ਰਾਹੁਲ ਨੇ ਮਹੂਆ ਦੇ ਫੁੱਲ ਇਕੱਠੇ ਕਰ ਰਹੀਆਂ ਔਰਤਾਂ ਦਾ ਹਾਲ ਜਾਣਿਆ
ਭੋਪਾਲ, 9 ਅਪਰੈਲ
ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਮੱਧ ਪ੍ਰਦੇਸ਼ ਦੇ ਉਮਰੀਆ ਕਸਬੇ ਨੇੜੇ ਜੰਗਲ ਵਿੱਚ ਮਹੂਆ ਦੇ ਫੁੱਲ ਇਕੱਠੇ ਕਰ ਰਹੀਆਂ ਔਰਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਚੁਣੌਤੀਆਂ ਬਾਰੇ ਪੁੱਛਿਆ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਇਹ ਜਾਣਕਾਰੀ ਦਿੱਤੀ। ਇਸ ਮੌਕੇ ਔਰਤਾਂ ਨੇ ਰਾਹੁਲ ਨਾਲ ਤਸਵੀਰਾਂ ਵੀ ਖਿਚਵਾਈਆਂ। ਸੋਮਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਦਿਆਂ ਮੱਧ ਪ੍ਰਦੇਸ਼ ਦੇ ਸਿਓਨੀ ਅਤੇ ਮੰਡਲਾ ਜ਼ਿਲ੍ਹਿਆਂ ਵਿੱਚ ਰੈਲੀ ਨੂੰ ਸੰਬੋਧਨ ਕੀਤਾ ਸੀ। ਜਦੋਂ ਰਾਹੁਲ ਅੱਜ ਉਮਰੀਆ ਕਸਬੇ ਵਿੱਚ ਜੰਗਲ ਨੇੜਿਓਂ ਲੰਘ ਰਹੇ ਸਨ ਤਾਂ ਉਨ੍ਹਾਂ ਕੁਝ ਔਰਤਾਂ ਨੂੰ ਮਹੂਆ ਦੇ ਫੁੱਲ ਇਕੱਠੇ ਕਰਦੇ ਦੇਖਿਆ। ਕਾਂਗਰਸ ਆਗੂ ਨੇ ਕਿਹਾ, ‘‘ਜੰਗਲ ’ਚ ਮਹੂਆ ਦੇ ਫੁੱਲ ਇਕੱਠੇ ਕਰਦੀਆਂ ਔਰਤਾਂ ਨੂੰ ਦੇਖਦਿਆਂ ਹੀ ਰਾਹੁਲ ਨੇ ਆਪਣਾ ਵਾਹਨ ਰੋਕਿਆ ਅਤੇ ਉਨ੍ਹਾਂ ਨਾਲ ਗਲੱਬਾਤ ਕਰ ਕੇ ਸਮੱਸਿਆਵਾਂ ਤੇ ਚੁਣੌਤੀਆਂ ਬਾਰੇ ਪੁੱਛਿਆ। ਬਾਅਦ ਵਿੱਚ ਉਹ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਏ।’’
ਕਿਸੇ ਕਾਰਨ ਸੋਮਵਾਰ ਨੂੰ ਰਾਹੁਲ ਦਾ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ ਜਿਸ ਕਰਕੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਸ਼ਾਹਡੋਲ ਜ਼ਿਲ੍ਹੇ ’ਚ ਰਾਤ ਕੱਟਣੀ ਪਈ। ਭਾਜਪਾ ਦੇ ਸੀਨੀਅਰ ਆਗੂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੀਤੀ ਸ਼ਾਮ ਤਨਜ਼ ਕਸਦਿਆਂ ਦਾਅਵਾ ਕੀਤਾ ਸੀ ਕਿ ਰਾਹੁਲ ਦੀ ਪਾਰਟੀ ਅਤੇ ਉਨ੍ਹਾਂ ਦੇ ਹੈਲੀਕਾਪਟਰ ਦਾ ਤੇਲ ਖਤਮ ਹੋ ਗਿਆ ਹੈ। -ਪੀਟੀਆਈ