ਲੋੜੀਂਦੇ ਨਤੀਜੇ ਨਾ ਮਿਲਣ ’ਤੇ ਰਾਹੁਲ ਲਾਂਭੇ ਹੋਣ ਬਾਰੇ ਸੋਚਣ: ਪ੍ਰਸ਼ਾਂਤ ਕਿਸ਼ੋਰ
ਨਵੀਂ ਦਿੱਲੀ, 7 ਅਪਰੈਲ
ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਸੁਝਾਅ ਦਿੱਤਾ ਹੈ ਕਿ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ ਲੋੜੀਂਦੇ ਨਤੀਜੇ ਨਹੀਂ ਮਿਲਦੇ ਤਾਂ ਰਾਹੁਲ ਗਾਂਧੀ ਨੂੰ ਲਾਂਭੇ ਹੋਣ ਬਾਰੇ ਸੋਚਣਾ ਚਾਹੀਦਾ ਹੈ। ਕਿਸ਼ੋਰ ਨੇ ਕਿਹਾ ਕਿ ਕਾਂਗਰਸ ਤੇ ਇਸ ਦੇ ਹਮਾਇਤੀ ਕਿਸੇ ਵਿਅਕਤੀ ਵਿਸ਼ੇਸ਼ ਨਾਲੋਂ ਵੱਡੇ ਹਨ ਤੇ ਰਾਹੁਲ ਗਾਂਧੀ ਨੂੰ ਉਪਰੋਥੱਲੀ ਮਿਲੀਆਂ ਨਾਕਾਮੀਆਂ ਦੇ ਮੱਦੇਨਜ਼ਰ ਇਹ ਹੱਠਧਰਮੀ ਛੱਡਣੀ ਚਾਹੀਦੀ ਹੈ ਕਿ ਉਨ੍ਹਾਂ ਤੋਂ ਬਿਨਾਂ ਕੋਈ ਹੋਰ ਆਗੂ ਨਤੀਜੇ ਨਹੀਂ ਦੇ ਸਕਦਾ। ਇਸ ਖ਼ਬਰ ਏਜੰਸੀ ਦੇ ਸੰਪਾਦਕਾਂ ਦੇ ਰੂਬਰੂ ਹੁੰਦਿਆਂ ਕਿਸ਼ੋਰ ਨੇ ਕਿਹਾ ਕਿ ਰਾਹੁਲ ਗਾਂਧੀ, ਸਾਰੇ ਵਿਹਾਰਕ ਮੰਤਵਾਂ ਲਈ ਆਪਣੀ ਪਾਰਟੀ ਨੂੰ ਚਲਾ ਰਹੇ ਹਨ ਪਰ ਪਿਛਲੇ ਦਸ ਸਾਲਾਂ ਵਿਚ ਵਾਜਬ ਨਤੀਜੇ ਨਾ ਦੇਣ ਦੀ ਆਪਣੀ ਅਸਮਰੱਥਾ ਦੇ ਬਾਵਜੂਦ ਉਹ ਨਾ ਤਾਂ ਲਾਂਭੇ ਹੋਏ ਹਨ ਤੇ ਨਾ ਹੀ ਉਨ੍ਹਾਂ ਕਿਸੇ ਹੋਰ ਨੂੰ ਅੱਗੇ ਆਉਣ ਦਿੱਤਾ ਹੈ। ਕਿਸ਼ੋਰ ਨੇ ਕਿਹਾ, ‘‘ਮੇਰੇ ਮੁਤਾਬਕ ਇਹ ਗ਼ੈਰ-ਜਮਹੂਰੀ ਹੈ।’’ ਕਾਬਿਲੇਗੌਰ ਹੈ ਕਿ ਕਿਸ਼ੋਰ ਨੇ ਕਾਂਗਰਸ ਦੀ ਸੁਰਜੀਤੀ ਲਈ ਯੋਜਨਾ ਤਿਆਰ ਕੀਤੀ ਸੀ, ਪਰ ਰਣਨੀਤੀ ਅਮਲ ਵਿਚ ਲਿਆਉਣ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਤੇ ਉਨ੍ਹਾਂ ਦਰਮਿਆਨ ਅਸਹਿਮਤੀ ਕਰਕੇ ਉਹ ਇਸ ਜ਼ਿੰਮੇਵਾਰੀ ਤੋਂ ਲਾਂਭੇ ਹੋ ਗਏ ਸਨ। ਕਿਸ਼ੋਰ ਨੇ ਸੋਨੀਆ ਗਾਂਧੀ ਵੱਲੋਂ 1991 ਵਿਚ ਆਪਣੇ ਪਤੀ ਰਾਜੀਵ ਗਾਂਧੀ ਦੀ ਹੱਤਿਆ ਮਗਰੋਂ ਸਿਆਸਤ ਤੋਂ ਦੂਰ ਰਹਿਣ ਦੇ ਲਏ ਫੈਸਲੇ ਨੂੰ ਯਾਦ ਕਰਦਿਆਂ ਕਿਹਾ, ‘‘ਜਦੋਂ ਤੁਸੀਂ ਪਿਛਲੇ ਦਸ ਸਾਲਾਂ ਤੋਂ ਇਕੋ ਕੰਮ ਕਰ ਰਹੇ ਹੋ ਤੇ ਤੁਹਾਨੂੰ ਕੋਈ ਸਫ਼ਲਤਾ ਵੀ ਨਹੀਂ ਮਿਲ ਰਹੀ...