For the best experience, open
https://m.punjabitribuneonline.com
on your mobile browser.
Advertisement

ਰਾਹੁਲ ਨੇ ਸ਼ਹੀਦ ਅਗਨੀਵੀਰ ਦੇ ਪਿਤਾ ਦੀ ਵੀਡੀਓ ਕੀਤੀ ਸਾਂਝੀ

07:21 AM Jul 05, 2024 IST
ਰਾਹੁਲ ਨੇ ਸ਼ਹੀਦ ਅਗਨੀਵੀਰ ਦੇ ਪਿਤਾ ਦੀ ਵੀਡੀਓ ਕੀਤੀ ਸਾਂਝੀ
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅਜੈ ਦੇ ਪਰਿਵਾਰਕ ਮੈਂਬਰ।
Advertisement

ਮਹੇਸ਼ ਸ਼ਰਮਾ/ਪੀਟੀਆਈ
ਮੰਡੀ ਅਹਿਮਦਗੜ੍ਹ/ਨਵੀਂ ਦਿੱਲੀ, 4 ਜੁਲਾਈ
ਰਾਹੁਲ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਸ਼ਹੀਦ ਅਗਨੀਵੀਰ ਨੂੰ ਕੇਂਦਰ ਵੱਲੋਂ ਮੁਆਵਜ਼ੇ ਦੇਣ ਦੇ ਕੀਤੇ ਗਏ ਦਾਅਵੇ ’ਤੇ ਮੁੜ ਸਵਾਲ ਚੁੱਕਦਿਆਂ ਸ਼ਹੀਦ ਅਜੈ ਕੁਮਾਰ ਦੇ ਪਿਤਾ ਦੀ ਵੀਡੀਓ ਟਵਿੱਟਰ ’ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਸ਼ਹੀਦ ਦੇ ਪਿਤਾ ਨੇ ਕਿਹਾ ਹੈ,‘‘ ਉਨ੍ਹਾਂ ਨੂੰ ਕੇਂਦਰ ਤੋਂ ਕੋਈ ਪੈਸਾ ਨਹੀਂ ਮਿਲਿਆ ਹੈ। ਸ਼ਹੀਦਾਂ ਦੇ ਪਰਿਵਾਰਾਂ ਨੂੰ ਪੂਰੀ ਸਹਾਇਤਾ ਮਿਲਣੀ ਚਾਹੀਦੀ ਹੈ। ਅਗਨੀਵੀਰ ਯੋਜਨਾ ਬੰਦ ਹੋਣੀ ਚਾਹੀਦੀ ਹੈ ਤੇ ਰੈਗੂਲਰ ਭਰਤੀ ਹੋਣੀ ਚਾਹੀਦੀ ਹੈ। ’’ ਰਾਹੁਲ ਗਾਂਧੀ ਨੇ ਮੰਗ ਕੀਤੀ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸੰਸਦ, ਦੇਸ਼, ਫੌਜ ਅਤੇ ਸ਼ਹੀਦ ਅਗਨੀਵੀਰ ਅਜੈ ਸਿੰਘ ਦੇ ਪਰਿਵਾਰ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਇਸੇ ਦੌਰਾਨ ਅਜੈ ਕੁਮਾਰ ਦੇ ਪਿਤਾ ਚਰਨਜੀਤ ਸਿੰਘ ਤੇ ਮਾਤਾ ਮਨਜੀਤ ਕੌਰ ਨੇ ਮੁਆਵਜ਼ਾ ਰਾਸ਼ੀ ਸਬੰਧੀ ਪੁੱਛਣ ’ਤੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਤੱਕ ਸੂਬਾ ਸਰਕਾਰ ਵੱਲੋਂ ਮਿਲੀ ਇੱਕ ਕਰੋੜ ਰੁਪਏ ਦੀ ਰਾਸ਼ੀ ਤੋਂ ਇਲਾਵਾ ਬੈਂਕ ਤੋਂ ਅਜੈ ਕੁਮਾਰ ਦੇ ਬੀਮੇ ਦੇ ਕਲੇਮ ਦੇ ਪੰਜਾਹ ਲੱਖ ਰੁਪਏ ਮਿਲੇ ਹਨ ਅਤੇ ਭਾਰਤੀ ਫੌਜ ਦਫ਼ਤਰ ਤੋਂ ਸਿਰਫ਼ 48 ਲੱਖ ਰੁਪਏ ਮਿਲੇ ਹਨ ਜਿਸ ਬਾਰੇ ਇਹ ਨਹੀਂ ਪਤਾ ਕਿ ਇਹ ਪੈਸੇ ਕੇਂਦਰ ਸਰਕਾਰ ਨੇ ਭੇਜੇ ਹਨ ਜਾਂ ਕਿਸੇ ਹੋਰ ਵੱਲੋਂ ਆਏ ਹਨ। ਚਰਨਜੀਤ ਸਿੰਘ ਨੇ ਪਰਿਵਾਰ ਦੀ ਮੰਗ ਦੁਹਰਾਈ ਕਿ ਅਗਨੀਵੀਰ ਯੋਜਨਾ ਨੂੰ ਬੰਦ ਕਰਕੇ ਭਰਤੀ ਹੋਏ ਜਵਾਨਾਂ ਨੂੰ ਭਾਰਤੀ ਫੌਜ ਵਾਲੀਆਂ ਸਾਰੀਆਂ ਸਹੂਲਤਾਂ, ਪੈਨਸ਼ਨ, ਕੰਟੀਨ ਦਾ ਕਾਰਡ ਅਤੇ ਸਿਹਤ ਸੁਵਿਧਾਵਾਂ ਆਦਿ ਮਿਲਣੀਆਂ ਚਾਹੀਦੀਆਂ ਹਨ।
