਹਵਾਲਾ ਦਿੰਦਿਆਂ ਸੁਣਵਾਈ ਦੀ ਨਵੀਂ ਤਰੀਕ ਮੰਗੀ ਜਿਸ ਮਗਰੋਂ ਜੱਜ ਸ਼ੁਭਮ ਵਰਮਾ ਨੇ ਰਾਹੁਲ ਨੂੰ 26 ਜੁਲਾਈ ਨੂੰ ਅਦਾਲਤ ’ਚ ਪੇਸ਼ ਹੋਣ ਲਈ ਕਿਹਾ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×