ਤਾਂ ਫਿਰ ਬਰੇਕ ਲੈਣ ਵਿਚ ਕੋਈ ਨੁਕਸਾਨ ਨਹੀਂ ਹੈ...ਤੁਹਾਨੂੰ ਕਿਸੇ ਹੋਰ ਨੂੰ ਪੰਜ ਸਾਲ ਇਹ ਕੰਮ ਕਰਨ ਦੀ ਖੁੱਲ੍ਹ ਦੇਣੀ ਚਾਹੀਦੀ ਹੈ। ਤੁਹਾਡੀ ਮਾਂ ਨੇ ਵੀ ਇਹੀ ਕੀਤਾ ਸੀ।’’ ਕਿਸ਼ੋਰ ਨੇ ਕਿਹਾ ਕਿ ਕੁੱਲ ਆਲਮ ਦੇ ਚੰਗੇ ਆਗੂਆਂ ਦਾ ਇਹ ਖਾਸਾ ਹੈ ਕਿ ਉਨ੍ਹਾਂ ਨੂੰ ਆਪਣੀਆਂ ਕਮੀਆਂ ਬਾਰੇ ਪਤਾ ਹੁੰਦਾ ਹੈ ਤੇ ਉਹ ਪੂਰੀ ਸਰਗਰਮੀ ਨਾਲ ਇਨ੍ਹਾਂ ਖੱਪਿਆਂ ਨੂੰ ਪੂਰਨ ਦੀ ਕੋੋੋਸ਼ਿਸ਼ ਕਰਦੇ ਹਨ। ਕਿਸ਼ੋਰ ਨੇ ਕਿਹਾ, ‘‘ਪਰ ਰਾਹੁਲ ਗਾਂਧੀ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਸਭ ਕੁਝ ਪਤਾ ਹੈ। ਪਰ ਜੇਕਰ ਤੁਸੀਂ ਇਹ ਨਹੀਂ ਮੰਨਦੇ ਕਿ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ। ਉਹ (ਗਾਂਧੀ) ਮੰਨਦਾ ਹੈ ਕਿ ਉਸ ਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਹੈ ਜੋ ਉਸ ਵੱਲੋਂ ਸਹੀ ਸਮਝਦੀ ਜਾਂਦੀ ਗੱਲ ਨੂੰ ਅਮਲ ਵਿਚ ਲਿਆ ਸਕੇ। ਇਹ ਸੰਭਵ ਨਹੀਂ ਹੈ।’’ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਮਗਰੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਰਾਹੁਲ ਗਾਂਧੀ ਦੇ ਫੈਸਲੇ ਦੇ ਹਵਾਲੇ ਨਾਲ ਕਿਸ਼ੋਰ ਨੇ ਕਿਹਾ ਕਿ ਵਾਇਨਾਡ ਤੋਂ ਸੰਸਦ ਮੈਂਬਰ ਨੇ ਉਦੋਂ ਲਿਖਿਆ ਸੀ ਕਿ ਉਹ ਲਾਂਭੇ ਹੋ ਕੇ ਕਿਸੇ ਹੋਰ ਨੂੰ ਇਹ ਜ਼ਿੰਮੇਵਾਰੀ ਸੌਂਪੇਗਾ। ਪਰ ਸਚਾਈ ਇਹ ਹੈ ਕਿ ਉਹ ਆਪਣੇ ਲਿਖੇ ਤੋਂ ਉਲਟ ਕਰ ਰਿਹਾ ਹੈ।’’ -ਪੀਟੀਆਈ