ਕਾਂਗਰਸ ਦੇ ਹਲਕਾ ਅਮਰਗੜ੍ਹ ਦੇ ਇੰਚਾਰਜ ਸੁਮਿਤ ਸਿੰਘ ਮਾਨ ਨੇ ਦੋਸ਼ ਲਗਾਇਆ ਕਿ ਮੀਡੀਆ ਦੇ ਇੱਕ ਹਿੱਸੇ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਪਰਿਵਾਰ ਨੂੰ ਪੁੱਠੇ-ਸਿੱਧੇ ਸਵਾਲ ਪੁੱਛ ਕੇ ਤੰਗ ਕੀਤਾ ਜਾ ਰਿਹਾ ਹੈ ਜਦੋਂਕਿ ਬੀਮੇ ਦੇ ਮੁਆਵਜ਼ੇ ਦਾ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕਿਸੇ ਵੀ ਸਹੂਲਤ ਨਾਲ ਕੋਈ ਸਬੰਧ ਨਹੀਂ ਹੈ। ਉਧਰ, ਅੱਜ ਸਵੇਰ ਤੋਂ ਵੱਖ-ਵੱਖ ਥਾਵਾਂ ਤੋਂ ਆਉਣ ਵਾਲੇ ਪੱਤਰਕਾਰਾਂ ਦੇ ਸਵਾਲਾਂ ਮਗਰੋਂ ਪਰਿਵਾਰ ਦੇ ਲਗਪਗ ਸਾਰੇ ਮੈਂਬਰ ਤੈਸ਼ ਵਿੱਚ ਆ ਗਏ ਤੇ ਇੱਕੋ ਗੱਲ ਦੁਹਰਾਉਂਦੇ ਰਹੇ ਕਿ ‘ਸਾਨੂੰ ਸਾਡਾ ਅਜੈ ਮੋੜ ਦਿਉ ਅਸੀਂ ਪੈਸਿਆਂ ਤੋਂ ਕੁੱਝ ਨਹੀਂ ਲੈਣਾ।’
ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਲੋਕ ਸਭਾ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰਾਹੁਲ ਗਾਂਧੀ ਦਰਮਿਆਨ ਅਗਨੀਵੀਰ ਯੋਜਨਾ ਸਬੰਧੀ ਹੋਈ ਬਹਿਸ ਮਗਰੋਂ ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦਾ ਪਿੰਡ ਰਾਮਗੜ੍ਹ ਸਰਦਾਰਾਂ ਕਾਂਗਰਸ ਪਾਰਟੀ ਵੱਲੋਂ ਅਗਨੀਵੀਰ ਸਕੀਮ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦਾ ਕੇਂਦਰ ਬਿੰਦੂ ਬਣ ਗਿਆ ਹੈ। ਜਨਵਰੀ ਵਿੱਚ ਨੌਸ਼ਹਿਰਾ ਸੀਮਾ ’ਤੇ ਫੌਤ ਹੋਏ ਅਜੈ ਕੁਮਾਰ ਦੇ ਪਰਿਵਾਰ ਵੱਲੋਂ ਪਹਿਲਾਂ ਦਿੱਤੇ ਬਿਆਨ ਦੇ ਆਧਾਰ ’ਤੇ ਰਾਹੁਲ ਗਾਂਧੀ ਵੱਲੋਂ ਇਹ ਦੋਸ਼ ਲਗਾਇਆ ਗਿਆ ਸੀ ਕਿ ਮੋਦੀ ਸਰਕਾਰ ਨੇ ਅਜੇ ਨਾ ਤਾਂ ਮ੍ਰਿਤਕ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ ਅਤੇ ਨਾ ਹੀ ਕੋਈ ਮੁਆਵਜ਼ਾ ਦਿੱਤਾ ਹੈ। ਇਸ ਸਬੰਧ ਵਿੱਚ ਅਗਨੀਵੀਰ ਦੇ ਪਿਤਾ ਨੇ ਵੀਡੀਓ ਸੁਨੇਹੇ ਵਿੱਚ ਵੀ ਇਹ ਦੋਸ਼ ਲਗਾਏ ਸਨ। ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਨਕਾਰਦਿਆਂ ਭਾਰਤੀ ਫੌਜ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਹ ਦਾਅਵਾ ਕੀਤਾ ਗਿਆ ਸੀ ਕਿ ਪਰਿਵਾਰ ਨੂੰ ਕਰੀਬ 98 ਲੱਖ ਰੁਪਏ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਹਨ ਅਤੇ ਕਰੀਬ 67 ਲੱਖ ਰੁਪਏ ਦੀ ਹੋਰ ਰਕਮ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਦਿੱਤੀ ਜਾਵੇਗੀ।

Advertisement

Advertisement
Advertisement
Author Image

sanam grng

View all posts

Advertisement